
ਕੇਜਰੀਵਾਲ ਦੀ ਮਜੀਠੀਆ ਤੋਂ ਮਾਫ਼ੀ ਸਿਆਸੀ ਅਨਾੜੀਪਣ ਕਰਾਰ
ਪਟਿਆਲਾ ਦੇ ਆਮ ਆਦਮੀ ਪਾਰਟੀ (ਆਪ) ਦੇ ਬਾਗ਼ੀ ਲੋਕ ਸਭਾ ਮੈਂਬਰ ਡਾ: ਧਰਮਵੀਰ ਗਾਂਧੀ ਨੇ ਅੱਜ 'ਪੰਜਾਬ ਮੰਚ' ਨਾਮ ਦਾ ਇਕ ਨਵਾਂ ਧੜਾ ਬਣਾਉਣ ਦਾ ਐਲਾਨ ਕੀਤਾ ਜਿਹੜਾ ਕੁੱਝ ਅਰਸੇ ਤਕ ਇਕ ਬਕਾਇਦਾ ਸਿਆਸੀ ਪਾਰਟੀ ਵਿਚ ਵਿਕਸਤ ਹੋ ਜਾਵੇਗਾ। ਇਸ ਬਾਰੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲ ਕਰਦੇ ਹੋਏ ਡਾ. ਗਾਂਧੀ ਨੇ ਕਿਹਾ ਕਿ ਰਾਜਾਂ ਲਈ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੇ ਹਰ ਵਿਅਕਤੀ ਵਿਸ਼ੇਸ਼ ਦੇ ਉਹ ਨਾਲ ਹਨ ਤੇ ਅਗਲੀਆਂ ਚੋਣਾਂ ਇਸੇ ਮੁੱਦੇ ਨੂੰ ਮੁੱਖ ਏਜੰਡਾ ਬਣਾ ਕੇ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਨਸ਼ਿਆਂ ਦੇ ਮੁੱਦੇ ਉਤੇ ਮਾਣਹਾਨੀ ਕੇਸ 'ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿਂੰਘ ਮਜੀਠੀਆ ਤੋਂ ਮਾਫ਼ੀ ਮੰਗਣਾ ਕੇਜਰੀਵਾਲ ਦਾ ਸਿਆਸੀ ਅਨਾੜੀਪਣ ਸਾਬਤ ਕਰਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ ਉਤੇ ਡਰੱਗ ਤਸਕਰ ਜਗਦੀਸ਼ ਭੋਲਾ ਦਾ ਬਿਆਨ ਅਤੇ ਇਨਫ਼ੋਰਸਮੈਂਟ ਡਇਰੈਕਟੋਰੇਟ ਦੀ ਜਾਰੀ ਕਾਰਵਾਈ ਸਣੇ ਪੰਜਾਬ 'ਚ ਕਿੰਨਾ ਕੁੱਝ ਵਾਪਰ ਰਿਹਾ ਹੈ।
Dr. Dharamvir gandhi
ਜੇਕਰ ਕੇਜਰੀਵਾਲ ਨੂੰ ਮਾਣਹਾਨੀ ਕੇਸ 'ਚ ਕੋਈ ਸਜ਼ਾ ਵੀ ਹੋ ਜਾਂਦੀ ਤਾਂ ਵੀ ਵੱਡਾ ਸਿਆਸੀ ਫਾਇਦਾ ਮਿਲਣਾ ਸੁਭਾਵਕ ਸੀ। ਪੰਜਾਬ ਦੇ ਹਾਲੀਆ ਆਮ ਬਜਟ ਬਾਰੇ ਟਿਪਣੀ ਕਰਦੇ ਹੋਏ ਐਮ ਪੀ ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਦੀ ਭਲਾਈ ਲਈ ਕੰਮ ਕਰਨ, ਖਾਸਕਰ ਬਜਟ ਬਾਰੇ ਸਰਕਾਰ ਤੇ ਵਿਰੋਧੀ ਧਿਰਾਂ ਸੱਭ ਦਿਸ਼ਾਹੀਣ ਹਨ। ਅਪਣੇ ਨਵੇਂ ਮੰਚ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੰਚ ਦਾ ਉਦੇਸ਼ ''ਫ਼ੈਡਰਲ ਭਾਰਤ, ਜਮਹੂਰੀ ਪੰਜਾਬ'' ਦੀ ਸਿਰਜਣਾ ਹੈ ਅਤੇ ਇਕ ਅਜਿਹੇ ਦੇਸ਼ ਦਾ ਭਵਿੱਖੀ ਨਕਸ਼ਾ ਹੈ ਜਿਸ ਦੀਆਂ ਜੜ੍ਹਾਂ ਮਜ਼ਬੂਤੀ ਨਾਲ ਜਮੂਹਰੀਅਤ ਵਿਚ ਲੱਗੀਆਂ ਹੋਣ ਅਤੇ ਜਿੱਥੇ ਵਿਅਕਤੀਗਤ ਰਾਜ, ਸਮੂਹਕ ਤੌਰ 'ਤੇ ਫ਼ੈਡਰਲ ਤਾਕਤਾਂ ਮਾਣਨ, ਜਿਵੇਂ ਕਿ ਸੰਵਿਧਾਨ ਵਿਚ ''ਰਾਜਾਂ ਦਾ ਸਮੂਹ'' ਦ੍ਰਿਸ਼ਟੀ ਗੋਚਰ ਕੀਤਾ ਹੈ। ਪੰਜਾਬ ਮੰਚ ਦਾ ਵਿਸ਼ਵਾਸ ਹੈ ਕਿ ਭਾਰਤ ਦੀ ਅਸਲੀ ਹੋਣੀ, ਵੱਖੋ-ਵੱਖ ਕੌਮੀ, ਨਸਲੀ, ਧਾਰਮਕ ਤੇ ਸਭਿਆਚਾਰਕ ਧਾਗਿਆਂ ਨੂੰ ਇਕ ਮਨਮੋਹਕ ਅਤੇ ਭਰਪੂਰ ਫੁਲਕਾਰੀ ਵਿਚ ਬੁਣੇ ਜਾਣ ਨਾਲ ਜੁੜੀ ਹੋਈ ਹੈ।