
ਕੋਵਿਡ -19 ਦੇ ਪ੍ਰਬੰਧਨ ਲਈ ਸੁਪਰ ਸਪੈਸ਼ਲਿਸਟ ਤੇ ਮਾਹਰ ਡਾਕਟਰਾਂ, ਨਰਸਾਂ ਅਤੇ ਹੋਰ ਪੈਰਾਮੈਡਿਕਸ ਦੀਆਂ 1822 ਅਸਾਮੀਆਂ ਵਿਸ਼ੇਸ਼ ਤੌਰ 'ਤੇ ਮਨਜ਼ੂਰ ਕੀਤੀਆਂ ਗਈਆਂ।
ਚੰਡੀਗੜ੍ਹ: ਪੰਜਾਬ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਕੋਵਿਡ -19 ਵਿਰੁੱਧ ਲੜਾਈ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਸ਼ਾਨਦਾਰ ਕੰਮ ਕੀਤਾ ਗਿਆ। ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ 1494 ਆਈਸੋਲੇਸ਼ਨ ਬੈੱਡ ਅਤੇ 374 ਆਈਸੀਯੂ + ਡੀਐਚਯੂ ਬੈੱਡਾਂ ਸਮੇਤ 3711 ਬੈੱਡ ਪ੍ਰਦਾਨ ਕਰਕੇ ਤਿਆਰੀਆਂ ਵਿਚ ਮੋਹਰੀ ਰਹੇ ਜਿਹਨਾਂ ਦੀ ਗਿਣਤੀ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ।
Om Parkash Soni
10,000 ਤੋਂ ਵੱਧ ਕੋਵਿਡ-19 ਪਾਜੇਟਿਵ ਮਰੀਜ਼ ਆਈਸੋਲੇਸ਼ਨ ਵਾਰਡਾਂ ਵਿਚ ਦਾਖ਼ਲ ਹੋਏ ਅਤੇ 8500 ਤੋਂ ਵੱਧ ਮਰੀਜ਼ ਠੀਕ ਹੋ ਗਏ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ ਕੋਵਿਡ-19 ਪਾਜੇਟਿਵ ਮਰੀਜ਼ਾਂ ਲਈ ਸਮਰਪਿਤ ਲੇਬਰ ਰੂਮ ਅਤੇ ਆਈਸੋਲੇਸ਼ਨ ਵਾਰਡ ਸਥਾਪਿਤ ਕੀਤੇ ਗਏ ਹਨ।
Covid 19
ਵਿਭਾਗ ਨੇ ਕੋਵਿਡ-19 ਸਥਿਤੀ ਦੇ ਪ੍ਰਬੰਧਨ ਲਈ ਉਪਲਬਧ ਸਹੂਲਤਾਂ ਦੀ ਪਛਾਣ ਕਰਨ ਅਤੇ ਲੋੜ ਪੈਣ 'ਤੇ ਉਨ੍ਹਾਂ ਨੂੰ ਵਾਧੂ ਸਰੋਤ ਮੁਹੱਈਆ ਕਰਵਾਉਣ ਲਈ 76 ਮਾਪਦੰਡਾਂ ਦੇ ਪੈਮਾਨੇ 'ਤੇ ਤਕਰੀਬਨ 250 ਨਿੱਜੀ ਹਸਪਤਾਲਾਂ ਦਾ ਵਿਆਪਕ ਸਰਵੇਖਣ ਕੀਤਾ। ਸੂਬਾ ਸਰਕਾਰ ਵਲੋਂ ਕੋਵਿਡ -19 ਮਹਾਂਮਾਰੀ ਦੇ ਪ੍ਰਬੰਧਨ ਲਈ ਸੁਪਰ ਸਪੈਸ਼ਲਿਸਟ ਤੇ ਮਾਹਰ ਡਾਕਟਰਾਂ, ਨਰਸਾਂ ਅਤੇ ਹੋਰ ਪੈਰਾਮੈਡਿਕਸ ਦੀਆਂ 1822 ਅਸਾਮੀਆਂ ਵਿਸ਼ੇਸ਼ ਤੌਰ 'ਤੇ ਮਨਜ਼ੂਰ ਕੀਤੀਆਂ ਗਈਆਂ।
ਇਕ ਮਾਹਰ ਸਮੂਹ ਸੂਬੇ ਵਿਚ ਤੀਜੇ ਦਰਜੇ ਦੀ ਸੇਵਾਵਾਂ ਦੀ ਨਿਯਮਿਤ ਤੌਰ 'ਤੇ ਨਿਗਰਾਨੀ ਕਰਦਾ ਹੈ। ਸੂਬੇ ਵਿੱਚ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਵਾਸਤੇ ਆਰਟੀ-ਪੀਸੀਆਰ ਟੈਸਟਿੰਗ ਲਈ ਪ੍ਰਤੀ ਦਿਨ 26500 ਟੈਸਟਾਂ ਦੀ ਸਮਰੱਥਾ ਵਾਲੀਆਂ ਸੱਤ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ। ਹੁਣ ਤੱਕ ਕੁੱਲ 27,34,826 ਟੈਸਟ ਕੀਤੇ ਜਾ ਚੁੱਕੇ ਹਨ।
Punjab Govt
ਸੋਨੀ ਨੇ ਕਿਹਾ ਕਿ ਜੀਐਮਸੀਐਸ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ ਤਿੰਨ ਪਲਾਜ਼ਮਾ ਬੈਂਕ ਸਥਾਪਤ ਕੀਤੇ ਗਏ ਹਨ। ਇਹਨਾਂ ਜੀ.ਐੱਮ.ਸੀ.ਐੱਸ. ਦੀ ਸਹਾਇਤਾ ਨਾਲ ਪੰਜਾਬ ਭਰ ਵਿੱਚ ਪਲਾਜ਼ਮਾ ਦੀਆਂ 158 ਯੂਨਿਟ ਇਕੱਤਰ ਕੀਤੀਆਂ ਗਈਆਂ। ਪਲਾਜ਼ਮਾ ਨਿੱਜੀ ਹਸਪਤਾਲਾਂ ਦੁਆਰਾ ਮੁਫ਼ਤ ਪ੍ਰਦਾਨ ਕੀਤਾ ਗਿਆ ਅਤੇ ਮਹਾਂਮਾਰੀ ਦੌਰਾਨ ਓਪੀਡੀਜ਼ ਕਾਰਜਸ਼ੀਲ ਰਹੀਆਂ। ਸਾਰੀਆਂ ਪ੍ਰਕਿਰਿਆਵਾਂ ਦੌਰਾਨ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐਸਓਪੀਜ਼) ਦੀ ਪਾਲਣਾ ਕੀਤੀ ਗਈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ, ਪਟਿਆਲਾ ਵਿਖੇ ਸਥਿਤ ਸੁਪਰ ਸਪੈਸ਼ਲਿਟੀ ਬਲਾਕ ਨੂੰ ਭਾਰਤ ਸਰਕਾਰ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਅਧੀਨ ਗ੍ਰੀਨ ਰੇਟਿੰਗ ਇੰਟੀਗ੍ਰੇਟਿਡ ਹੈਬੀਟੈਟ ਅਸੈਸਮੈਂਟ (ਜੀਆਰਆਈਐਚਏ) ਦੁਆਰਾ 'ਥ੍ਰੀ ਸਟਾਰ' ਪ੍ਰੋਵੀਜ਼ਨਲ ਵੀ3.1 ਰੇਟਿੰਗ ਦਿੱਤੀ ਗਈ ਹੈ।