
ਲਾਲ ਕਿਲ੍ਹੇ 'ਤੇ ਕਾਰਾ ਭਾਜਪਾ ਦੇ ਬੰਦਿਆਂ ਨੇ ਕੀਤਾ, ਕਿਸਾਨਾਂ ਦੇ ਲੁਕਆਊਟ ਨੋਟਿਸ ਵਾਪਸ ਹੋਣ : ਚੀਮਾ
ਚੰਡੀਗੜ੍ਹ, 29 ਜਨਵਰੀ (ਸੁਰਜੀਤ ਸਿੰਘ ਸੱਤੀ) ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ 'ਆਪ' ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ 26 ਜਨਵਰੀ ਨੂੰ ਲਾਲ ਕਿਲੇ 'ਤੇ ਖ਼ਾਲਸਾਈ ਝੰਡਾ ਲਹਿਰਾਉਣ ਪਿੱਛੇ ਭਾਜਪਾ ਦੇ ਬੰਦੇ ਹਨ ਤੇ ਭਾਜਪਾ ਅਜਿਹੇ ਵਿਅਕਤੀਆਂ ਦੇ ਜਰੀਏ ਕਿਸਾਨ ਅੰਦੋਲਨ ਨੂੰ ਢਾਹ ਲਗਾਉਣਾ ਚਾਹੁੰਦੀ ਹੈ |
ਪ੍ਰੈੱਸ ਕਾਨਫ਼ਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਦਾ ਲਾਲ ਕਿਲ੍ਹੇ ਦੀ ਘਟਨਾ ਵਿਚ ਹੱਥ ਹੈ, ਉਨ੍ਹਾਂ ਦੀਆਂ ਤਸਵੀਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਭਾਜਪਾ ਆਗੂ ਸੰਨੀ ਦਿਉਲ ਨਾਲ ਹਨ | ਲਾਲ ਕਿਲੇ ਦੀ ਘਟਨਾ ਵਿਚ ਹੀ ਅਮਰੀਕ ਸਿੰਘ ਮੀਕਾ ਨਾਂ ਦੇ ਸ਼ਖ਼ਸ ਦੀ ਤਸਵੀਰ ਵੀ ਸਾਹਮਣੇ ਆਈ ਹੈ ਤੇ ਉਸ ਦੀਆਂ ਤਸਵੀਰਾਂ ਤੇ ਵੀਡੀਉ 'ਆਪ' ਦੇ ਆਗੂਆਂ ਨਾਲ ਵੀ ਹਨ | ਇਸ ਤੋਂ ਇਲਾਵਾ ਉਸ ਨੂੰ 'ਆਪ' ਵੀ ਜੁਆਇਨ ਕਰਵਾਇਆ ਗਿਆ ਹੈ | ਇਨ੍ਹਾਂ ਤੱਥਾਂ ਬਾਰੇ ਪੁੱਛੇ ਸੁਆਲ ਬਾਰੇ ਹਰਪਾਲ ਚੀਮਾ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ ਤੇ ਕਿਹਾ ਕਿ ਇਹ ਤਸਵੀਰਾਂ ਕਿਸੇ ਤਕਨੀਕ ਨਾਲ 'ਆਪ' ਆਗੂਆਂ ਦੇ ਨਾਲ ਬਣਾਈਆਂ ਗਈਆਂ ਹਨ ਤੇ ਮੀਕਾ ਨਾਲ ਪਾਰਟੀ ਦਾ ਕੋਈ ਲੈਣ ਦੇਣ ਨਹੀਂ ਹੈ | ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਲਾਲ ਕਿਲੇ ਦੀ ਘਟਨਾ ਆਪਣੇ ਵਿਅਕਤੀਆਂ ਕੋਲੋਂ ਕਰਵਾ ਕੇ ਇਸ ਘਟਨਾ ਦੀ ਆੜ 'ਚ ਕਿਸਾਨਾਂ 'ਤੇ ਕਾਰਵਾਈ ਕਰਨ ਵਿਚ ਤੁਲੀ ਹੋਈ ਹੈ |
ਉਨ੍ਹਾਂ ਮੰਗ ਕੀਤੀ ਕਿ ਕਿਸਾਨ ਆਗੂਆਂ ਦੇ ਜਾਰੀ imageਕੀਤੇ ਲੁੱਕ ਆਊਟ ਨੋਟਿਸ ਵਾਪਸ ਲਏ ਜਾਣੇ ਚਾਹੀਦੇ ਹਨ ਤੇ ਨਾਲ ਹੀ ਉਨ੍ਹਾਂ ਵਿਰੁੱਧ ਦਰਜ ਮਾਮਲੇ ਵੀ ਵਾਪਸ ਲਏ ਜਾਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਬਾਰੇ ਤਰ੍ਹਾਂ-ਤਰ੍ਹਾਂ ਦੇ ਭਰਮ ਫੈਲਾਏ ਜਾ ਰਹੇ ਹਨ ਕਿ ਇਹ ਅੰਦੋਲਨ ਖ਼ਤਮ ਹੋਣ ਲੱਗਾ ਹੈ ਪਰ ਅਸਲੀਅਤ ਇਹ ਹੈ ਕਿ ਇਹ ਅੰਦੋਲਨ ਖਤਮ ਨਹੀਂ ਹੋਣ ਲੱਗਾ, ਸਗੋਂ ਹੋਰ ਤਕੜਾ ਹੋ ਕੇ ਉਭਰ ਗਿਆ ਹੈ | ਚੀਮਾ ਨੇ ਕਿਹਾ ਕਿ ਗਾਜੀਪੁਰ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ ਮਿਲਦੀ ਬਿਜਲੀ ਪਾਣੀ ਦੀ ਸਪਲਾਈ ਯੂਪੀ ਸਰਕਾਰ ਨੇ ਬੰਦ ਕਰ ਦਿਤੀ, ਜਿਸ 'ਤੇ ਕਿਸਾਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਹੂਲਤਾਂ ਲਈ ਬੇਨਤੀ ਕੀਤੀ ਤੇ ਅੱਜ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਤੇ 'ਆਪ' ਦੇ ਕਈ ਆਗੂ ਉਥੇ ਸਹੂਲਤਾਂ ਦਾ ਜਾਇਜ਼ਾ ਲੈਣ ਵੀ ਗਏ |
'ਲੋਕਤੰਤਰ ਲਈ ਅੱਜ ਕਾਲਾ ਦਿਨ'
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਰਾਜਸਭਾ ਮੈਂਬਰ ਸੰਜੇ ਸਿੰਘ ਸਮੇਤ ਹੋਰ ਸੰਸਦ ਮੈਂਬਰਾਂ ਨੂੰ ਸੰਸਦ ਭਵਨ ਵਿਚ ਜਾਣ ਤੋਂ ਰੋਕਣ ਬਾਰੇ ਹਰਪਾਲ ਚੀਮਾ ਨੇ ਕਿਹਾ ਕਿ ਅੱਜ ਭਾਰਤ ਦੇ ਇਤਿਹਾਸ ਵਿਚ ਲੋਕਤੰਤਰ ਦਾ ਕਾਲਾ ਦਿਨ ਹੈ | ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੋਵੇ ਕਿ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਉਨ੍ਹਾਂ ਦੇ ਅਪਣੇ ਘਰ ਸੰਸਦ ਭਵਨ ਵਿਚ ਨਾ ਜਾਣ ਦਿਤਾ ਜਾਵੇ | ਚੀਮਾ ਨੇ ਕਿਹਾ ਕਿ ਅਸਲ ਵਿਚ ਭਗਵੰਤ ਮਾਨ ਤੇ ਸੰਜੇ ਸਿੰਘ ਵਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮੁਹਰੇ ਇਕ ਵਾਰ ਪਹਿਲਾਂ ਕੀਤੀ ਗਈ ਨਾਹਰੇਬਾਜ਼ੀ ਦੇ ਡਰ ਤੋਂ ਹੀ ਅੱਜ ਇਹ ਬਹਾਨਾ ਲਗਾ ਕੇ 'ਆਪ' ਦੇ ਸੰਸਦ ਮੈਂਬਰਾਂ ਨੂੰ ਸੰਸਦ ਭਵਨ ਵਿਚ ਨਹੀਂ ਵੜਨ ਦਿਤਾ ਗਿਆ ਕਿ ਅੱਜ ਜ਼ਿਆਦਾ ਗਿਣਤੀ ਵਿਚ ਮੈਂਬਰ ਅੰਦਰ ਨਹੀਂ ਜਾ ਸਕਦੇ | ਚੀਮਾ ਨੇ ਕਿਹਾ ਕਿ ਇਹ ਲੋਕਤੰਤਰ ਲਈ ਸ਼ਰਮ ਵਾਲੀ ਗੱਲ ਹੈ ਤੇ ਅਸਲ ਵਿਚ ਮੋਦੀ ਸਰਕਾਰ ਤਾਨਾਸ਼ਾਹ ਬਣ ਗਈ ਹੈ |