
ਤਿੰਨ ਮੰਤਰੀਆਂ ਨੂੰ ਸੈਕਟਰ 2 ਵਿਚ ਮੁੱਖ ਮੰਤਰੀ ਦੀ ਕੋਠੀ ਦੇ ਆਸ-ਪਾਸ ਤੇ ਬਾਕੀ 7 ਨੂੰ ਸੈਕਟਰ 39 ’ਚ ਮਿਲੇ ਮਕਾਨ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੇ 10 ਨਵੇਂ ਕੈਬਨਿਟ ਮੰਤਰੀਆਂ ਨੂੰ ਅੱਜ ਨਿਜੀ ਰਿਹਾਇਸ਼ ਲਈ ਸਰਕਾਰੀ ਬੰਗਲੇ ਅਲਾਟ ਕਰ ਦਿਤੇ ਗਏ ਹਨ। ਜ਼ਿਕਰਯੋਗ ਹੈ ਕਿ ਅਲਾਟ ਕੀਤੇ ਇਨ੍ਹਾਂ ਬੰਗਲਿਆਂ ਵਿਚ ਕੈਬਨਿਟ ਮੰਤਰੀ ਹਰਪਾਲ ਚੀਮਾ, ਮੀਤ ਹੇਅਰ ਅਤੇ ਡਾ. ਬਲਜੀਤ ਕੌਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਕੋਠੀ ਦੇ ਆਸ ਪਾਸ ਹੀ ਸਰਕਾਰੀ ਘਰ ਮਿਲੇ ਹਨ ਪਰ ਬਾਕੀ 7 ਮੰਤਰੀਆਂ ਨੂੰ ਸ਼ਹਿਰ ਤੋਂ ਦੂਰ ਵਾਲੇ ਸੈਕਟਰ-39 ਵਿਚ ਹੀ ਮੰਤਰੀ ਕੰਪਲੈਕਸ ਵਿਚ ਬੰਗਲੇ ਅਲਾਟ ਕੀਤੇ ਗਏ ਹਨ।
Harpal Singh Cheema
ਆਮ ਰਾਜ ਪ੍ਰਬੰਧ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਵਲੋਂ ਮੰਤਰੀਆਂ ਨੂੰ ਬੰਗਲੇ ਅਲਾਟ ਕਰਨ ਸਬੰਧੀ ਜਾਰੀ ਪੱਤਰ ਅਨੁਸਾਰ ਨਵੇਂ ਬਣੇ ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਚੀਮਾ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਨਾਲ ਲਗਦਾ ਸੈਕਟਰ-2 ਸਥਿਤ 43 ਨੰਬਰ ਮਕਾਨ ਅਲਾਟ ਕੀਤਾ ਗਿਆ ਹੈ, ਜੋ ਪਹਿਲਾਂ ਬ੍ਰਹਮ ਮਹਿੰਦਰਾ ਕੋਲ ਸੀ। ਸਿਖਿਆ ਮੰਤਰੀ ਮੀਤ ਹੇਅਰ ਨੂੰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਾਲਾ ਸੈਕਟਰ 2 ਵਿਚ ਹੀ ਸਥਿਤ 47 ਨੰਬਰ ਮਕਾਨ ਮਿਲਿਆ ਹੈ।
Meet Hayer
ਇਸੇ ਤਰ੍ਹਾਂ ਸਮਾਜਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੂੰ ਵੀ ਸੈਕਟਰ 2 ਵਿਚ ਹੀ 29 ਨੰਬਰ ਮਕਾਨ ਮਿਲਿਆ ਹੈ ਜੋ ਪਹਿਲਾਂ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਕੋਲ ਸੀ। ਬਾਕੀ 7 ਮੰਤਰੀਆਂ ਨੂੰ ਸੈਕਟਰ 39 ਮੰਤਰੀ ਕੰਪਲੈਕਸ ਵਿਚ ਹੀ ਰਿਹਾਇਸ਼ੀ ਬੰਗਲੇ ਮਿਲੇ ਹਨ।
ਜ਼ਿਕਰਯੋਗ ਹੈ ਕਿ 39 ਵਿਚ 956 ਨੰਬਰ ਮਕਾਨ ਖ਼ੁਰਾਕ ਤੇ ਸਪਲਾਈ ਅਤੇ ਵਣ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲਿਆ ਹੈ। ਇਹ ਮਕਾਨ ਪਿਛਲੀ ਸਰਕਾਰ ਸਮੇਂ ਵਿਰੋਧੀ ਧਿਰ ਦੇ ਨੇਤਾ ਹੋਣ ਕਰ ਕੇ ਹਰਪਾਲ ਚੀਮਾ ਨੂੰ ਰਹਿਣ ਤੇ ਦਫ਼ਤਰੀ ਕੰਮਕਾਰ ਲਈ ਮਿਲਿਆ ਸੀ।