
ਸਿੰਘੂ ਬਾਰਡਰ 'ਤੇ ਠੀਕਰੀ ਪਹਿਰਾ ਦਿੰਦੇ ਕਿਸਾਨਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਸਰਕਾਰ
ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਆਰਐਸਐਸ ਵਲੋਂ ਕੀਤੇ ਜਾ ਰਹੇ ਹਨ ਸਾਡੇ 'ਤੇ ਹਮਲੇ
ਨਵੀਂ ਦਿੱਲੀ, 29 ਜਨਵਰੀ (ਹਰਦੀਪ ਸਿੰਘ ਭੋਗਲ) : ਕੁੰਡਲੀ ਬਾਰਡਰ 'ਤੇ ਪਹਿਰਾ ਦੇ ਰਹੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁਧ ਵਰ੍ਹਦਿਆਂ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਸਾਜ਼ਿਸ਼ਾਂ ਰਚ ਕੇ ਖ਼ਤਮ ਕਰਨ ਵਾਲੇ ਪਾਸੇ ਜਾ ਰਹੀ ਹੈ | ਕਿਸਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਆਰਐਸਐਸ ਵਾਲੇ ਕਿਸਾਨਾਂ 'ਤੇ ਹਮਲਾ ਕਰ ਰਹੇ ਹਨ | ਅਜਿਹੇ ਮਾਹੌਲ ਵਿਚ ਕਿਸਾਨੀ ਅੰਦੋਲਨ ਦੀ ਰਾਖੀ ਕਰਨਾ ਸਾਡਾ ਪਹਿਲਾ ਫਰਜ਼ ਹੈ | ਕਿਸਾਨਾਂ ਨੇ ਕਿਹਾ ਕਿ ਅਸੀ ਅਪਣੀਆਂ ਫਸਲਾਂ ਦੀ ਰਾਖੀ ਕਰਦੇ ਹਾਂ ਪਰ ਅੱਜ ਸਾਡੀ 'ਤੇ ਅਪਣੇ ਅੰਦੋਲਨ ਨੂੰ ਰਾਖੀ ਕਰਨ ਦੀ ਜਿੰਮੇਵਾਰੀ ਆ ਗਈ ਹੈ ਤੇ ਇਸ ਜ਼ਿੰਮੇਵਾਰੀ ਨੂੰ ਅਸੀ ਬਾਖ਼ੂਬੀ ਨਿਭਾਅ ਰਹੇ ਹਾਂ | ਇਥੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਰਕਾਰ 26 ਜਨਵਰੀ ਦੀ ਘਟਨਾ ਦੇ ਬਹਾਨੇ ਕਿਸਾਨੀ ਅੰਦੋਲਨ 'ਤੇ ਨਿਸ਼ਾਨੀ ਲਾ ਰਹੀ ਹੈ | ਪਰ ਦੇਸ਼ ਦੇ ਲੋਕ ਭਾਜਪਾ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁਕੇ ਹਨ | ਕਿਸਾਨਾਂ ਨੇ ਦਸਿਆ ਕਿ ਕੇਂਦਰ ਸਰਕਾਰ ਵਲੋਂ ਕਿਸਾਨੀ ਅੰਦੋਲਨ ਵਿਚ ਕਿਸਾਨਾਂ ਦੀਆਂ ਜ਼ਰੂਰੀ ਵਸਤਾਂ 'ਤੇ ਲਗਾਤਾਰ ਰੋਕ ਲਾਈ ਜਾ ਰਹੀ ਹੈ ਅਤੇ ਇਥੇ ਪੀਣ ਵਾਲੇ ਪਾਣੀ ਨੂੰ ਵੀ ਰੋਕਿਆ ਜਾ ਰਿਹਾ ਹੈ |
ਨੌਜਵਾਨ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਦਬਾਉਣ ਦੇ ਲਈ ਜਿੰਨਾ ਮਰਜ਼ੀ ਤਸ਼ਦਦ ਕਰ ਲਵੇ ਪਰ ਅਸੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇimage | ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਫੁੱਟ ਨਹੀਂ ਬਲਕਿ ਸਰਕਾਰ ਜਾਣ ਬੁੱਝ ਕੇ ਅੰਦੋਲਨ ਵਿਚ ਫੁੱਟ ਦੀਆਂ ਅਫ਼ਵਾਹਾਂ ਫੈਲਾਅ ਰਹੀ ਹੈ |