
ਯੂ.ਪੀ. ’ਚ ਲੋਕ ਕਿਸਾਨਾਂ ਦੀ ਗੱਲ ਕਰਨ ਵਾਲਿਆਂ ਦਾ ਪੱਖ ਲੈਣਗੇ, ਹਿੰਦੂ-ਮੁਸਲਿਮ ਕਰਨ ਵਾਲਿਆਂ ਦਾ ਨਹੀਂ : ਟਿਕੈਤ
ਲਖਨਊ, 29 ਜਨਵਰੀ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ’ਚ ਸ਼ਾਮਲ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਕਿ ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਨਤ ਸਿਰਫ਼ ਉਨ੍ਹਾਂ ਦਾ ਪੱਖ ਹੀ ਲਵੇਗੀ ਜੋ ਕਿਸਾਨਾਂ ਦੀ ਭਲਾਈ ਦੀ ਗੱਲ ਕਰਦੇ ਹਨ ਅਤੇ ਉਹ ਮੁਹੰਮਦ ਅਲੀ ਜਿਨਾਹ ਅਤੇ ਪਾਕਿਸਤਾਨ ਦਾ ਨਾਂ ਲੈ ਕੇ ਧਾਰਮਕ ਆਧਾਰ ’ਤੇ ਧਰੂਵੀਕਰਨ ਕਰਨ ਵਾਲਿਆਂ ਦਾ ਭਲਾ ਨਹੀਂ ਕਰਨਗੇ।
ਟਿਕੈਤ ਨੇ ਇਕ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਯੂ.ਪੀ ’ਚ ਕਿਸਾਨ ਸੰਕਟ ’ਚੋਂ ਲੰਘ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਅਪਣੀ ਫ਼ਸਲ ਦਾ ਘੱਟ ਮੁੱਲ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ‘ਵਾਧੂ’ ਬਿਜਲੀ ਬਿਲ ਦੇ ਭੁਗਤਾਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਪ੍ਰਭਾਵੀ ਮੁੱਦਿਆਂ ਦੇ ਸਵਾਲ ’ਤੇ ਟਿਕੈਤ ਨੇ ਕਿਹਾ,‘‘ਕਿਸਾਨਾਂ, ਬੇਰੋਜ਼ਗਾਰਾਂ, ਨੌਜਵਾਨਾਂ ਅਤੇ ਮੱਧਮ ਵਰਗਾਂ ਲਈ ਮਹਿੰਗਾਈ ਸਮੇਤ ਕਈ ਮੁੱਦੇ ਹਨ ਪਰ ਜਿਨਾਹ ਅਤੇ ਪਾਕਿਸਤਾਨ ’ਤੇ ਨਿਯਮਤ ਬਿਆਨਾਂ ਰਾਹੀਂ ਹਿੰਦੂ ਮਸਲਮਾਨਾਂ ਵਿਚਕਾਰ ਧਰੂਵੀਕਰਨ ਦੀ ਭਾਵਨਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜਿਹਾ ਕਰਨ ਵਾਲਿਆਂ ਦੀ ਕੋਸ਼ਿਸ਼ ਸਫ਼ਲ ਨਹੀਂ ਹੋਵੇਗੀ ਬਲਕਿ ਇਹ ਉਨ੍ਹਾਂ ਨੂੰ ਨੁਕਸਾਨਾ ਪਹੁੰਚਾਏਗਾ।’’ ਟਿਕੈਤ ਨੇ ਹਾਲਾਂਕਿ ਕਿਸੇ ਵਿਅਕਤੀ ਅਤੇ ਪਾਰਟੀ ਦਾ ਨਾਮ ਨਾ ਲਿਆ।
ਇਹ ਪੁੱਛੇ ਜਾਣ ’ਤੇ ਕਿ ਕੀ ਉਹ ਚੋਣਾਂ ’ਚ ਭਾਜਪਾ ਵਿਰੁਧ ਪ੍ਰਚਾਰ ਕਰਨਗੇ, ਟਿਕੈਤ ਨੇ ਕਿਹਾ, ‘‘ਸਾਡੀ ਅਜਿਹੀ ਕੋਈ ਯੋਜਨਾ ਨਹੀਂ ਹੈ। ਮੈਂ ਰਾਜਨੇਤਾ ਨਹੀਂ ਹਾਂ, ਮੈਂ ਸਿਆਸੀ ਪਾਰਟੀਆਂ ਤੋਂ ਦੂਰ ਰਹਿੰਦਾ ਹਾਂ। ਮੈਂ ਸਿਰਫ਼ ਕਿਸਾਨਾਂ ਦੇ ਮੁੱਦਿਆਂ ਬਾਰੇ ਗੱਲ ਕਰਦਾ ਹਾਂ ਅਤੇ ਲੋਕਾਂ ਨੂੰ ਅਪਣੇ ਆਗੂਆਂ ਤੋਂ ਸਵਾਲ ਕਰਨ ਦੀ ਅਪੀਲ ਕਰਦਾ ਹਾਂ। ਮੈਂ ਕਿਸਾਨਾਂ ਦਾ ਮੁੱਦੇ ਚੁਕਦਾ ਹਾਂ।’’ (ਏਜੰਸੀ)