Punjab Weather Update: ਅੱਜ ਕਈ ਥਾਈ ਧੁੰਦ ਪੈਣ ਕਾਰਨ ਵਿਜੀਬਿਲਟੀ ਜ਼ੀਰੋ
ਚੰਡੀਗੜ੍ਹ : ਪੰਜਾਬ ਤੇ ਹਰਿਆਣਾਂ ’ਚ ਲਗਾਤਾਰ ਠੰਡ ਦੇ ਨਾਲ-ਨਾਲ ਧੁੰਦ ਦਾ ਕਹਿਰ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਹਰਿਆਣਾ ’ਚ ਐਤਵਾਰ ਨੂੰ ਵੀ ਕੜਾਕੇ ਦੀ ਠੰਢ ਜਾਰੀ ਰਹੀ ਅਤੇ ਹਿਸਾਰ ’ਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਸਥਾਨਕ ਮੌਸਮ ਵਿਭਾਗ ਮੁਤਾਬਕ ਹਰਿਆਣਾ ਦੇ ਹਿਸਾਰ ’ਚ ਘੱਟੋ-ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਭਾਰਤੀ ਮੌਸਮ ਵਿਭਾਗ (ਆਈਐਮਡੀ) ਵਲੋਂ ਪੰਜਾਬ ਲਈ ਜ਼ਿਲ੍ਹਾਵਾਰ ਮੌਸਮ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਅੱਜ ਤੋਂ 1 ਜਨਵਰੀ ਤਕ ਸੂਬੇ ਦੇ ਵੱਖ-ਵੱਖ ਹਿਸਿਆਂ ਵਿਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੋੜੀਂਦੇ ਇੰਤਜ਼ਾਮ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਸੰਗਰੂਰ ਅਤੇ ਰੋਪੜ ਸਮੇਤ ਕਈ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦੀ ਚੇਤਾਵਨੀ ਦਿਤੀ ਗਈ ਹੈ, ਜਦਕਿ ਕੁਝ ਇਲਾਕਿਆਂ ਵਿਚ ਬਹੁਤ ਸੰਘਣੀ ਧੁੰਦ ਵੀ ਛਾਈ ਰਹਿ ਸਕਦੀ ਹੈ।
ਇਸ ਦੌਰਾਨ ਦ੍ਰਿਸ਼ਤਾ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ। 30 ਅਤੇ 31 ਦਸੰਬਰ ਨੂੰ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ- ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ ਅਤੇ ਮਾਨਸਾ ਵਿਚ ਮੌਸਮ ਕੁਝ ਹੱਦ ਤਕ ਸੁਧਰਨ ਦੀ ਉਮੀਦ ਹੈ ਅਤੇ ਇਨ੍ਹਾਂ ਇਲਾਕਿਆਂ ਨੂੰ ‘ਕੋਈ ਚੇਤਾਵਨੀ ਨਹੀਂ’ ਵਾਲੀ ਸ਼੍ਰੇਣੀ ਵਿਚ ਰਖਿਆ ਗਿਆ ਹੈ।
ਹਾਲਾਂਕਿ ਮਾਝਾ ਅਤੇ ਦੋਆਬਾ ਖੇਤਰਾਂ ਵਿਚ ਧੁੰਦ ਦੀ ਸਥਿਤੀ ਬਣੀ ਰਹਿ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 1 ਜਨਵਰੀ 2026 ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਧੁੰਦ ਅਤੇ ਕੋਲਡ ਵੇਵ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਰਾਤ ਦੇ ਤਾਪਮਾਨ ਵਿਚ ਹੋਰ ਗਿਰਾਵਟ ਆ ਸਕਦੀ ਹੈ, ਜਿਸ ਨਾਲ ਠੰਢ ਦਾ ਅਸਰ ਹੋਰ ਤੇਜ਼ ਹੋਵੇਗਾ। ਮੌਸਮ ਵਿਭਾਗ ਨੇ ਡਰਾਈਵਰਾਂ ਨੂੰ ਧੁੰਦ ਦੌਰਾਨ ਖਾਸ ਸਾਵਧਾਨੀ ਵਰਤਣ, ਵਾਹਨਾਂ ਦੀ ਰਫ਼ਤਾਰ ਘੱਟ ਰੱਖਣ ਅਤੇ ਧੁੰਦ ਲਾਈਟਾਂ ਦੀ ਵਰਤੋਂ ਕਰਨ ਦੀ ਸਲਾਹ ਦਿਤੀ ਹੈ।
