
ਕਰੀਬ 100 ਮੈਂਬਰਾਂ ਨੂੰ ਨਾਲ ਲੈ ਕੇ ਯੂਪੀ ਗੇਟ ਪਹੁੰਚੇ ਚੰਦਰਸ਼ੇਖਰ ਆਜ਼ਾਦ
ਨਵੀਂ ਦਿੱਲੀ: ਗਾਜ਼ੀਪੁਰ ਪ੍ਰਸ਼ਾਸਨ ਵੱਲੋਂ ਬਾਰਡਰ ਖ਼ਾਲੀ ਕਰਨ ਦਾ ਨੋਟਿਸ ਦੇਣ ਤੋਂ ਬਾਅਦ ਕਿਸਾਨ ਮੋਰਚੇ ਨੇ ਮੁੜ ਤੋਂ ਜ਼ੋੜ ਫੜਿਆ ਹੈ। ਇਸ ਦੌਰਾਨ ਭਾਰੀ ਗਿਣਤੀ ਵਿਚ ਕਿਸਾਨ ਸਮਰਥਕ ਦਿੱਲੀ ਦੇ ਬਾਰਡਰਾਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਕਿਸਾਨੀ ਮੋਰਚੇ ਨੂੰ ਸਮਰਥਨ ਦੇਣ ਭੀਮ ਆਰਮੀ ਮੁਖੀ ਚੰਦਰਸ਼ੇਖਰ ਆਜ਼ਾਦ ਵੀ ਗਾਜ਼ੀਪੁਰ ਬਾਰਡਰ ਪਹੁੰਚੇ।
Rakesh Tikait
ਇੱਥੇ ਉਹਨਾਂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਚੰਦਰਸ਼ੇਖਰ ਨੇ ਕਿਹਾ ਕਿ ਦਲਿਤ ਸਮੂਹ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਅੰਦੋਲਨ ਦੀ ਮਜ਼ਬੂਤੀ ਲਈ ਹਰ ਸੰਭਵ ਸਹਾਇਤਾ ਦੇਵੇਗਾ। ਚੰਦਰਸ਼ੇਖਰ ਆਜ਼ਾਦ ਬੀਤੀ ਸ਼ਾਮ 6.30 ਵਜੇ ਭੀਮ ਆਰਮੀ ਦੇ ਕਰੀਬ 100 ਮੈਂਬਰਾਂ ਨਾਲ ਯੂਪੀ ਗੇਟ ਪਹੁੰਚੇ ਸਨ।
Chandrashekhar Azad
ਇਸ ਦੌਰਾਨ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਰਾਕੇਸ਼ ਟਿਕੈਤ ‘ਪੱਛਮੀ ਉੱਤਰ ਪ੍ਰਦੇਸ਼ ਦੀ ਸ਼ਾਨ’ ਹੈ ਅਤੇ ਉਹ ਕਿਸਾਨ ਨੇਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਨਗੇ। ਉਹਨਾਂ ਕਿਹਾ, ‘ਅਸੀਂ ਅਪਣੇ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਾਂ ਅਤੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਾਵਾਂਗੇ।
Farmers Protest
ਚੰਦਰਸ਼ੇਖਰ ਆਜ਼ਾਦ ਨੇ ਦੋਸ਼ ਲਗਾਇਆ ਕਿ ਸਰਕਾਰ ਉਹਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਅਤੇ ਕਿਸਾਨਾਂ ਨੂੰ ਹਿੰਸਾ ਲਈ ਉਕਸਾਉਣ ਲਈ ਹਰ ਚਾਲ ਚੱਲੇਗੀ।ਜ਼ਿਕਰਯੋਗ ਹੈ ਕਿ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦੀ ਗਿਣਤੀ ਇਕ ਦਮ ਘਟਣ ਲੱਗੀ ਸੀ ਪਰ ਸਰਕਾਰੀ ਸਾਜ਼ਿਸ਼ ਦੀ ਗੱਲ ਆਮ ਲੋਕਾਂ ਦੇ ਸਮਝ ਵਿਚ ਆਉਣ ਬਾਅਦ ਹੁਣ ਇਕ ਵਾਰ ਫਿਰ ਕਿਸਾਨਾਂ ਦੀ ਅਪਣੇ ਪਿੰਡਾਂ ਤੋਂ ਦਿੱਲੀ ਵਲ ਵਾਪਸੀ ਸ਼ੁਰੂ ਹੋ ਚੁੱਕੀ ਹੈ।
Rakesh Tikait
ਜਿਥੇ ਟਿਕੈਤ ਦੇ ਭਾਵੁਕ ਹੋਣ ਬਾਅਦ ਗਾਜ਼ੀਪੁਰ ਬਾਰਡਰ 'ਤੇ ਯੂਪੀ ਤੋਂ ਹਜ਼ਾਰਾਂ ਕਿਸਾਨਾਂ ਦੇ ਕਾਫ਼ਲੇ ਰਾਤ ਨੂੰ ਹੀ ਆਉਣੇ ਸ਼ੁਰੂ ਹੋਏ ਸਨ, ਉਥੇ ਪੰਜਾਬ, ਹਰਿਆਣਾ ਤੋਂ ਮਿਲੀਆਂ ਰੀਪੋਰਟਾਂ ਅਨੁਸਾਰ ਇਥੋਂ ਵੀ ਮੁੜ ਸੈਂਕੜੇ ਟਰੈਕਟਰਾਂ ਨੇ ਪੂਰੇ ਰਾਸ਼ਣ ਪਾਣੀ ਸਮੇਤ ਦਿੱਲੀ ਦੀਆਂ ਹੱਦਾਂ ਵੱਲ ਕੂਚ ਕਰਨਾ ਸ਼ੁਰੂ ਕਰ ਦਿਤਾ ਹੈ।