
ਦੂਰ-ਦੁਰਾਡੇ ਹੋਈਆਂ ਤਾਇਨਾਤੀਆਂ ਨੂੰ ਮੰਨਿਆ ਜਾ ਰਿਹਾ ਕਾਰਨ
Punjab News: ਸਿੱਖਿਆ ਵਿਭਾਗ ਪੰਜਾਬ ਵਲੋਂ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਣਾਏ ਗਏ 40 ਪ੍ਰਿੰਸੀਪਲਾਂ 'ਚੋਂ ਕਰੀਬ 2 ਦਰਜਨ ਨੇ ਤਰੱਕੀ ਲੈਣ ਤੋਂ ਇਨਕਾਰ ਕਰ ਦਿਤਾ ਹੈ ਜਦਕਿ ਤਰੱਕੀ ਦੇ ਕੇ ਸਹਾਇਕ ਡਾਇਰੈਕਟਰ ਬਣਾਏ 11 ਪ੍ਰਿੰਸੀਪਲਾਂ 'ਚੋਂ ਵੀ ਅੱਧੀ ਦਰਜਨ ਨੇ ਤਰੱਕੀ ਨੂੰ ਨਾਂਹ ਕਹਿ ਦਿਤੀ ਹੈ।
ਦਰਅਸਲ ਸਿੱਖਿਆ ਵਿਭਾਗ ਪੰਜਾਬ ਵਲੋਂ 25 ਜਨਵਰੀ ਨੂੰ 51 ਪ੍ਰਿੰਸੀਪਲਾਂ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਹਾਇਕ ਡਾਇਰੈਕਟਰ ਬਣਾਉਣ ਦੇ ਹੁਕਮ ਦਿਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਪ੍ਰਿੰਸੀਪਲਾਂ 'ਚੋਂ ਜ਼ਿਆਦਾਤਰ ਦੀਆਂ ਦੂਰ- ਦੁਰਾਡੇ ਤਾਇਨਾਤੀਆਂ ਕੀਤੀਆਂ ਗਈਆਂ ਹਨ, ਇਹੀ ਕਾਰਨ ਹੈ ਕਿ ਇਹ ਅਧਿਕਾਰੀ ਅਪਣੇ ਪੁਰਾਣੇ ਸਕੂਲਾਂ ਵਿਚ ਤਾਇਨਾਤੀ ਬਰਕਰਾਰ ਰੱਖਣ ਲਈ ਜੱਦੋ-ਜਹਿਦ ਕਰ ਰਹੇ ਹਨ।
ਸੂਤਰਾਂ ਅਨੁਸਾਰ ਬੀਤੇ 4 ਦਿਨਾਂ ਦੌਰਾਨ ਹੀ ਤਰੱਕੀ ਦੇ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ, ਐਲੀਮੈਂਟਰੀ ਤੇ ਸੈਕੰਡਰੀ ਬਣਾਏ 40 ਪ੍ਰਿੰਸੀਪਲਾਂ ਵਿਚੋਂ 2 ਦਰਜਨ ਦੇ ਕਰੀਬ ਪ੍ਰਿੰਸੀਪਲਾਂ ਨੇ ਤਰੱਕੀ ਤੋਂ ਇਨਕਾਰ ਕਰ ਦਿਤਾ, ਜਦਕਿ ਤਰੱਕੀ ਦੇ ਕੇ ਸਹਾਇਕ ਡਾਇਰੈਕਟਰ ਬਣਾਏ 11 ਪ੍ਰਿੰਸੀਪਲਾਂ 'ਚੋਂ ਵੀ ਅੱਧੀ ਦਰਜਨ ਪ੍ਰਿੰਸੀਪਲਾਂ ਨੇ ਤਰੱਕੀ ਲੈਣ ਤੋਂ ਨਾਂਹ ਕਰ ਦਿਤੀ ਹੈ।
ਪ੍ਰਿੰਸੀਪਲਾਂ ਨੇ ਕਿਹਾ ਕਿ ਜਦੋਂ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਤਰੱਕੀ ਦਿੰਤੀ ਜਾਂਦੀ ਹੈ ਤਾਂ ਉਨ੍ਹਾਂ ਤੋਂ ਸਟੇਸ਼ਨ ਦੀ ਚੋਣ ਕਰਵਾਈ ਜਾਂਦੀ ਹੈ ਪਰ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰਨ ਸਮੇਂ ਭਰੋਸੇ ਵਿਚ ਨਹੀਂ ਲਿਆ ਗਿਆ। ਕਈ ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰ ਅਪਣੇ ਚਹੇਤਿਆਂ ਨੂੰ ਮੁੜ ਜ਼ਿਲ੍ਹਾ ਸਿੱਖਿਆ ਅਫ਼ਸਰ ਲਗਾਉਣਾ ਚਾਹੁੰਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।