
ਬਾਦਲਾਂ ਦੇ ਖਾਸਮ-ਖਾਸ ਕੋਲਿਆਂਵਾਲੀ ਨੂੰ ਜੇਲ੍ਹ 'ਚ ਹੋਈ ਬਵਾਸੀਰ...
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਆਗੂ ਨੂੰ ਬਵਾਸੀਰ ਹੋ ਗਈ ਹੈ। ਜੀ ਹਾਂ, ਇਹ ਆਗੂ ਕੋਈ ਹੋਰ ਨਹੀਂ ਬਲਕਿ ਬਾਦਲਾਂ ਦੇ ਸਭ ਤੋਂ ਚਹੇਤੇ ਦਿਆਲ ਸਿੰਘ ਕੋਲਿਆਂਵਾਲੀ ਹਨ। ਇਸ ਸਮੇਂ ਨਾਭਾ ਦੀ ਜੇਲ੍ਹ ਵਿਚ ਬੰਦ ਕੋਲਿਆਂਵਾਲੀ 'ਤੇ ਆਮਦਨ ਤੋਂ ਵੱਧ ਜਾਇਦਾਦਾਂ ਇਕੱਠੀਆਂ ਕਰਨ ਦੇ ਇਲਜ਼ਾਮ ਲੱਗੇ ਸਨ। ਕਾਨੂੰਨ ਦੀ ਕੁੜਿੱਕੀ ਵਿਚ ਫਸੇ ਦਿਆਲ ਸਿੰਘ ਕੋਲਿਆਂਵਾਲੀ ਨੇ ਅਦਾਲਤ ਨੂੰ ਅਰਜ਼ੀ ਦੇ ਕੇ ਆਪਣੀ ਬਵਾਸੀਰ ਠੀਕ ਕਰਾਉਣ ਦੀ ਅਰਜ਼ੋਈ ਕੀਤੀ ਹੈ।
Kolianwali
ਇਹੀ ਨਹੀਂ, ਕੋਲਿਆਂਵਾਲੀ ਨੇ ਅਦਾਲਤ ਨੂੰ ਵਾਸਤਾ ਪਾਇਆ ਹੈ ਕਿ ਸਰਕਾਰੀ ਹਸਪਤਾਲ ਦੀ ਬਜਾਏ ਉਹਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਤੋਂ ਆਪਣਾ ਇਲਾਜ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇ। ਦੱਸ ਦਈਏ ਕਿ ਅਕਾਲੀ ਦਲ ਦਾ ਇਹ ਆਗੂ ਬਾਦਲਾਂ ਦੇ ਗੜ੍ਹ ਬਠਿੰਡਾ ਦਾ ਸਿਰਕੱਢ ਆਗੂ ਮੰਨਿਆ ਜਾਂਦਾ ਹੈ।
Dyal Singh Kolianwali
ਕੋਲਿਆਂਵਾਲੀ ਦੀ ਅਕਾਲੀ ਸਰਕਾਰ ਦੌਰਾਨ 10 ਸਾਲ ਤੂਤੀ ਬੋਲਦੀ ਰਹੀ, ਪਰ ਕੈਪਟਨ ਸਰਕਾਰ ਦੇ ਆਉਂਦਿਆਂ ਹੀ ਵਿਜੀਲੈਂਸ ਨੇ ਦਿਆਲ ਸਿੰਘ ਕੋਲਿਆਂਵਾਲੀ 'ਤੇ ਆਪਣੀ ਬਾਜ਼ ਵਾਲੀ ਅੱਖ ਰੱਖ ਲਈ ਸੀ। ਕੋਲਿਆਂਵਾਲੀ ਖਿਲਾਫ਼ ਮਾਰੇ ਗਏ ਛਾਪਿਆਂ ਵਿੱਚ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਹੋਣ ਸਬੰਧੀ ਪੁਖਤਾ ਸਬੂਤ ਮਿਲਣ ਦਾ ਦਾਅਵਾ ਕੀਤਾ ਸੀ।