
ਲਾਗ ਦੇ ਮਾਮਲਿਆਂ ’ਚ ਤਬਦੀਲੀ ਨਾ ਹੋਣ ’ਤੇ ਵੀ ਕੋਵਿਡ ਦਾ ਖ਼ਤਰਾ ਬਰਕਰਾਰ : ਡਬਲਿਊ.ਐਚ.ਓ
ਨਵੀਂ ਦਿੱਲੀ, 29 ਜਨਵਰੀ : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੀ ਸੀਨੀਅਰ ਅਧਿਕਾਰੀ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਭਾਰਤ ਦੇ ਕੁੱਝ ਸ਼ਹਿਰਾਂ ਅਤੇ ਸੂਬਿਆਂ ’ਚ ਭਾਵੇਂ ਹੀ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਇਕ ਪੱਧਰ ’ਤੇ ਪਹੁੰਚਣ ਤੋਂ ਬਾਅਦ ਤਬਦੀਲੀ ਨਾ ਹੋ ਰਹੀ ਹੋਵੇ ਪਰ ਖਤਰਾ ਹਾਲੇ ਵੀ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਲਾਗ ਫੈਲਣ ਤੋਂ ਰੋਕਣ ਅਤੇ ਸਥਿਤੀ ਅਨੁਸਾਰ ਕਦਮ ਚੁੱਕਣ ’ਤੇ ਹੋਣਾ ਚਾਹੀਦਾ।
ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਦੇਸ਼ ’ਚ ਕੁੱਝ ਥਾਂਵਾਂ ’ਤੇ ਕੋਰੋਨਾ ਦੇ ਮਾਮਲੇ ਘੱਟ ਹੋਣ ਜਾਂ ਉਨ੍ਹਾਂ ’ਚ ਕੋਈ ਤਬਦੀਲੀ ਨਹੀਂ ਹੋਣ ਦੇ ਸੰਕੇਤ ਮਿਲੇ ਹਨ ਪਰ ਇਸ ਰੁਝਾਨ ’ਤੇ ਗ਼ੌਰ ਕਰਨ ਦੀ ਜ਼ਰੂਰਤ ਹੈ। ਭਾਰਤ ’ਚ ਕੋਰੋਨਾ ਵਾਇਰਸ ਮਾਮਲਿਆਂ ’ਚ ਤਬਦੀਲੀ ਨਹੀਂ ਹੋਣ ਦੇ ਸਵਾਲ ’ਤੇ ਪੂਨਮ ਨੇ ਕਿਹਾ ਕਿ ਕੋਰੋਨਾ ਦਾ ਖਤਰਾ ਬਰਕਰਾਰ ਹੈ ਅਤੇ ਮੌਜੂਦਾ ਸਮੇਂ ਲਗਾ ਫੈਲਣ ਦੀ ਦਰ ਦੇ ਉਲਟ ਕੋਈ ਵੀ ਦੇਸ਼ ‘ਜੋਖਮ ਤੋਂ ਬਾਹਰ ਨਹੀਂ ਹੈ।’
ਪੂਨਮ ਨੇ ਕਿਹਾ,‘‘ਇਸ ਲਈ ਭਾਵੇਂ ਹੀ ਕੁੱਝ ਸ਼ਹਿਰਾਂ ਜਾਂ ਸੂਬਿਆਂ ’ਚ ਲਾਗ ਦੇ ਮਾਮਲੇ ਸਥਿਰ ਹੋਣ ਪਰ ਸੰਕਟ ਬਰਕਰਾਰ ਹੈ। ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਸਾਡਾ ਧਿਆਨ ਲਾਗ ਫੈਲਣ ਤੋਂ ਰੋਕਣ, ਜਨਤਕ ਸਿਹਤ ਦੀ ਸਥਿਤੀ ਅਨੁਸਾਰ ਕਦਮ ਚੁਕਣ ਅਤੇ ਟੀਕਾਕਰਨ ਦਾ ਦਾਇਰਾ ਵਧਾਉਣ ’ਤੇ ਹੋਣਾ ਚਾਹੀਦਾ। ਇਸ ਮਹਾਂਮਾਰੀ ਨਾਲ ਸਾਰੇ ਦੇਸ਼ਾਂ ਨੂੰ ਇਹੀ ਕਰਨ ਦੀ ਜ਼ਰੂਰਤ ਹੈ।’’ ਇਹ ਪੁੱਛੇ ਜਾਣ ’ਤੇ ਕੀ ਗਲੋਬਰ ਮਹਾਂਮਾਰੀ ਹੁਣ ਸਥਾਨਕ ਮਹਾਂਮਾਰੀ (ਐਂਡੇਮਿਕ) ਦੇ ਪੜਾਅ ’ਚ ਪਹੁੰਚ ਗਈ ਹੈ, ਪੂਨਮ ਨੇ ਕਿਹਾ,‘‘ਮੌਜੂਦਾ ਸਮੇਂ ਅਸੀਂ ਹੁਣ ਵੀ ਗਲੋਬਲ ਮਹਾਂਮਾਰੀ ਦਰਮਿਆਨ ਹਾਂ ਅਤੇ ਸਾਡਾ ਧਿਆਨ ਲਾਗ ਫੈਲਣ ਤੋਂ ਰੋਕਣ ਅਤੇ ਜੀਵਨ ਬਚਾਉਣ ’ਤੇ ਹੋਣਾ ਚਾਹੀਦਾ।’’
ਉਨ੍ਹਾਂ ਕਿਹਾ,‘‘ਸਥਾਨਕ ਮਹਾਂਮਾਰੀ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਵਾਇਰਸ ਚਿੰਤਾ ਦਾ ਕਾਰਨ ਨਹੀਂ ਹੈ।’’ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਨਾਲ ਤੁਲਨਾ ਕਰਦੇ ਹੋਏ ਪੂਨਮ ਨੇ ਕਿਹਾ ਕਿ ਓਮੀਕਰੋਨ ਫੇਫੜਿਆਂ ਦੀ ਬਜਾਏ ਸਾਹ ਨਲੀ ਦੇ ਉੱਪਰੀ ਹਿੱਸੇ ਨੂੰ ਤੇਜ਼ੀ ਨਾਲ ਪ੍ਰਭਾਵਤ ਕਰਦਾ ਹੈ, ਇਸ ਲਈ ਵੀ ਵਾਇਰਸ ਦਾ ਇਹ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਕਿਹਾ,‘‘ਓਮੀਕਰੋਨ ਨਾਲ ਪੀੜਤ ਦੀ ਤੁਲਨਾ ਵਾਇਰਸ ਦੇ ਹੋਰ ਰੂਪਾਂ ਨਾਲ ਕਰੀਏ ਤਾਂ ਅਜਿਹਾ ਲਗਦਾ ਹੈ ਕਿ ਗੰਭੀਰ ਬੀਮਾਰੀ ਅਤੇ ਮੌਤ ਦਾ ਖਤਰਾ ਘੱਟ ਹੈ ਪਰ ਲਾਗ ਦੇ ਮਾਮਲਿਆਂ ਦੀ ਜ਼ਿਆਦਾ ਗਿਣਤੀ ਕਾਰਨ ਕਈ ਦੇਸ਼ਾਂ ’ਚ ਵੱਡੀ ਗਿਣਤੀ ’ਚ ਰੋਗੀ ਹਸਪਤਾਲ ਪਹੁੰਚ ਰਹੇ ਹਨ, ਜਿਸ ਨਾਲ ਸਿਹਤ ਸੇਵਾ ’ਤੇ ਪ੍ਰਤੀਕੂਲ ਅਸਰ ਪੈ ਰਿਹਾ ਹੈ।’’ ਪੂਨਮ ਨੇ ਕਿਹਾ ਕਿ ਸਾਰੇ ਦੇਸ਼ਾਂ ’ਚ ਟੀਕਾਕਰਨ ਦਾ ਦਾਇਰਾ ਵਧਾਉਣ ਅਤੇ ਇਸ ’ਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। (ਏਜੰਸੀ)