
ਪਿੰਡ ਪੱਧਰ 'ਤੇ ਮੀਟਿੰਗਾਂ ਤੋਂ ਬਾਅਦ ਘਰ ਘਰ ਤੋਂ ਭੇਜਿਆ ਜਾ ਰਿਹਾ ਹੈ ਇਕ ਇਕ ਮੈਂਬਰ
ਚੰਡੀਗੜ੍ਹ: 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦੀ ਗਿਣਤੀ ਇਕ ਦਮ ਘਟਣ ਲੱਗੀ ਸੀ ਪਰ ਸਰਕਾਰੀ ਸਾਜ਼ਿਸ਼ ਦੀ ਗੱਲ ਆਮ ਲੋਕਾਂ ਦੇ ਸਮਝ ਵਿਚ ਆਉਣ ਬਾਅਦ ਹੁਣ ਇਕ ਵਾਰ ਫਿਰ ਕਿਸਾਨਾਂ ਦੀ ਅਪਣੇ ਪਿੰਡਾਂ ਤੋਂ ਦਿੱਲੀ ਵਲ ਵਾਪਸੀ ਸ਼ੁਰੂ ਹੋ ਚੁੱਕੀ ਹੈ। ਜਿੱਥੇ ਰਾਕੇਸ਼ ਟਿਕੈਤ ਦੇ ਭਾਵੁਕ ਹੋਣ ਬਾਅਦ ਗਾਜ਼ੀਪੁਰ ਬਾਰਡਰ 'ਤੇ ਯੂਪੀ ਤੋਂ ਹਜ਼ਾਰਾਂ ਕਿਸਾਨਾਂ ਦੇ ਕਾਫ਼ਲੇ ਆਉਣੇ ਸ਼ੁਰੂ ਹੋਏ ਹਨ, ਉੱਥੇ ਹੀ ਪੰਜਾਬ, ਹਰਿਆਣਾ ਤੋਂ ਮਿਲੀਆਂ ਰੀਪੋਰਟਾਂ ਅਨੁਸਾਰ ਇਥੋਂ ਵੀ ਮੁੜ ਸੈਂਕੜੇ ਟਰੈਕਟਰਾਂ ਨੇ ਪੂਰੇ ਰਾਸ਼ਣ ਪਾਣੀ ਸਮੇਤ ਦਿੱਲੀ ਦੀਆਂ ਹੱਦਾਂ ਵੱਲ ਕੂਚ ਕਰਨਾ ਸ਼ੁਰੂ ਕਰ ਦਿਤਾ ਹੈ|
Farmers Protest
ਅੱਜ ਕਿਸਾਨਾਂ ਵੱਲੋਂ ਦੇਸ਼ ਪੱਧਰੀ ਭੁੱਖ ਹੜਤਾਲ ਨਾਲ ਨਵੀਂ ਸ਼ੁਰੂਆਤ ਹੋ ਰਹੀ ਹੈ। ਕਿਸਾਨ ਮੋਰਚੇ ਦੇ ਆਗੂਆਂ ਵਲੋਂ ਸ਼ਾਂਤਮਈ ਅੰਦੋਲਨ ਜਾਰੀ ਰੱਖਣ ਤੇ ਕਿਸਾਨਾਂ ਨੂੰ ਵਾਪਸ ਘਰਾਂ ਤੋਂ ਮੋਰਚੇ ਵਿਚ ਆਉਣ ਦੀ ਅਪੀਲ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿਚ ਪੰਚਾਇਤ ਪੱਧਰ 'ਤੇ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ। ਘਰ ਘਰ ਤੋਂ ਇਕ ਇਕ ਵਿਅਕਤੀ ਮੋਰਚੇ ਵਿਚ ਭੇਜਿਆ ਜਾ ਰਿਹਾ ਹੈ | ਇਸੇ ਤਰ੍ਹਾਂ ਦੀ ਸਥਿਤੀ ਹਰਿਆਣਾ ਦੀ ਹੈ।
Rakesh Tikait
ਇੱਥੇ ਖਾਪ ਪੰਚਾਇਤਾਂ ਵੀ ਇਕ ਵਾਰ ਮੁੜ ਫਿਰ ਤੋਂ ਸਰਗਰਮ ਹੋਈਆਂ ਹਨ। ਇਸ ਦੇ ਚਲਦਿਆਂ ਕਿਸਾਨੀ ਅੰਦੋਲਨ ਕਮਜ਼ੋਰ ਹੋਣ ਦੀ ਥਾਂ ਉਲਟਾ ਹੋਰ ਜ਼ੋਰ ਫੜਦਾ ਵਿਖਾਈ ਦੇ ਰਿਹਾ ਹੈ। ਖ਼ਬਰਾਂ ਮੁਤਾਬਕ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਪਾਸ ਹੋਏ ਮਤਿਆਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 1500 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ।
Farmers Protest
ਇਸ ਤੋਂ ਇਲ਼ਾਵਾ ਵਿਅਕਤੀ ਦੇ ਬਾਈਕਾਟ ਦਾ ਫੈਸਲਾ ਵੀ ਕੀਤਾ ਗਿਆ ਹੈ। 26 ਜਨਵਰੀ ਮੌਕੇ ਹੋਈ ਹਿੰਸਾ ਦੇ ਮਾਮਲੇ ਵਿਚ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਸੱਤ ਵਿਅਕਤੀਆਂ ਨੂੰ ਦਿੱਲੀ ਪੁਲਿਸ ਨੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ| ਨੌਜਵਾਨਾਂ ਦੀ ਗ੍ਰਿਫਤਾਰੀ ਦੀ ਖ਼ਬਰ ਸੁਣਦਿਆਂ ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਦਿੱਲੀ ਲਈ ਰਵਾਨਾ ਹੋ ਗਏ ਹਨ।
Farmers Protest
ਇਹ ਨੌਜਵਾਨ ਸਿੱਧੂਪੁਰ ਕਿਸਾਨ ਯੂਨੀਅਨ ਦੇ ਮੈਂਬਰ ਦੱਸੇ ਜਾ ਰਹੇ ਹਨ। ਇਸ ਸਬੰਧੀ ਸਿੱਧੂਪੁਰ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਮਹਿਮਾ ਸਿੰਘ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਨੌਜਵਾਨਾਂ ਦੀਆਂ ਜ਼ਮਾਨਤਾਂ ਨਾ ਕਰਵਾਉਣ ਕਿਉਂਕਿ ਸੰਘਰਸ਼ ਸਹਾਰੇ ਹੀ ਉਹਨਾਂ ਦੇ ਪਰਚੇ ਰੱਦ ਕਰਵਾਏ ਜਾਣਗੇ।