ਕਿਹਾ : ਅਪ੍ਰੇਸ਼ਨ ਸਿੰਧੂਰ ਦੌਰਾਨ ਫ਼ੌਜੀਆਂ ਦੀ ਸੇਵਾ ਕਰਦੇ ਸਮੇਂ ਮੈਨੂੰ ਨਹੀਂ ਲਗਦਾ ਸੀ ਡਰ
ਤਰਾਂਵਾਲੀ : ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤਰ੍ਹਾਂ ਵਾਲੀ ਦੇ 11 ਸਾਲ ਦੇ ਸ਼੍ਰਵਨ ਸਿੰਘ ਨੂੰ ਬੀਤੇ ਦਿਨੀਂ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸਨਮਾਨਿਤ ਕੀਤਾ ਗਿਆ। ਅਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਫ਼ੌਜ ਦੀ ਚਾਹ, ਦੁੱਧ, ਲੱਸੀ ਅਤੇ ਰੋਟੀ ਨਾਲ ਸੇਵਾ ਕਰਨ ਵਾਲੇ 11 ਸਾਲ ਦੇ ਬੱਚੇ ਸ਼੍ਰਵਨ ਸਿੰਘ ਨੂੰ ਭਾਰਤੀ ਫ਼ੌਜ ਦੀ ਸੇਵਾ ਕਰਨ ਬਦਲੇ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਗਿਆ। ਅਪ੍ਰੇਸ਼ਨ ਸਿੰਧੂਰ ਦੌਰਾਨ ਸ਼੍ਰਵਨ ਨੇ ਕਿਹਾ ਸੀ ਕਿ ਜੇਕਰ ਪਾਕਿਤਸਾਨ ਨਾਲ ਜੰਗ ਸ਼ੁਰੂ ਹੁੰਦੀ ਹੈ ਤਾਂ ਉਹ ਭਾਰਤੀ ਫ਼ੌਜ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਵੇਗਾ। ਐਵਾਰਡ ਹਾਸਲ ਕਰਨ ਤੋਂ ਬਾਅਦ ਜਦੋਂ ਸ਼੍ਰਵਨ ਸਿੰਘ ਪਿੰਡ ਪਹੁੰਚਿਆ ਤਾਂ ਪੂਰੇ ਪਿੰਡ ਵਿਚ ਵਿਆਹ ਵਰਗਾ ਮਾਹੌਲ ਸੀ ਅਤੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ। ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਵੱਲੋਂ ਸ਼੍ਰਵਨ ਸਿੰਘ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਬੱਚੇ ਦੀ ਮਾਤਾ ਨੇ ਕਿਹਾ ਕਿ ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਮੇਰਾ ਪੁੱਤਰ ਰਾਸ਼ਟਰਪਤੀ ਤੋਂ ਐਵਾਰਡ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਸ਼ਵਨ ਨੇ ਸਿਰਫ ਸਾਡਾ ਹੀ ਨਾਂ ਉਚਾ ਨਹੀਂ ਕੀਤਾ ਬਲਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ-ਨਾਲ ਸਮੁੱਚੇ ਪੰਜਾਬ ਦਾ ਨਾਂ ਉਚਾ ਕੀਤਾ ਹੈ। ਇਸ ਮੌਕੇ ਸ਼੍ਰਵਨ ਦੇ ਪਿਤਾ ਸੋਨਾ ਸਿੰਘ ਨੇ ਕਿਹਾ ਕਿ ਅਸੀਂ ਸੋਚਿਆ ਹੀ ਨਹੀਂ ਸੀ ਕਿ ਮੇਰਾ ਪੁੱਤਰ ਇੰਨੀ ਛੋਟੇ ਉਮਰੇ ਐਨਾ ਵੱਡਾ ਐਵਾਰਡ ਹਾਸਲ ਕਰੇਗਾ। ਸ਼੍ਰਵਨ ਨੇ ਸਮੁੱਚੇ ਪਿੰਡ ਦੇ ਨਾਲ-ਨਾਲ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਨਾਂ ਉਚਾ ਕਰ ਦਿੱਤਾ ਹੈ।
ਸ਼੍ਰਵਨ ਨੇ ਕਿਹਾ ਕਿ ਮੈਨੂੰ ਹੁਣ ਬਹੁਤ ਇਨਾਮ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਜਦੋਂ ਪ੍ਰਧਾਨ ਮੰਤਰੀ ਨੇ ਮੈਨੂੰ ਪੁੱਛਿਆ ਕਿ ਤੁਸੀਂ ਭਾਰਤੀ ਫ਼ੌਜ ਦੀ ਸੇਵਾ ਕਿਸ ਤਰ੍ਹਾਂ ਕੀਤੀ ਤਾਂ ਮੈਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਮੈਂ ਅਪ੍ਰੇਸ਼ਨ ਸਿੰਧੂਰ ਦੌਰਾਨ ਚਾਹ, ਦੁੱਧ ਅਤੇ ਲੱਸੀ ਨਾਲ ਭਾਰਤੀ ਫ਼ੌਜ ਦੀ ਸੇਵਾ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਕੇ ਮੈਨੂੰ ਬਹੁਤ ਚੰਗਾ ਲੱਗਿਆ। ਜਦੋਂ ਪੱਤਰਕਾਰ ਨੇ ਪੁੱਛਿਆ ਕਿ ਜਦੋਂ ਤੁਸੀਂ ਫ਼ੌਜੀ ਜਵਾਨਾਂ ਲਈ ਚਾਹ, ਦੁੱਧ ਜਾਂ ਲੱਸੀ ਲੈ ਕੇ ਜਾਂਦੇ ਸੀ ਤਾਂ ਤੁਹਾਨੂੰ ਡਰ ਨਹੀਂ ਸੀ ਲਗਦਾ ਤਾਂ ਸ਼੍ਰਵਨ ਨੇ ਕਿਹਾ ਮੈਨੂੰ ਬਿਲਕੁਲ ਵੀ ਡਰ ਨਹੀਂ ਸੀ ਲਗਦਾ। ਇਸ ਮੌਕੇ ਸ਼੍ਰਵਨ ਸਿੰਘ ਨੇ ਵੱਡਾ ਹੋ ਕੇ ਫ਼ੌਜੀ ਅਫ਼ਸਰ ਬਣਨ ਦੀ ਗੱਲ ਵੀ ਆਖੀ।
ਇਸ ਮੌਕੇ ਸ਼੍ਰਵਨ ਦੀ ਭੂਆ ਪਰਮਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੋਂ ਤੱਕ ਮੇਰੀ ਸੋਚ ਜਾਂਦੀ ਹੈ ਸਾਡੇ ਸਕੇ-ਸਬੰਧੀ ’ਚ ਅਜਿਹਾ ਕੋਈ ਬੱਚਾ ਨਹੀਂ ਜਿਸ ਨੂੰ ਇੰਨਾ ਵੱਡਾ ਸਨਮਾਨ ਮਿਲਿਆ ਹੋਵੇ ਅਤੇ ਸਾਡਾ ਨਾਂ ਰੌਸ਼ਨ ਕੀਤਾ ਹੋਵੇ, ਅਜਿਹਾ ਕਰਨ ਵਾਲਾ ਸ਼੍ਰਵਨ ਸਾਡੇ ਖਾਨਦਾਨ ਵਿਚੋਂ ਪਹਿਲਾ ਬੱਚਾ ਹੈ। ਜਿਸ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸ਼੍ਰਵਨ ਦੇ ਦਾਦਾ-ਦਾਦੀ ਵੀ ਖੁਸ਼ੀ ਵਿਚ ਫੁੱਲੇ ਨਹੀਂ ਸਮਾ ਰਹੇ ਸਨ। ਦਾਦਾ ਛਿੰਦਾ ਸਿੰਘ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਸ਼੍ਰਵਨ ਦੇ ਸਨਮਾਨ ਕਰਨ ਹਾਸਲ ਕਰਨ ’ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਅਪ੍ਰੇਸ਼ਨ ਸਿੰਧੂਰ ਦੌਰਾਨ ਸ਼ਵਨ ਨੂੰ ਫ਼ੌਜੀਆਂ ਦੀਆਂ ਸੇਵਾ ਕਰਨ ਤੋਂ ਬਿਲਕੁਲ ਨਹੀਂ ਰੋਕਿਆ ਕਿਉਂਕਿ ਦੇਸ਼ ਦੀ ਸੇਵਾ ਕਰਨ ਵਾਲੇ ਫ਼ੌਜੀ ਜਵਾਨ ਵੀ ਸਾਡੇ ਹੀ ਧੀਆਂ ਪੁੱਤਰ ਹਨ।
