
ਲੜੇ ਕੁੱਕੜ, ਮਰੇ 20 ਬੰਦੇ ਜੋ ਕੁੱਕੜ-ਖੋਹੀ ਵੇਖਣ ਆਏ ਸਨ
ਮੈਕਸੀਕੋ ਸਿਟੀ, 29 ਮਾਰਚ : ਮੈਕਸੀਕੋ ਦੇ ਪੱਛਮੀ ਸੂਬੇ ਮਿਕੋਆਕਨ ਵਿਚ ਜਿਨਾਪੇਕੁਆਰੋ ਨੇੜੇ ਗ਼ੈਰ-ਕਾਨੂੰਨੀ ਕੁੱਕੜ ਲੜਾਈ ਪ੍ਰੋਗਰਾਮ ਦੌਰਾਨ ਬੰਦੂਕਧਾਰੀਆਂ ਦੇ ਹਮਲੇ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਲੋਕ ਜ਼ਖ਼ਮੀ ਹੋ ਗਏ | ਮਿਕੋਆਕਨ ਦੇ ਸਰਕਾਰੀ ਵਕੀਲਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ | ਜਿਨਾਪੇਕੁਆਰੋ ਸ਼ਹਿਰ ਨੇੜੇ ਐਤਵਾਰ ਦੇਰ ਰਾਤ ਹੋਏ ਇਸ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ 3 ਔਰਤਾਂ ਵੀ ਸ਼ਾਮਲ ਹਨ |
ਸਰਕਾਰੀ ਵਕੀਲਾਂ ਨੇ ਦਸਿਆ ਕਿ ਹਮਲਾਵਰਾਂ ਨੇ ਹਮਲੇ ਦੀ ਸਪੱਸ਼ਟ ਰੂੁਪ ਨਾਲ ਪਹਿਲਾਂ ਤੋਂ ਹੀ ਯੋਜਨਾ ਬਣਾਈ ਹੋਈ ਸੀ ਅਤੇ ਉਹ ਨਾਸ਼ਤਾ ਬਣਾਉਣ ਵਾਲੀ ਇਕ ਕੰਪਨੀ ਦੇ ਚੋਰੀ ਕੀਤੇ ਗਏ ਟਰੱਕ ਜ਼ਰੀਏ ਕੰਪਲੈਕਸ ਵਿਚ ਦਾਖ਼ਲ ਹੋਏ |
ਉਨ੍ਹਾਂ ਇਕ ਬਿਆਨ ਵਿਚ ਦਸਿਆ ਕਿ ਕੰਪਨੀ ਦੇ ਟਰੱਕ ਦੇ ਉਥੇ ਪਹੁੰਚਦੇ ਹੀ ਕਈ ਹਥਿਆਰਬੰਦ ਹਮਲਾਵਰ ਉਸ ਵਿਚੋਂ ਨਿਕਲੇ ਅਤੇ ਉਸੇ ਸਮੇਂ ਇਮਾਰਤ ਦੇ ਬਾਹਰ ਖੜੀ ਇਕ ਬੱਸ ਨੂੰ ਬੈਰੀਕੇਡ ਵਜੋਂ ਵਰਤਿਆ ਗਿਆ ਤਾਕਿ ਪੀੜਤ ਬਚ ਕੇ ਨਾ ਨਿਕਲ ਸਕਣ ਜਾਂ ਮਦਦ ਨਾ ਮੰਗ ਸਕਣ | ਸਰਕਾਰੀ ਵਕੀਲਾਂ ਨੇ ਦਸਿਆ ਕਿ ਇਲਾਕੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਰੋਹਾਂ ਅਤੇ ਹੋਰ ਅਪਰਾਧਕ ਗਰੋਹਾਂ ਵਿਚਾਲੇ ਲੜਾਈ ਚਲਦੀ ਰਹਿੰਦੀ ਹੈ | ਫ਼ੈਡਰਲ ਡਿਪਾਰਟਮੈਂਟ ਆਫ਼ ਪਬਲਿਕ ਸੇਫ਼ਟੀ ਨੇ ਇਕ ਬਿਆਨ ਵਿਚ ਕਿਹਾ, 'ਇਸ ਗੱਲ ਦਾ ਸੰਕੇਤ ਹੈ ਕਿ ਅਪਰਾਧਕ ਸਮੂਹਾਂ ਵਿਚਕਾਰ ਲੜਾਈ ਦੇ ਕਾਰਨ ਇਹ ਹਮਲਾ ਕੀਤਾ ਗਿਆ |' ਉਸ ਨੇ ਦਸਿਆ ਸੰਘੀ ਜਾਂਚਕਰਤਾਵਾਂ ਦੀ ਇਕ ਟੀਮ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ ਸੀ | (ਏਜੰਸੀ)