
ਭਾਰਤ ਸਰਕਾਰ ਨੇ 2017 'ਚ ਇਜ਼ਾਰਾਈਲ ਤੋਂ ਖ਼੍ਰੀਦਿਆ ਸੀ ਮਿਜ਼ਾਈਲ ਸਿਸਟਮ ਅਤੇ ਪੈਗਾਸਸ ਸਪਾਈਵੇਅਰ
ਭਾਰਤ ਸਰਕਾਰ ਨੇ 2017 'ਚ ਇਜ਼ਾਰਾਈਲ ਤੋਂ ਖ਼੍ਰੀਦਿਆ ਸੀ ਮਿਜ਼ਾਈਲ ਸਿਸਟਮ ਅਤੇ ਪੈਗਾਸਸ ਸਪਾਈਵੇਅਰ
ਦੋ ਅਰਬ ਡਾਲਰ ਵਿਚ ਹੋਇਆ ਸੀ ਰਖਿਆ ਸੌਦਾ
ਨਿਊਯਾਰਕ, 29 ਜਨਵਰੀ : ਭਾਰਤ-ਇਜ਼ਾਰਾਈਲ ਵਿਚਕਾਰ 2017 ਵਿਚ ਲਗਭਗ ਦੋ ਅਰਬ ਡਾਲਰ ਦੇ ਹਥਿਆਰ ਅਤੇ ਖ਼ੁਫੀਆ ਉਪਕਰਣ ਨੂੰ ਲੈ ਕੇ ਇਕ ਰਖਿਆ ਸੌਦਾ ਹੋਇਆ ਸੀ ਜਿਸ ਵਿਚ ਇਜ਼ਰਾਈਲੀ ਸਪਾਈਵੇਅਰ ਪੈਗਾਸਸ ਅਤੇ ਇਕ ਮਿਜ਼ਾਈਲ ਪ੍ਰਣਾਲੀ ਦੀ ਖ਼ਰੀਦ ਮੁੱਖ ਤੌਰ 'ਤੇ ਸ਼ਾਮਲ ਸੀ | ਅਮਰੀਕਾ ਦੇ 'ਦਿ ਨਿਊਯਾਰਕ ਟਾਈਮਜ਼' ਨੇ ਅਪਣੀ ਖ਼ਬਰ ਵਿਚ ਇਹ ਦਾਅਵਾ ਕੀਤਾ ਹੈ |
'ਦਿ ਨਿਊਯਾਰਕ ਟਾਈਮਜ਼' ਨੇ 'ਦਿ ਬੈਟਲ ਫ਼ਾਰ ਦਿ ਵਲਡਜ਼ ਮੋਸਟ ਪਾਵਰਫੁਲ ਸਾਈਬਰਵੇਪਨ' ਸਿਰਲੇਖ ਵਾਲੀ ਖ਼ਬਰ ਵਿਚ ਕਿਹਾ ਕਿ ਇਜ਼ਰਾਈਲੀ ਕੰਪਨੀ ਐਨਐਸਓ ਗਰੁੱਪ ਲਗਭਗ ਇਕ ਦਹਾਕੇ ਤੋਂ ਇਸ ਦਾਅਵੇ ਨਾਲ ''ਅਪਣੇ ਜਾਸੂਸੀ ਸਾਫ਼ਟਵੇਅਰ ਨੂੰ ਦੁਨੀਆਂ ਭਰ 'ਚ ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਖ਼ੁਫੀਆ ਏਜੰਸੀਆਂ ਨੂੰ ਵੇਚ' ਰਹੀ ਸੀ ਕਿ ਇਸ ਤੋਂ ਚੰਗਾ ਕੰਮ ਕੋਈ ਹੋਰ ਨਹੀਂ ਕਰ ਸਕਦਾ | ਖ਼ਬਰ ਵਿਚ ਜੁਲਾਈ 2017 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜ਼ਰਾਈਲ ਦੌਰੇ ਦਾ ਵੀ ਜ਼ਿਕਰ ਕੀਤਾ ਗਿਆ | ਇਹ ਕਿਸੇ ਭਾਰਤੀ ਪ੍ਰਧਾਨ ੍ਰਮੰਤਰੀ ਦਾ ਪਹਿਲਾ ਇਜ਼ਰਾਈਲੀ ਦੌਰਾ ਸੀ |
ਖ਼ਬਰ ਵਿਚ ਕਿਹਾ ਗਿਆ ਹੈ, ''ਦਹਾਕਿਆਂ ਤੋਂ, ਭਾਰਤ ਨੇ 'ਫ਼ਲਸਤੀਨੀ ਮੁੱਦੇ ਪ੍ਰਤੀ ਵਚਨਬੱਧਤਾ'' ਦੀ ਨੀਤੀ ਕਾਇਮ ਰੱਖੀ ਸੀ ਅਤੇ ਇਜ਼ਰਾਈਲ ਨਾਲ ਸਬੰਧ ਠੰਢੇ ਪਏ ਸਨ | ਮੋਦੀ ਦੀ ਫੇਰੀ ਖ਼ਾਸ ਤੌਰ 'ਤੇ ਵਧੀਆ ਰਹੀ ਸੀ | ਖ਼ਬਰ ਮੁਤਾਬਕ ''ਉਨ੍ਹਾਂ ਕੋਲ ਗਰਮਜੋਸ਼ੀ ਭਰੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਕਾਰਨ ਸੀ |
ਉਨ੍ਹਾਂ ਦੇ ਦੇਸ਼ ਲਗਭਗ ਦੋ ਅਰਬ ਅਮਰੀਕੀ ਡਾਲਰ ਦੇ ਹਥਿਆਰ
ਅਤੇ ਖ਼ੁਫੀਆ ਉਪਕਰਨ ਸੌਦੇ 'ਤੇ ਸਹਿਮਤ ਹੋਏ ਸਨ, ਜਿਸ ਦੇ ਕੇਂਦਰ ਬਿੰਦੂ ਪੇਗਾਸਸ ਅਤੇ ਇਕ ਮਿਜ਼ਾਈਲ ਪ੍ਰਣਾਲੀ ਸਨ | ''
ਖ਼ਬਰਾਂ ਦੇ ਅਨੁਸਾਰ, Tਮਹੀਨੇ ਬਾਅਦ, ਨੇਤਨਿਯਾਹੂ ਨੇ ਭਾਰਤ ਦਾ ਇਕ ਦੁਰਲੱਭ ਰਾਜ ਦੌਰਾ ਕੀਤਾ | ਅਤੇ ਜੂਨ 2019 ਵਿਚ, ਭਾਰਤ ਨੇ ਸੰਯੁਕਤ ਰਾਸ਼ਟਰ ਦੀ ਆਰਥਕ ਅਤੇ ਸਮਾਜਕ ਪ੍ਰੀਸ਼ਦ ਵਿਚ ਇਜ਼ਰਾਈਲ ਦਾ ਸਮਰਥਨ ਕਰਦੇ ਹੋਏ, ਫ਼ਲਸਤੀਨੀ ਮਨੁੱਖੀ ਅਧਿਕਾਰ ਸੰਗਠਨ ਨੂੰ ਅਬਜ਼ਰਵਰ ਦਾ ਦਰਜਾ ਦੇਣ ਤੋਂ ਇਨਕਾਰ ਕਰਨ ਲਈ ਵੋਟ ਦਿਤੀ | ਭਾਰਤ ਨੇ ਪਹਿਲੀ ਵਾਰ ਅਜਿਹਾ ਕੀਤਾ |'' ਪੀਟੀਆਈ ਨੇ ਨਿਊਯਾਰਕ ਟਾਈਮਜ਼ ਦੀ ਇਸ ਖ਼ੁਬਰ 'ਤੇ ਸਰਕਾਰ ਤੋਂ ਪ੍ਰਤੀਕਿਰਿਆ ਮੰਗੀ, ਪਰ ਕੋਈ ਜਵਾਬ ਨਹੀਂ ਮਿਲਿਆ |
ਜ਼ਿਕਰਯੋਗ ਹੈ ਕਿ ਪਿਛਲੇ ਸਾਲ, ਇਸ ਗੱਲ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਕਿ ਭਾਰਤ ਵਿਚ ਇਜ਼ਾਰਾਈਲੀ ਸਪਾਈਵੇਅਰ ਪੈਗਾਸਸ ਦਾ ਇਸਤੇਮਾਲ ਕਰ ਕੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਨਿਗਰਾਨੀ ਕੀਤੀ ਜਾ ਰਹੀ ਹੈ | ਅਕਤੂਬਰ ਵਿਚ, ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਲਈ ਇਕ 3 ਮੈਂਬਰੀ ਆਜ਼ਾਦ ਮਾਹਰ ਕਮੇਟੀ ਬਣਾਉਂਦੇ ਹੋਏ ਕਿਹਾ ਸੀ ਕਿ ਸਰਕਾਰ ਹਰ ਵਾਰ ਰਾਸ਼ਟਰੀ ਸੁਰੱਖਿਆ ਦਾ ਖ਼ਤਰਾ ਦੱਸ ਕੇ ਸਵਾਲਾਂ ਤੋਂ ਬਚ ਨਹੀਂ ਸਕਦੀ |
ਉਥੇ ਹੀ, ਇਜ਼ਾਰਾਈਲ ਨੇ ਪਿਛਲੇ ਸਾਲ ਨਵੰਬਰ 'ਚ ਪੇਗਾਸਸ ਵਿਵਾਦ ਤੋਂ ਖ਼ੁਦ ਨੂੰ ਦੂਰ ਕਰ ਲਿਆ ਸੀ, ਜਦ ਅਮਰੀਕਾ ਨੇ ਸਪਾਈਵੇਅਰ ਦੀ ਨਿਰਮਾਤਾ ਕੰਪਨੀ ਐਨਐਸਓ ਸਮੂਹ ਨੂੰ ਕਾਲੀ ਸੂਚੀ ਵਿਚ ਪਾ ਦਿਤਾ ਸੀ | ਇਜ਼ਰਾਈਲ ਨੇ ਕਿਹਾ ਸੀ ਕਿ ਇਹ ਇਕ ਨਿਜੀ ਕੰਪਨੀ ਹੈ ਅਤੇ ਇਸ ਦਾ ਇਜ਼ਰਾਈਲ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ | (ਏਜੰਸੀ)