
ਐਸ.ਏ.ਐਸ. ਨਗਰ, 22 ਅਕਤੂਬਰ (ਗੁਰਮੁਖ ਵਾਲੀਆ): ਇੰਡਸਟਰੀਅਲ ਏਰੀਆ ਫ਼ੇਜ਼-8 ਖੇਤਰ ਵਿਚ ਬੀਤੀ ਰਾਤ 9 ਵਜੇ ਉਸ ਵੇਲੇ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ ਜਦ ਸ਼ਹੀਦ ਊਧਮ ਸਿੰਘ ਕਾਲੋਨੀ ਤੋਂ ਟੈਂਪੂ- ਮੋਟਰਸਾਈਕਲਾਂ 'ਤੇ ਸਵਾਰ ਕਰੀਬ 30-35 ਵਿਅਕਤੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਨੇ ਇਕ ਕੇਲੇ ਦੇ ਗੋਦਾਮ 'ਚ ਵੜ ਕੇ ਕਮਲੇਸ਼ ਨਾਂ ਦੇ ਵਰਕਰ ਦੀ ਬੂਰੀ ਤਰ੍ਹਾਂ ਕੁੱਟਮਾਰ ਕਰ ਦਿਤੀ। ਹਮਲਾਵਰਾਂ ਨੇ ਗੋਦਾਮ ਅੰਦਰ ਵੜਦਿਆਂ ਹੀ ਹੱਥਾਂ 'ਚ ਫੜੇ ਡੰਡੇ-ਸੋਟੋ ਨਾਲ ਇਕ ਕਮਰੇ ਦੇ ਸ਼ੀਸ਼ੇ ਤੇ ਫ਼ਰਨੀਚਰ ਤੋੜੇ ਅਤੇ ਗੱਲੇ ਦਾ ਤਾਲਾ ਤੋੜ ਕੇ ਉਸ ਵਿਚੋਂ 2 ਲੱਖ 20 ਹਜ਼ਾਰ ਰੁਪਏ ਵੀ ਕੱਢ ਲਏ ਅਤੇ ਜਾਂਦੇ ਹੋਏ ਇਕ ਮੋਬਾਈਲ ਵੀ ਲੈ ਗਏ। ਹਮਲਵਰਾਂ ਨੇ ਕੁੱਝ ਨੋਟ ਮੌਕੇ 'ਤੇ ਪਾੜ ਕੇ ਸੁੱਟ ਦਿਤੇ।
ਇਹ ਲੜਾਈ ਤਕਰੀਬਨ ਡੇਢ ਘੰਟਾ ਚੱਲੀ ਅਤੇ ਉਸ ਦੌਰਾਨ ਇੰਡਸਟਰੀਅਲ ਏਰੀਆ ਚੌਕੀ ਪੁਲਿਸ ਨੂੰ ਮਾਮਲੇ ਬਾਰੇ ਪਤਾ ਵੀ ਚਲ ਗਿਆ ਪਰ ਮੌਕੇ 'ਤੇ ਪਹੁੰਚੀ ਪੁਲਿਸ ਹਮਲਾਵਰਾਂ ਦੇ ਹੱਥਾਂ 'ਚ ਫੜੇ ਹਥਿਆਰਾਂ ਨੂੰ ਵੇਖ ਕੇ ਮੂਕ ਦਰਸ਼ਕ ਬਣ ਗਈ ਅਤੇ ਇਕ ਪਾਸੇ ਖੜੇ ਹੋ ਕੇ ਹੰਗਾਮਾ ਹੁੰਦਿਆਂ ਵੇਖਦੀ ਰਹੀ। ਜਦੋਂ ਗੋਦਾਮ ਮਾਲਕ ਮਨੋਹਰ ਅਤੇ ਵਰਕਰਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕੀਤੀ ਤਾਂ ਪੁਲਿਸ ਨੇ ਮਾਮਲਾ ਵਧਦਾ ਵੇਖ ਮੌਕੇ ਤੋਂ ਪੰਜ ਕੁ ਵਿਅਕਤੀਆਂ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਅਤੇ ਚੌਕੀ ਲੈ ਗਏ। ਪਰ ਗੋਦਾਮ ਮਾਲਕ ਮਨੋਹਰ ਦਾ ਦੋਸ਼ ਹੈ ਕਿ ਇੰਡਸਟਰੀਅਲ ਏਰੀਆ ਚੌਕੀ ਪੁਲਿਸ ਨੇ ਬਿਨਾਂ ਕਾਰਵਾਈ ਕੀਤੇ ਰਾਤ ਨੂੰ ਹੀ ਕਾਬੂ ਕੀਤੇ ਵਿਅਕਤੀਆਂ ਨੂੰ ਛੱਡ ਦਿਤਾ ਅਤੇ ਉਲਟਾ ਉਨ੍ਹਾਂ ਉਪਰ ਦਬਾਅ ਬਣਾਉਣ ਦੀ ਕੋਸ਼ੀਸ਼ ਕੀਤੀ। ਹਮਲੇ 'ਚ ਜ਼ਖ਼ਮੀ ਹੋਏ ਵਰਕਰ ਕਮਲੇਸ਼ ਨੇ ਦਸਿਆ ਕਿ ਉਹ ਇਨ੍ਹਾਂ ਹਮਲਾਵਰਾਂ 'ਚ ਸ਼ਾਮਲ ਸਲੀਮ ਨਾਂ ਦੇ ਇਕ ਵਿਅਕਤੀ ਦਾ ਜਾਣਕਾਰ ਹੈ। ਉਸ ਨੇ ਕਿਹਾ ਕਿ ਸਲੀਮ ਸ਼ਹੀਦ ਊਧਮ ਸਿੰਘ ਕਾਲੋਨੀ ਵਿਚ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ।
30-35 ਵਿਅਕਤੀਆਂ ਨੇ ਕੇਲੇ ਦੇ ਗੋਦਾਮ 'ਚ ਵੜ ਕੇ ਵਰਕਰ ਨਾਲ ਕੀਤੀ ਕੁੱਟਮਾਰਉਸ ਨੇ ਦਸਿਆ ਕਿ ਕਿਸੇ ਗੱਲ ਨੂੰ ਲੈ ਕੇ ਸਲੀਮ ਦੀ ਉਸ ਨਾਲ ਵਿਗੜ ਗਈ ਅਤੇ ਸ਼ਨਿਚਰਵਾਰ ਰਾਤ ਸਲੀਮ ਨੇ ਅਪਣੇ ਸਾਥੀਆਂ ਨਾਲ ਉਸ ਨੂੰ ਘੇਰ ਕੇ ਕੁੱਟਮਾਰ ਕਰਨ ਦੀ ਕੋਸ਼ੀਸ਼ ਕੀਤੀ ਪਰ ਉਸ ਨਾਲ ਵੀ ਬੰਦੇ ਹੋਣ ਕਰ ਕੇ ਉਹ ਮੌਕੇ ਤੋਂ ਭੱਜ ਗਏ। ਬਾਅਦ ਵਿਚ 30 -35 ਵਿਅਕਤੀ ਜਿਨ੍ਹਾਂ ਵਿਚ ਔਰਤਾਂ ਵੀ ਸਨ, ਟੈਂਪੂ ਅਤੇ ਮੋਟਰਸਾਈਕਲਾਂ 'ਤੇ ਉਸ ਦੇ ਗੋਦਾਮ 'ਚ ਆ ਵੜੇ ਅਤੇ ਉਸ 'ਤੇ ਹਮਲਾ ਕਰ ਕੇ ਗੋਦਾਮ ਵਿੱਚ ਵੀ ਤੋੜ-ਭੰਨ ਕੀਤੀ। ਪੁਲਿਸ ਕਾਰਵਾਈ ਨਾ ਹੋਣ 'ਤੇ ਵਿਧਾਇਕ ਬਲਬੀਰ ਸਿੱਧੂ ਕੋਲ ਪੁੱਜੇ ਪੀੜਤ
ਗੋਦਾਮ ਮਾਲਕ ਮਨੋਹਰ ਪੁਲਿਸ ਦੀ ਨਾਲਾਇਕੀ ਅਤੇ ਵਿਰੋਧੀ ਧਿਰ ਦਾ ਪੱਖ ਪੂਰਨ 'ਤੇ ਅਪਣੇ ਵਰਕਰਾਂ ਨਾਲ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਦਫ਼ਤਰ ਗਏ ਜਿਥੇ ਉਨ੍ਹਾਂ ਸਾਰੇ ਮਾਮਲੇ ਬਾਰੇ ਦÎਸਿਆ, ਜਿਸ 'ਤੇ ਵਿਧਾਇਕ ਸਿੱਧੂ ਨੇ ਇੰਡਸਟਰੀਅਲ ਏਰੀਆਂ ਦੇ ਚੌਕੀ ਇੰਚਾਰਜ ਰਾਮ ਦਰਸ਼ਨ ਨੂੰ ਫ਼ੋਨ ਕੀਤਾ ਅਤੇ ਹਮਲਾਵਰਾਂ ਨੂੰ ਛੱਡਣ ਬਾਰੇ ਪੁਛਿਆ ਤਾਂ ਚੌਕੀ ਇੰਚਾਰਜ ਰਾਮ ਦਰਸ਼ਨ ਨੇ ਵਿਧਾਇਕ ਨੂੰ ਕਿਹਾ ਕਿ ਹਮਲਾਵਰ ਧਿਰ ਨੇ ਵੀ ਦੂਜੀ ਧਿਰ ਵਿਰੁਧ ਸ਼ਿਕਾਇਤ ਦਿਤੀ ਹੈ ਕਿ ਲੜਾਈ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੇ ਇਕ ਵਿਅਕਤੀ ਨੂੰ ਤੇਜ਼ਦਾਰ ਹਥਿਆਰ ਨਾਲ ਜ਼ਖ਼ਮੀ ਕਰ ਦਿਤਾ ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਆ ਗਈ ਹੈ। ਬਿਆਨ ਲੈਣ ਤੋਂ ਬਾਅਦ ਕਾਰਵਾਈ ਕਰ ਦਿਤੀ ਜਾਏਗੀ।