
ਸੱਤਾਧਾਰੀ ਧਿਰ ਨੂੰ ਮਹਿੰਗੀ ਪਵੇਗੀ ਕਿਸਾਨੀ ਅੰਦੋਲਨ ਨੂੰ ਡੇਗਣ ਦੀ ਇਤਿਹਾਸਕ ਗ਼ਲਤੀ
ਚੰਡੀਗੜ੍ਹ : ਔਖੇ ਰਸਤੇ ਹੀ ਸੌਖੇ ਪੈਂਡਿਆਂ ਦਾ ਰਾਹ-ਦਸੇਰਾ ਬਣਦੇ ਹਨ, ਕੁਦਰਤ ਉਨ੍ਹਾਂ ਦਾ ਸਾਥ ਜ਼ਰੂਰ ਦਿੰਦੀ ਹੈ, ਜਿਨ੍ਹਾਂ ਦੇ ਇਰਾਦੇ ਨੇਕ ਤੇ ਮੰਜ਼ਲ ਸਿਰਫ਼ ਦੂਜਿਆਂ ਭਲਾਈ ਹੁੰਦੀ ਹੈ...ਆਦਿ ਆਦਿ ਵਰਗੇ ਅਨੇਕਾਂ ਅਖਾਣ ਅਤੇ ਪ੍ਰੇਰਿਕ ਸ਼ਬਦ ਹਨ ਜੋ ਅਜੋਕੇ ਕਿਸਾਨੀ ਅੰਦੋਲਨ ’ਤੇ ਸਤ-ਪ੍ਰਤੀ-ਸਤ ਸਹੀ ਢੁਕਦੇ ਹਨ। ਕਿਸਾਨੀ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਜਿੰਨੇ ਵੀ ਇਸ ਵਿਚ ਉਤਰਾਅ-ਚੜ੍ਹਾਅ ਆਏ ਹਨ, ਉਹ ਸਭ ਸਿਆਣਿਆਂ ਦੇ ਕਹੇ ਇਨ੍ਹਾਂ ਸ਼ਬਦਾਂ ਦੀ ਗਵਾਹੀ ਭਰਦੇ ਪ੍ਰਤੀਤ ਹੁੰਦੇ ਹਨ। ਭਾਵੇਂ ਉਹ ਸਮਾਂ ਕਿਸਾਨ ਆਗੂਆਂ ਦੀ ਸਰਕਾਰ ਨਾਲ ਪਹਿਲੀ ਮੀਟਿੰਗ ਵਾਲਾ ਹੋਵੇ ਜਾਂ ਰੇਲ ਆਵਾਜਾਈ ਬੰਦ ਹੋਣ ਕਾਰਨ ਮੱਚੀ ਹਾਹਾਕਾਰ ਤੋਂ ਬਾਅਦ ਵਾਲਾ ਹੋਵੇ, ਹਰ ਔਕੜ ਵਿਚੋਂ ਅੰਦੋਲਨ ਹੋਰ ਤਕੜਾ ਹੋ ਕੇ ਅੱਗੇ ਵਧਿਆ ਹੈ।
Farmers Protest
ਪਹਿਲੀ ਮੀਟਿੰਗ ਵਾਲੇ ਦਿਨ ਕੇਂਦਰ ਸਰਕਾਰ ਨੇ ਕੁੱਝ ਅਫ਼ਸਰਸਾਹ ਬਿਠਾ ਕੇ ਕਿਸਾਨਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮਾਲ ਗੱਡੀਆਂ ਨਾਲ ਮੁਸਾਫ਼ਿਰ ਗੱਡੀਆਂ ਚਲਾਉਣ ਦੀ ਸ਼ਰਤ ਲਾ ਕੇ ਕਿਸਾਨਾਂ ਨੂੰ ਲੱਤ ਥੱਲਿਓ ਲੰਘਾਉਣਾ ਚਾਹਿਆ ਪਰ ਜਿਨ੍ਹਾਂ ਨਾਲ ਉਸ ਕੁਦਰਤ ਅਕਾਲ ਪੁਰਖ ਦਾ ਸਾਥ ਹੋਵੇ, ਉਸ ਨੂੰ ਕੋਈ ਲੱਤ ਥੱਲਿਓ ਤਾਂ ਕੀ, ਰਤੀ ਭਰ ਝੁਕਾ ਵੀ ਨਹੀਂ ਸਕਦਾ। ਇਹੀ ਕੁੱਝ ਕਿਸਾਨੀ ਅੰਦੋਲਨ ਦੇ ਹੁਣ ਤਕ ਦੇ ਇਤਿਹਾਸ ਵਿਚ ਵਾਪਰਦਾ ਆਇਆ ਹੈ ਅਤੇ ਵਾਪਰ ਰਿਹਾ ਹੈ।
Farmers Protest
ਇਕ-ਦੋ ਥਾਵਾਂ ’ਤੇ ਕੁੱਝ ਝੁਕਣ ਨੂੰ ਛੱਡ ਕੇ ਸਰਕਾਰ ਕਿਸਾਨਾਂ ਨੂੰ ਜਿੰਨਾ ਝੁਕਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ, ਕਿਸਾਨ ਹੋਰ ਬਲਵਾਨ ਹੋ ਕੇ ਉਠ ਖੜ੍ਹੇ ਹੋਏ ਹਨ। ਗੁਰਵਾਕ ‘ਨਿਵੈ ਸੋ ਗਾਉਰਾ ਹੋਇ’ ਮੁਤਾਬਕ ਜੇਕਰ ਇਰਾਦੇ ਨੇਕ ਹੋਣ ਤਾਂ ਨਿਵਣਾ ਵੀ ਮਾੜੀ ਗੱਲ ਨਹੀਂ ਹੈ। ਇਹ ਕਿਸਾਨਾਂ ਦੀ ਨਿਮਰਤਾ ਦਾ ਹੀ ਕਮਾਲ ਹੈ ਕਿ ਸਰਕਾਰ ਦੀਆਂ ਵੱਡੀਆਂ-ਵੱਡੀਆਂ ਸਾਜ਼ਿਸ਼ਾਂ ਨੂੰ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਸਾਹਮਣੇ ਗੋਡੇ ਟੇਕਣੇ ਪਏ ਹਨ।
Farmers Protest
26/1 ਦੀ ਘਟਨਾ ਤੋਂ ਬਾਅਦ ਕਿਸਾਨੀ ਅੰਦੋਲਨ ਇਕ ਵਾਰ ਢਹਿ-ਢੇਰੀ ਦੀ ਹਾਲਤ ਵਿਚ ਪਹੁੰਚ ਗਿਆ ਸੀ। ਵੱਡੀ ਗਿਣਤੀ ਕਿਸਾਨਾਂ ਅੰਦਰ ਨਿਰਾਸ਼ਾ ਫ਼ੈਲ ਗਈ ਸੀ, ਜਿਸ ਦਾ ਸਬੂਤ ਦਿੱਲੀ ਤੋਂ ਪਰਤ ਰਹੀਆਂ ਟਰਾਲੀਆਂ ਦੀ ਮਾਤਮੀ ਚਾਲ ਤੋਂ ਲਗਾਇਆ ਜਾ ਸਕਦਾ ਸੀ। 27 ਤਰੀਕ ਨੂੰ ਬਹੁਤ ਸਾਰੀਆਂ ਟਰਾਲੀਆਂ ਦਿੱਲੀ ਤੋਂ ਪੰਜਾਬ ਵਾਪਸ ਆਉਂਦੀਆਂ ਵਿਖਾਈ ਦਿਤੀਆਂ ਜਿਨ੍ਹਾਂ ਦੀ ਚਾਲ ’ਚ ਉਹ ਜਾਂਦੇ ਵਕਤ ਵਾਲੀ ਰਵਾਨਗੀ ਦੀ ਥਾਂ ਡਿਕ-ਡੋਲੇ ਖਾਣ ਵਾਲੀ ਤੋਰ ਸੀ। ਟਰਾਲੀਆਂ ਅੰਦਰ ਨਿਢਾਲ ਬੈਠੀ ਸੰਗਤ ਦੇ ਚਿਹਰੇ ਬਦਲੇ ਹਾਲਾਤ ਦੀ ਕਹਾਣੀ ਬਿਆਨ ਕਰ ਰਹੇ ਸਨ। ਅਜਿਹੇ ਦਿ੍ਰਸ਼ ਦਿਲਾਂ ਨੂੰ ਧੂਹ ਪਾਉਣ ਵਾਲੇ ਸਨ। ਉਪਰੋਂ ਗੋਦੀ ਮੀਡੀਆ ਵਲੋਂ ਅਪਣੀ ਪੂਰੀ ਤਾਕਤ ਨਾਲ 26/1 ਦੀ ਘਟਨਾ ਬਾਰੇ ਪੇਸ਼ ਕੀਤੇ ਜਾ ਰਹੇ ਬਿਰਤਾਂਤ ਹੋਰ ਨਿਰਾਸ਼ਤਾ ਫ਼ੈਲਾਉਣ ਵਾਲੇ ਹਨ।
Farmers Protest
ਇਸ ਦੇ ਬਾਵਜੂਦ ਵੀ ਕਿਸਾਨੀ ਅੰਦੋਲਨ ਬਾਰੇ ਲੋਕਾਈ ਦੇ ਮੰਨ ਅੰਦਰ ਆਸ ਦੀ ਕਿਰਨ ਜ਼ਰੂਰ ਸੀ, ਜਿਸ ਦੀ ਉਡੀਕ ’ਚ ਬਹੁਤੇ ਲੋਕ 28/1 ਦੀ ਦੇਰ-ਰਾਤ ਤਕ ਜਾਗਦੇ ਵੀ ਰਹੇ। ਅਪਣੀ ਸੂਰਤ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਲਾਈ ਬੈਠੇ ਅਜਿਹੇ ਮਰਜੀਵੜਿਆਂ ਲਈ ਆਸ ਦੀ ਕਿਰਨ ਉਸ ਵੇਲੇ ਸਾਹਮਣੇ ਆਈ ਜਦੋਂ ਕਿਸਾਨ ਆਗੂ ਰਕੇਸ਼ ਟਿਕੈਤ ਦਾ ਸੁਨੇਹਾ ਵਾਇਰਲ ਹੋਇਆ, ਜੋ ਜੰਗਲ ਦੀ ਅੱਗ ਵਾਂਗ ਲੋਕਾਂ ਅੰਦਰ ਫੈਲਦਾ ਚਲਾ ਗਿਆ ਅਤੇ ਪਲਾਂ-ਛਿਣਾਂ ਵਿਚ ਹੀ ਹਜ਼ਾਰਾਂ ਲੋਕ ਦਿੱਲੀ ਵੱਲ ਕੂਚ ਕਰ ਗਏ। ਹੁਣ ਜਦੋਂ ਕਿਸਾਨੀ ਸੰਘਰਸ਼ ਮੁੜ ਅਪਣੀ ਚਰਮ ਸੀਮਾ ’ਤੇ ਪਹੁੰਚ ਚੁੱਕਾ ਹੈ ਤਾਂ ਸੱਤਾਧਾਰੀ ਧਿਰ ਅਜੇ ਵੀ ਬੀਤੇ ਤੋਂ ਸਬਕ ਸਿੱਖਣ ਦੀ ਥਾਂ ਗ਼ਲਤੀ-ਦਰ-ਗ਼ਲਤੀ ਕਰਦੀ ਜਾ ਰਹੀ ਹੈ।
Farmers Protest
ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਸੱਤਾ ਦੇ ਨਸ਼ੇ ’ਚ ਚੂਰ ਹੁੰਦਿਆਂ ਲੋਕਾਈ (ਕਿਸਾਨੀ ਨਾਲ ਜੁੜੀ 80 ਫ਼ੀ ਸਦੀ ਆਬਾਦੀ) ਨਾਲ ਮੱਥਾ ਲਾਇਆ ਹੈ, ਉਸ ਦੀਆਂ ਕਈ ਪੁਸ਼ਤਾਂ ਨੂੰ ਹਨੇਰਾ ਢੋਹਣਾ ਪਿਆ ਹੈ। ਫਿਰ ਭਾਵੇਂ ਉਹ ਮੁਗ਼ਲਾਂ ਦਾ ਰਾਜ ਹੋਵੇ, ਜਾਂ ਅੰਗਰੇਜ਼ੀ ਸਾਮਰਾਜ, ਇੰਦਰਾ ਗਾਂਧੀ ਦੀ ਹਠਧਰਮੀ ਵਾਲੀ ਸਿਆਸਤ ਹੋਵੇ ਜਾਂ ਯੂ.ਪੀ.ਏ. ਦਾ ਘੁਟਾਲਿਆਂ ’ਚ ਗ੍ਰਸਤ 10 ਸਾਲ ਦਾ ਰਾਜ, ਇਨ੍ਹਾਂ ਵਿਚੋਂ ਜਿਹੜੀਆਂ ਵੀ ਧਿਰਾਂ ਨੇ ਲੋਕਾਈ ਦੀਆਂ ਭਾਵਨਾਵਾਂ ਨੂੰ ਅਣਗੌਲਿਆ ਕਰ ਸਦੀਵੀਂ ਰਾਜ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਉਹ ਰਾਜ ਗੱਦੀ ਤੋਂ ਲਹਿਣ ਦੇ ਨਾਲ-ਨਾਲ ਲੋਕ ਮਨਾਂ ਤੋਂ ਵੀ ਹਮੇਸ਼ਾ ਲਈ ਰੁਖਸਤ ਹੋ ਗਏ ਹਨ।
Farmers Protest
ਕੁੱਝ ਅਜਿਹਾ ਹੀ ਸੱਤਾਧਾਰੀ ਧਿਰ ਨਾਲ ਹੋਣ ਵਾਲਾ ਹੈ, ਜਿਸ ਦੀ ਸ਼ੁਰੂਆਤ ਭਾਵੇਂ ਯੂ.ਪੀ.ਏ.-2 ਵਾਂਗ ਇਸ ਦੇ ਦੂਜੇ ਕਾਰਜਕਾਲ ਤੋਂ ਬਾਅਦ ਤੋਂ ਸ਼ੁਰੂ ਹੋ ਚੁੱਕੀ ਹੈ ਪਰ 26/1 ਦੀ ਘਟਨਾ ਤੋਂ ਬਾਅਦ ਇਸ ਨੇ ਟਾਪ ਗੇਅਰ ਪਾ ਲਿਆ ਹੈ। ਜਿਸ ਹਿਸਾਬ ਨਾਲ ਸੱਤਾਧਾਰੀ ਧਿਰ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਲਈ ਪੂਰੀ ਤਾਕਤ ਝੋਕ ਰਹੀ ਹੈ, ਉਸ ਤੋਂ ਇਸ ਦੇ ਛੇਤੀ ਹੀ ਅਪਣੇ ਅੰਜ਼ਾਮ ਤਕ ਪਹੁੰਚਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਰੱਬ ਖ਼ੈਰ ਕਰੇ, ਜਿਹੜੇ ਲੋਕ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ, ਉਨ੍ਹਾਂ ਦੀ ਤਾਕਤ ਅਤੇ ਉਹ ਖੁਦ ਛੇਤੀ ਹੀ ਭੂਤਕਾਲ ਦੀ ਸ਼੍ਰੇਣੀ ਵਿਚ ਜਾ ਦਾਖ਼ਲ ਹੁੰਦੇ ਹਨ ਪਰ ਸੱਤਾ ਦਾ ਨਸ਼ਾ ਉਨ੍ਹਾਂ ਨੂੁੰ ਇਸ ਦਾ ਸਮਾਂ ਰਹਿੰਦੇ ਅਹਿਸਾਸ ਨਹੀਂ ਹੋਣ ਦਿੰਦਾ।