
ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ ਹੋਇਆ ਨਾਮੀ ਗੈਂਗਸਟਰ ਅਸ਼ੋਕ ਕੁਮਾਰ ਵੋਹਰਾ ਉਰਫ਼ ਅਮਨ ਸੇਠ ਅਤੇ ਉਸ ਦਾ ਸਾਥੀ ਲਵਪ੍ਰੀਤ ਲਵਲੀ ਕਾਬੂ ਕਰ ਲਏ ਗਏ ਹਨ।
ਫ਼ਿਰੋਜ਼ਪੁਰ, 3 ਅਗੱਸਤ (ਬਲਬੀਰ ਸਿੰਘ ਜੋਸਨ) : ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ ਹੋਇਆ ਨਾਮੀ ਗੈਂਗਸਟਰ ਅਸ਼ੋਕ ਕੁਮਾਰ ਵੋਹਰਾ ਉਰਫ਼ ਅਮਨ ਸੇਠ ਅਤੇ ਉਸ ਦਾ ਸਾਥੀ ਲਵਪ੍ਰੀਤ ਲਵਲੀ ਕਾਬੂ ਕਰ ਲਏ ਗਏ ਹਨ। ਕਾਊਂਟਰ ਇੰਟੈਲੀਜੈਂਸ ਅਤੇ ਸੀ.ਆਈ.ਏ ਸਟਾਫ਼ ਨੇ ਇਨ੍ਹਾਂ ਨੂੰ ਫ਼ਿਰੋਜ਼ਪੁਰ ਨਜ਼ਦੀਕ ਪੈਂਦੇ ਪਿੰਡ ਸੋਢੀਨਗਰ ਤੋਂ ਕਾਬੂ ਕੀਤਾ। ਇਨ੍ਹਾਂ ਕੋਲੋਂ ਇਕ ਪਿਸਟਲ 32 ਬੋਰ, 5 ਜ਼ਿੰਦਾ ਕਾਰਤੂਸ ਅਤੇ ਗਰਮਖ਼ਿਆਲੀ ਲਿਟਰੇਚਰ ਬਰਾਮਦ ਹੋਇਆ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਨੇ ਦੋ ਡੇਰੇਦਾਰਾਂ ਪਾਰਸ ਮਨੀ ਤੇ ਬਾਬਾ ਲੱਖਾ ਸਿੰਘ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਗੁਰਦੇਵ ਸਿੰਘ ਦੇ ਪੁਰਾਣੇ ਹਤਿਆ ਕਾਂਡ ਸੁਲਝਾ ਲਏ ਹਨ।
ਪ੍ਰੈਸ ਕਾਨਫ਼ਰੰਸ ਦੌਰਾਨ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਨਰਿੰਦਰਪਾਲ ਸਿੰਘ ਸਿੱਧੂ ਨੇ ਦਸਿਆ ਕਿ ਨਾਕਾਬੰਦੀ ਕਰ ਕੇ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਨ ਸੇਠ ਨੇ 2014 ਤੋਂ 2016 ਦਰਮਿਆਨ ਹੋਏ ਤਿੰਨ ਕਤਲਾਂ ਜਿਨ੍ਹਾਂ ਵਿਚ 2014 ਵਿਚ ਮੋਗਾ ਦੇ ਪਿੰਡ ਦਾਰਾਪੁਰ ਵਿਖੇ ਬਾਬਾ ਫ਼ਰੀਦ ਦੀ ਜਗ੍ਹਾ ਦੇ ਸੰਚਾਲਕ ਪਾਰਸ ਮਨੀ ਦਾ ਕਤਲ, 2016 ਵਿਚ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਗੁਰਦੇਵ ਸਿੰਘ ਪੁੱਤਰ ਰਾਮ ਸਿੰਘ ਦਾ ਕਤਲ ਅਤੇ ਰਾਜਸਥਾਨ ਦੇ ਹਨੂੰਮਾਨਗੜ੍ਹ ਵਿਖੇ ਬਾਬਾ ਲਖਵਿੰਦਰ ਸਿੰਘ ਉਰਫ਼ ਲੱਖਾ ਬਾਬਾ ਦਾ ਕਤਲ ਕਰਨ ਬਾਰੇ ਇੰਕਸ਼ਾਫ਼ ਕੀਤਾ ਹੈ।