ਮੋਹਾਲੀ ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਮਨੀ ਦੀ ਅਗਵਾਈ ਵਿਚ ਦਿਤੇ ਗਏ ਧਰਨੇ ਵਿਚ ਵੱਡੀ ਗਿਣਤੀ ਵਿਚ ਟਰੱਕ ਅਪਰੇਟਰ ਨੇ ਡੀ.ਸੀ. ਦਫ਼ਤਰ ਦੇ ਬਾਹਰ ਧਰਨਾ ਦਿਤਾ।
ਐਸ.ਏ.ਐਸ ਨਗਰ, 4 ਅਗੱਸਤ (ਸੁਖਦੀਪ ਸਿੰਘ ਸੋਈ): ਮੋਹਾਲੀ ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਮਨੀ ਦੀ ਅਗਵਾਈ ਵਿਚ ਦਿਤੇ ਗਏ ਧਰਨੇ ਵਿਚ ਵੱਡੀ ਗਿਣਤੀ ਵਿਚ ਟਰੱਕ ਅਪਰੇਟਰ ਨੇ ਡੀ.ਸੀ. ਦਫ਼ਤਰ ਦੇ ਬਾਹਰ ਧਰਨਾ ਦਿਤਾ। ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਵਿਚ ਚੱਲ ਰਹੀਆਂ ਟਰੱਕ ਯੂਨੀਅਨਾਂ ਨੂੰ ਬੰਦ ਕਰਨ ਦੇ ਵਿਰੋਧ ਵਿਚ ਮੋਹਾਲੀ, ਖਰੜ ਅਤੇ ਬਨੂੜ ਦੀਆਂ ਟਰੱਕ ਯੂਨੀਅਨਾਂ ਦੇ ਮੈਂਬਰਾਂ ਨੇ ਪੰਜਾਬ ਵਿਚ ਟਰੱਕ ਯੂਨੀਅਨਾਂ ਬੰਦ ਕਰਨ ਲਈ ਜਾਰੀ ਕੀਤੀ ਗਈ ਨੋਟੀਫ਼ੀਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਪ੍ਰਧਾਨ ਮਨਿੰਦਰ ਸਿੰਘ ਮਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਪੰਜਾਬ ਦੀਆਂ ਸਮੂਹ ਟ੍ਰੱਕ ਯੂਨੀਅਨਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ। ਉਸ ਨਾਲ ਟਰੱਕ ਅਪਰੇਟਰ ਜ਼ਮੀਨ 'ਤੇ ਆ ਗਏ ਹਨ ਅਤੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ 8 ਅਗੱਸਤ ਨੂੰ ਜਲੰਧਰ ਵਿਚ ਹੋਣ ਵਾਲੀ ਰਾਜ ਪਧਰੀ ਰੈਲੀ ਵਿਚ ਵੀ ਟ੍ਰੱਕ ਅਪਰੇਟਰਾਂ ਵਲੋਂ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਅਪਣੀ ਇਸ ਨੋਟੀਫ਼ੀਕੇਸ਼ਨ ਨੂੰ ਰੱਦ ਨਾ ਕੀਤਾ ਅਤੇ ਟਰੱਕ ਯੂਨੀਅਨਾਂ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਵਾਪਸ ਨਾ ਲਿਆ ਗਿਆ ਤਾਂ ਪੂਰੇ ਪੰਜਾਬ ਵਿਚ ਟਰੱਕ ਅਪਰੇਟਰਾਂ ਵਲੋਂ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਮੁਹਾਲੀ ਟਰੱਕ ਯੂਨੀਅਨ ਤੋਂ ਰਾਜਪਾਲ ਸਿੰਘ ਵਿਲਖੂ ਅਤੇ ਜਗਤਾਰ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਖਰੜ ਟਰੱਕ ਯੂਨੀਅਨ ਤੋਂ ਰਣਜੀਤ ਸਿੰਘ ਖਾਦਰੀ, ਹਰਵਿੰਦਰ ਸਿੰਘ, ਜੁਝਾਰ ਸਿੰਘ ਅਤੇ ਗੁਰਮੀਤ ਸਿੰਘ ਅਤ ਬਨੂੜ ਟ੍ਰੱਕ ਯੂਨੀਅਨ ਦੇ ਸੁਰਿੰਦਰ ਸਿੰਘ ਸੰਧੂ, ਬਾਬਾ ਰਾਮ ਸਿੰਘ, ਜਸਵਿੰਦਰ ਵਾਲੀਆ ਅਤੇ ਤਰਲੋਚਨ ਵਾਲੀਆ ਨੇ ਮੰਗ ਕੀਤੀ ਕਿ ਸਰਕਾਰ ਤੁਰਤ ਅਪਣਾ ਫ਼ੈਸਲਾ ਵਾਪਸ ਲਵੇ।