
ASER Report: ਪੰਜਾਬ ਨੇ ਲਗਭਗ ਸਾਰੇ ਮਾਪਦੰਡਾਂ ’ਚ ਰਾਸ਼ਟਰੀ ਔਸਤ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ
ASER Report: ਪ੍ਰਥਮ ਫ਼ਾਊਂਡੇਸ਼ਨ ਵਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਗ੍ਰਾਮੀਣ ਭਾਰਤ ਲਈ ਸਲਾਨਾ ਸਥਿਤੀ ਦੀ ਸਿਖਿਆ ਰਿਪੋਰਟ (ਏ.ਐੱਸ.ਈ.ਆਰ.) 2024 ਦੇ ਨਤੀਜਿਆਂ ਦੇ ਅਨੁਸਾਰ, ਪੇਂਡੂ ਪੰਜਾਬ ਦੇ 3ਵੀਂ ਜਮਾਤ ਦੇ ਸਿਰਫ਼ 34 ਫ਼ੀ ਸਦੀ ਬੱਚੇ ਹੀ ਜਮਾਤ 2 ਦੇ ਪੱਧਰ ’ਤੇ ਮੁੱਢਲੀ ਪਾਠ ਸਮੱਗਰੀ ਪੜ੍ਹ ਸਕਦੇ ਹਨ, ਪਰ ਇਨ੍ਹਾਂ ਵਿਚੋਂ ਘੱਟੋ-ਘੱਟ 51 ਫ਼ੀ ਸਦੀ ਘਟਾ ਕਰ ਸਕਦੇ ਹਨ।
ਪੇਂਡੂ ਪੰਜਾਬ ਦੇ ਬੱਚਿਆਂ ਦੇ ਸਿੱਖਣ ਦੇ ਪੱਧਰ ’ਤੇ ਕਰਵਾਏ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਅੰਕ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਕਾਫੀ ਸੁਧਾਰ ਹੋਇਆ ਹੈ ਪਰ ਪੜ੍ਹਨ ਦੀ ਯੋਗਤਾ ਅਜੇ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ, ਪੰਜਾਬ ਨੇ ਲਗਭਗ ਸਾਰੇ ਮਾਪਦੰਡਾਂ ਵਿਚ ਰਾਸ਼ਟਰੀ ਔਸਤ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਸਰਵੇਖਣ ਵਿਚ ਇਹ ਵੀ ਪਾਇਆ ਗਿਆ ਹੈ ਕਿ ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਵਿਚ ਸਿਖਿਆ ਦੇ ਪੱਧਰ ਵਿਚ ਵਾਧਾ ਹੋਇਆ ਹੈ।
ਗ੍ਰਾਮੀਣ ਭਾਰਤ ਦੀ ਰਿਪੋਰਟ ਦੋ ਸਾਲਾਂ ਬਾਅਦ ਜਾਰੀ ਕੀਤੀ ਗਈ ਹੈ, ਪਿਛਲੀ ਰਿਪੋਰਟ 2022 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਵਾਰ ਇਹ ਸਰਵੇਖਣ ਦੇਸ਼ ਭਰ ਦੇ 605 ਜ਼ਿਲ੍ਹਿਆਂ ਦੇ 17997 ਪਿੰਡਾਂ ਵਿਚ ਕੀਤਾ ਗਿਆ ਹੈ, ਜਿਸ ਵਿਚ 3 ਤੋਂ 16 ਸਾਲ ਦੀ ਉਮਰ ਦੇ 6.49 ਲੱਖ ਬੱਚਿਆਂ ਦਾ ਸਰਵੇਖਣ ਕੀਤਾ ਗਿਆ ਹੈ। ਪੰਜਾਬ ਵਿਚ ਇਹ ਸਰਵੇ 20 ਜ਼ਿਲ੍ਹਿਆਂ ਦੇ 600 ਪਿੰਡਾਂ ਵਿਚ ਕੀਤਾ ਗਿਆ ਹੈ। ਪੰਜਾਬ ਵਿਚ ਕੁਲ 20,226 ਬੱਚਿਆਂ ਦਾ ਸਰਵੇਖਣ ਕੀਤਾ ਗਿਆ ਹੈ। ਰਿਪੋਰਟ ਮੁਤਾਬਕ 2022 ’ਚ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਸਾਲ 6 ਤੋਂ 14 ਸਾਲ ਦੇ ਬੱਚਿਆਂ ਦੇ ਦਾਖ਼ਲੇ ਦੀ ਦਰ 58.8 ਫ਼ੀ ਸਦੀ ਸੀ ਜੋ 2024 ਘੱਟ ਕੇ 58 ਫ਼ੀ ਸਦੀ ਰਹਿ ਗਈ ਅਤੇ ਇਸੇ ਤਰ੍ਹਾਂ ਨਿਜੀ ਸਕੂਲਾਂ ’ਚ 2022 ’ਚ ਇਹ ਦਰ 40.4 ਫ਼ੀ ਸਦੀ ਸੀ ਜੋ 2024 ’ਚ ਵਧ ਕੇ 41.3 ਫ਼ੀ ਸਦੀ ਹੋ ਗਈ।