
82 ਸਾਲਾ ਸੰਘਰਸ਼ੀ ਯੋਧਾ ਅਪਣੇ ਪੜਪੋਤੇ ਤੇ ਪੜਪੋਤੀ ਨਾਲ
ਕਿਹਾ, ਘਰੋਂ ਸਿਰ 'ਤੇ ਚਿੱਟਾ ਸਾਫ਼ਾ (ਕਫਨ) ਰੱਖ ਕੇ ਤੁਰੇ ਸਾਂ, ਮੋਰਚਾ ਫ਼ਤਿਹ ਕਰ ਕੇ ਹੀ ਪਰਤਾਂਗੇ
ਨਵੀਂ ਦਿੱਲੀ, 28 ਦਸੰਬਰ (ਸਪੋਮਸਮੈਨ ਸਮਾਚਾਰ ਸੇਵ) : ਕਿਸਾਨੀ ਸੰਘਰਸ਼ ਆਪਣੀਆਂ ਵਿਲੱਖਣ ਪੈੜਾਂ ਅਤੇ ਸੁਨਹਿਰੀ ਇਤਿਹਾਸ ਸਿਰਜਦਾ ਹੋਇਆ ਅਪਣੀ ਜਿੱਤ ਵੱਲ ਵਧਦਾ ਜਾ ਰਿਹਾ ਹੈ | ਸੰਘਰਸ਼ੀ ਯੋਧਿਆਂ ਵਲੋਂ ਸਿਰਜੇ ਜਾ ਰਹੇ ਇਤਿਹਾਸ ਦੀਆਂ ਵਾਰਾਂ ਆਉਂਦੇ ਸਮੇਂ ਗਾਇਆ ਜਾਇਆਂ ਕਰਨਗੀਆਂ |
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਹਰਬੰਸ ਸਿੰਘ ਕੌੜਾ ਜ਼ਿਲ਼੍ਹਾ ਪ੍ਰਧਾਨ ਬਲਾਕ ਮੱਲਾਵਾਲਾ ਨੇ ਦਸਿਆ ਕਿ ਮੇਰੀ ਉਮਰ ਇਸ ਵੇਲੇ 82 ਸਾਲ ਹੈ ਅਤੇ ਜਦੋਂ ਮੈਂ ਦਿੱਲੀ ਲਈ ਘਰੋਂ ਰਵਾਨਾ ਹੋਇਆ ਤਾਂ ਮੇਰੇ ਦੋ ਪੜਪੋਤੇ ਤੇ ਪੜਪੋਤੀ ਮੇਰੀਆਂ ਲੱਤਾਂ ਨੂੰ ਚਿੰਬੜ ਗਏ ਅਤੇ ਪੁਛਣ ਲੱਗੇ ਕਿ ਤੁਸੀਂ ਕਿੱਥੇ ਜਾ ਰਹੇ ਹੋ? ਹਰਬੰਸ ਸਿੰਘ ਕੋੜਾ ਮੁਤਾਬਕ ਉਨ੍ਹਾਂ ਨੇ ਅਪਣੇ ਸਿਰ 'ਤੇ ਚਿੱਟਾ ਸਾਫਾ ਰੱਖ ਕੇ ਅਪਣੀ ਚੌਥੀ ਪੀੜ੍ਹੀ ਦੇ ਵਾਰਸਾਂ ਨੂੰ ਆਖਿਆ ਮੈਂ ਸਿਰ 'ਤੇ ਕਫਨ ਬੰਨ੍ਹ ਕੇ ਤੁਰਿਆ ਹਾਂ | ਮੈਂ ਵਾਪਸ ਪਰਤਾਂਗਾ ਜਾਂ ਨਹੀਂ, ਇਸ ਬਾਰੇ ਕੁੱਝ ਪਤਾ ਨਹੀਂ ਹੈ | ਮੈਂ ਤੁਹਾਡੇ ਭਵਿੱਖ ਦੀ ਲੜਾਈ ਲੜਨ ਜਾ ਰਿਹਾ | ਸੋ ਸਾਡੀ ਮੋਦੀ ਨੂੰ ਵੀ ਇਹੀ ਸਲਾਹ ਹੈ ਕਿ ਉਹ ਸਾਫਾ ਚੁੱਕ ਕੇ ਚਲਿਆ ਜਾਵੇ, ਕਿਉਂਕਿ ਉਸ ਕੋਲ ਹੁਣ ਹੋਰ ਕੋਈ ਚਾਰਾ ਨਹੀਂ ਹੈ |
ਇਸ ਬਾਬੇ ਨੇ ਪੜਪੋਤਿਆਂ ਦੀ ਯਾਦ ਆਉਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਂ ਅੱਠ ਦਿਨ ਫਿਰੋਜ਼ਪੁਰ ਟੇਸ਼ਨ 'ਤੇ ਮੋਰਚੇ ਵਿਚ ਰਿਹਾ ਸਾਂ | ਜਦੋਂ ਮੇਰੇ ਸਾਥੀ ਮੈਨੂੰ ਬੁਲਾਉਣ ਆਉਂਦੇ ਸਨ ਤਾਂ ਰੌ ਪੈਂਦੇ ਸਨ | ਸਪੋਕਸਮੈਨ ਟੀਵੀ ਦੇ ਪੱਤਰਕਾਰ ਵਲੋਂ ਇਸ ਬਾਬੇ ਦੇ ਉਸ ਦੇ ਪੜਪੋਤਿਆ ਨਾਲ ਵੀਡੀਓ ਕਾਲ ਕਰਵਾਈ | ਦੋਵੇਂ ਪਾਸਿਉਂ ਜਜ਼ਬਾਤੀ ਦੁਆ-ਸਲਾਮ ਹੋਈ | ਬਾਬੇ ਨੇ ਪੜਪੋਤਿਆਂ ਨੂੰ ਮੁੜ ਜਜ਼ਬਾਤੀ ਸ਼ਬਦ ਬੋਲੇ ਜਿਸ ਤੋਂ ਬਾਅਦ ਦੋਵੇਂ ਪਾਸੇ ਮਾਹੌਲ ਗਮਗੀਨ ਹੋ ਗਿਆ | ਅੱਖਾਂ ਭਰ ਕੇ ਅਪਣੀ ਚੌਥੀ ਪੀੜ੍ਹੀ ਨੂੰ ਮੁਖਾਤਿਬ ਹੁੰਦਿਆਂ ਇਸ ਬਾਬੇ ਮੋਰਚਾ ਫਤਿਹ ਕਰ ਕੇ ਹੀ ਵਾਪਸ ਪਰਤਣ ਦਾ ਧਰਵਾਸਾ ਦਿਤਾ ਜਦਕਿ ਦੂਜੇ ਪਾਸੇ ਬਾਬੇ ਦੇ ਪੜਪੋਤਿਆਂ ਨੇ ਉਨ੍ਹਾਂ ਬਗੈਰ ਦਿਲ ਨਾ ਲੱਗਣ ਦੀ ਗੱਲ ਕਹੀ |
ਫ਼ੋਟੋ : ਹਰਬੰਸ ਸਿੰਘ ਕੌੜਾ