
ਅੱਜ ਇਥੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਉਸ ਸਮੇਂ ਮਰੀਜ਼ਾਂ ਵਲੋਂ ਹੰਗਾਮਾ ਵੇਖਣ ਨੂੰ ਮਿਲਿਆ ਜਦ ਅਲਟਰਾਸਾਊਂਡ ਕਰਨ ਵਾਲਾ ਰੇਡੀਉਲਾਜਿਸਟ ਛੁੱਟੀ 'ਤੇ ਚਲਾ ਗਿਆ।
ਪਟਿਆਲਾ, 4 ਅਗੱਸਤ (ਰਣਜੀਤ ਰਾਣਾ ਰੱਖੜਾ) : ਅੱਜ ਇਥੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਉਸ ਸਮੇਂ ਮਰੀਜ਼ਾਂ ਵਲੋਂ ਹੰਗਾਮਾ ਵੇਖਣ ਨੂੰ ਮਿਲਿਆ ਜਦ ਅਲਟਰਾਸਾਊਂਡ ਕਰਨ ਵਾਲਾ ਰੇਡੀਉਲਾਜਿਸਟ ਛੁੱਟੀ 'ਤੇ ਚਲਾ ਗਿਆ। ਇਸ ਕਾਰਨ ਅਲਟਰਾਸਾਊਂਡ ਕਰਾਉਣ ਆ ਰਹੇ ਮਰੀਜ਼ਾਂ ਨੂੰ ਪ੍ਰੇਸ਼ਾਨ ਹੋਣਾ ਪਿਆ। ਇਸ ਤੋਂ ਬਾਅਦ ਹਸਪਤਾਲ ਮੁਖੀ ਡਾ. ਅੰਜੂ ਨੇ ਆ ਕੇ ਮਰੀਜ਼ਾਂ ਨੂੰ ਭਰੋਸਾ ਦੁਆਇਆ ਕਿ ਜਿਨ੍ਹਾਂ ਦੇ ਅਲਟਰਾਸਾਊਂਡ ਜ਼ਰੂਰੀ ਹਨ, ਉਨ੍ਹਾਂ ਦੇ ਅੱਜ ਹੀ ਕਰਵਾ ਦਿਤੇ ਜਾਣਗੇ ਅਤੇ ਜਿਨ੍ਹਾਂ ਮਰੀਜ਼ਾਂ ਦੇ ਅਲਟਰਾਸਾਊਂਡ ਜ਼ਰੂਰੀ ਨਹੀਂ ਹਨ, ਉਨ੍ਹਾਂ ਦੇ ਅਗਲੇ ਦਿਨ ਸਵੇਰੇ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਇਸ ਤੋਂ ਬਾਅਦ ਮਰੀਜ਼ਾਂ ਵਲੋਂ ਨਾਹਰੇਬਾਜ਼ੀ ਬੰਦ ਕੀਤੀ ਅਤੇ ਹਸਪਤਾਲ ਦਾ ਕੰਮ ਚਾਲੂ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਅਲਟਰਾਸਾਊਂਡ ਕਰਵਾਉਣ ਵਾਲੀਆਂ ਮਹਿਲਾਵਾਂ ਅਤੇ ਉਨ੍ਹਾਂ ਦੇ ਵਾਰਸ ਮੌਜੂਦ ਸਨ। ਉਨ੍ਹਾਂ ਨਿਜੀ ਅਲਟਰਾਸਾਊਂਡ ਵਾਲਿਆਂ ਨਾਲ ਕਥਿਤ ਮਿਲੀਭੁਗਤ ਦਾ ਦੋਸ਼ ਲਗਾਇਆ।
ਇਸ ਮੌਕੇ ਕੁੱਝ ਮਰੀਜ਼ਾਂ ਅਤੇ ਵਾਰਸਾਂ ਨੇ ਕਿਹਾ ਕਿ ਮਾਤਾ ਕੁਸ਼ੱਲਿਆ ਹਪਸਤਾਲ ਵਿਚ ਅਲਟਰਾਸਾਊਂਡ ਪੱਖੋਂ ਮਰੀਜ਼ਾਂ ਦੀ ਪ੍ਰੇਸ਼ਾਨੀ ਲੰਮੇ ਸਮੇਂ ਤੋਂ ਜਾਰੀ ਹੈ। ਇਸ ਸਬੰਧੀ ਕਈ ਵਾਰ ਉਚ ਅਧਿਕਾਰੀ ਸਮੱਸਿਆ ਸੁਣ ਚੁਕੇ ਹਨ। ਇਸ ਦੇ ਬਾਵਜੂਦ ਇਹ ਬਿਆਨਬਾਜ਼ੀ ਤਕ ਹੀ ਸੀਮਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵੀ ਡਾਕਟਰ ਗਰਭਵਤੀ ਮਹਿਲਾ ਜਾਂ ਹੋਰ ਬਿਮਾਰੀ ਸਬੰਧੀ ਅਲਟਰਾਸਾਊਂਡ ਲਿਖ ਦਿੰਦਾ ਹੈ ਤਾਂ ਇਹ ਅਲਟਰਾਸਾਊਂਡ ਹਸਪਤਾਲ ਅੰਦਰ ਛੇਤੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਾਂ ਤਾਂ ਕੁੱਝ ਦਿਨ ਦਾ ਸਮਾਂ ਦੇ ਦਿਤਾ ਜਾਂਦਾ ਹੈ ਅਤੇ ਜਾਂ ਫਿਰ ਜਲਦੀ ਕਰਵਾਉਣ ਦਾ ਕਹਿਣ 'ਤੇ ਬਾਹਰ ਨਿਜੀ ਅਲਟਰਾਸਾਊਂਡ ਸੈਂਟਰ 'ਤੇ ਜਾਣ ਦਾ ਕਹਿ ਦਿਤਾ ਜਾਂਦਾ ਹੈ, ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਹ ਦੁਖੀ ਹੋ ਕੇ ਬਾਹਰ ਨਿਜੀ ਲੈਬਾਂ 'ਤੇ ਜਾ ਕੇ ਲੁੱਟ ਦਾ ਸ਼ਿਕਾਰ ਹੁੰਦੇ ਹਨ।
ਨਾਹਰੇਬਾਜ਼ੀ ਕਰਨ ਵਾਲੇ ਮਰੀਜ਼ਾਂ ਨੇ ਕਿਹਾ ਕਿ ਅੱਜ ਸਵੇਰ ਤੋਂ ਅਸੀਂ ਜਲਦੀ ਵਾਰੀ ਆਉਣ ਦੇ ਮਕਸਦ ਨਾਲ ਆ ਕੇ ਬੇਠੈ ਹਾਂ ਅਤੇ ਜਦੋਂ ਸਾਨੂੰ ਬੈਠਿਆਂ ਨੂੰ 2 ਘੰਟੇ ਹੋ ਗਏ ਤਾਂ ਪਤਾ ਲੱਗਾ ਕਿ ਰੇਡੀਉਲਾਜਿਸਟ ਛੁੱਟੀ ਤੇ ਹੈ। ਇਸ ਕਰ ਕੇ ਬੈਠੇ ਸਾਰੇ ਮਰੀਜ਼ ਪ੍ਰੇਸਾਨ ਹੋਏ ਜਿਨ੍ਹਾਂ ਨੂੰ ਨਾਹਰੇਬਾਜ਼ੀ 'ਤੇ ਉਤਰਨਾ ਪਿਆ ਹੈ।
ਇਸ ਸਬੰਧੀ ਡਾ. ਅੰਜੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਸਪਤਾਲ ਵਿਚ ਵਿਚ ਇਕ ਰੇਡੀਉਲਾਜਿਸਟ ਹੈ ਅਤੇ ਇਕ ਮਸ਼ੀਨ ਠੇਕੇ 'ਤੇ ਲਗਾਈ ਹੋਈ ਹੈ। ਇਸ ਲਈ ਅੱਜ ਜ਼ਰੂਰੀ ਕਾਰਨਾਂ ਕਰ ਕੇ ਹਸਪਤਾਲ ਦਾ ਰੇਡੀਉਲਾਜਿਸਟ ਛੁੱਟੀ 'ਤੇ ਚਲਾ ਗਿਆ ਜਿਸ ਕਾਰਨ ਇਹ ਪ੍ਰੇਸ਼ਾਨੀ ਆਈ। ਇਸ ਪ੍ਰੇਸ਼ਾਨੀ ਦਾ ਹੱਲ ਕਰ ਦਿਤਾ ਗਿਆ ਹੈ।