
ਰਾਹੁਲ ਅਤੇ ਪਿ੍ਯੰਕਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ 'ਤੇ ਕੀਤੇ ਸ਼ਬਦੀ ਹਮਲੇ
ਨਵੀਂ ਦਿੱਲੀ, 29 ਜਨਵਰੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਕਈ ਕਿਸਾਨ ਆਗੂਆਂ ਵਿਰੁਧ ਮਾਮਲਾ ਦਰਜ ਹੋਣ ਦੇ ਪਿਛੋਕੜ ਵਿਚ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸ਼ਬਦੀ ਹਮਲੇ ਕੀਤੇ ਅਤੇ ਦੋਸ਼ ਲਾਇਆ ਕਿ ਕਿਸਾਨ-ਮਜ਼ਦੂਰ ਉੱਤੇ ਹਮਲੇ ਨਾਲ ਦੋਸ਼ ਵਿਰੋਧੀ ਤਾਕਤਾਂ ਨੂੰ ਫਾਇਦਾ ਹੋਵੇਗਾ |
ਉਨ੍ਹਾਂ ਟਵੀਟ ਕਰ ਕੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਸਾਡੇ ਕਿਸਾਨ ਅਤੇ ਮਜ਼ਦੂਰ 'ਤੇ ਹਮਲਾ ਕਰ ਕੇ ਭਾਰਤ ਨੂੰ ਕਮਜ਼ੋਰ ਕਰ ਰਹੇ ਹਨ | ਸਿਰਫ਼ ਦੇਸ਼ ਵਿਰੋਧੀ ਤਾਕਤਾਂ ਨੂੰ ਹੀ ਫਾਇਦਾ ਹੋਵੇਗਾ | ਕਾਂਗਰਸ ਦੀ ਜਨਰਲ ਸੈਕਟਰੀ ਪਿ੍ਯੰਕਾ ਗਾਂਧੀ ਵਾਡਰਾ ਨੇ ਵੀ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਕਿਸਾਨਾਂ ਨੂੰ ਡਰਾਉਣਾ-ਧਮਕਾਉਣਾ ਪਾਪ ਹੈ |
ਉਨ੍ਹਾਂ ਨੇ ਟਵੀਟ ਕੀਤਾ ਕਿ ਕਿਸਾਨ ਦਾ ਭਰੋਸਾ ਦੇਸ਼ ਦੀ ਪੂੰਜੀ ਹੈ | ਉਨ੍ਹਾਂ ਦੇ ਭਰੋਸੇ ਤੋੜਨਾ ਅਪਰਾਧ ਹੈ | ਇਨ੍ਹਾਂ ਦੀ ਆਵਾਜ਼ ਨਾ ਸੁਣਨਾ ਪਾਪ ਹੈ | ਉਨ੍ਹਾਂ ਨੂੰ ਧਮਕੀਆਂ ਦੇਣਾ ਬਹੁਤ ਵੱਡਾ ਪਾਪ ਹੈ | ਕਿਸਾਨੀ 'ਤੇ ਹਮਲਾ ਦੇਸ਼ 'ਤੇ ਹਮਲਾ ਹੈ | ਪ੍ਰਧਾਨ ਮੰਤਰੀ, ਦੇਸ਼ ਨੂੰ ਕਮਜ਼ੋਰ ਨਾ ਕਰੋ |
ਦਸਣਯੋਗ ਹੈ ਕਿ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਗਣਤੰਤਰ ਦਿਵਸ ਮੌਕੇ ਸ਼ਹਿਰ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਦਰਜ ਐਫ਼ਆਈਆਰਜ਼ ਵਿਚ ਨਾਮ ਦਰਜ ਕੀਤੇ ਕਿਸਾਨ ਆਗੂਆਂ ਵਿਰੁਧ 'ਲੁੱਕ ਆਊਟ' ਨੋਟਿਸ ਜਾਰੀ ਕੀਤਾ | ਇਸ ਦੇ ਨਾਲ ਹੀ ਪੁਲਿਸ ਨੇ ਲਾਲ ਕਿਲ੍ਹੇ ਵਿਖੇ ਹੋਈ ਹਿੰਸਾ ਦੇ ਸਬੰਧ ਵਿਚ ਦੇਸ਼ਧ੍ਰੋਹ ਦਾ ਕੇਸ ਵੀ ਦਰਜ ਕਰ ਕੇ ਅਪਣੀ ਜਾਂਚ ਨੂੰ ਤੇਜ਼ ਕਰ ਦਿਤਾ ਹੈ | (ਪੀਟੀਆਈ)
------------------image