
ਮੁੱਖ ਮੰਤਰੀ ਭਗਵੰਤ ਮਾਨ ਨੂੰ ਪੀੜਤ ਮੁਟਿਆਰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਕੀਤੀ ਅਪੀਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਅਤੇ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਪੀਟੀਸੀ ਚੈਨਲ ਵਲੋਂ ਕਰਵਾਏ ਜਾ ਰਹੇ ਮਿਸ ਪੰਜਾਬਣ ਮੁਕਾਬਲੇ ਵਿਚ ਹਿੱਸਾ ਲੈ ਰਹੀ ਇਕ ਪੀੜਤ ਮੁਟਿਆਰ ਵਲੋਂ ਪੀਟੀਸੀ ਦੇ ਪ੍ਰਬੰਧਕਾਂ ਵਿਰੁੱਧ ਦਰਜ ਕਰਵਾਏ ਗਏ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਪਰਮਜੀਤ ਕੌਰ ਗੁਲਸ਼ਨ ਨੇ ਮੀਡੀਆ ਦੀ ਚੁੱਪੀ ਨੂੰ ਵੀ ਮੰਦਭਾਗਾ ਦੱਸਿਆ ਹੈ। ਉਹਨਾਂ ਨੇ ਮੀਡੀਆ ਨੂੰ ਇਹ ਮਾਮਲਾ ਜ਼ੋਰ-ਸ਼ੋਰ ਨਾਲ ਚੁੱਕਣ ਦੀ ਅਪੀਲ ਕੀਤੀ ਹੈ ਤਾਂ ਜੋ ਸੱਚ ਸਭ ਦੇ ਸਾਹਮਣੇ ਆ ਸਕੇ।
ਉਹਨਾਂ ਕਿਹਾ ਕਿ ਪੀਟੀਸੀ ਚੈਨਲ `ਤੇ ਅਜਿਹੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਹੁਣ ਔਰਤਾਂ ਦੀ ਰਾਖੀ ਅਤੇ ਮਹਿਲਾ ਸ਼ਸ਼ਕਤੀਕਰਣ ਦੇ ਪੱਖ ਵਿੱਚ ਵੱਡੇ-ਵੱਡੇ ਭਾਸ਼ਣ ਦੇਣ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਆਪਣਾ ਸਟੈਂਡ ਸਪਸ਼ੱਟ ਕਰਨਾ ਚਾਹੀਦਾ ਹੈ। ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਪੀੜਤ ਮੁਟਿਆਰ ਵੱਲੋਂ ਪੰਜਾਬ ਪੁਲਿਸ ਨੂੰ ਦਿੱਤੀ ਗਈ ਸਿ਼ਕਾਇਤ ਵਿਚ ਪੀਟੀਸੀ ਪੰਜਾਬੀ ਦੇ ਪ੍ਰਬੰਧਕਾਂ ਵਿਰੁੱਧ ਬੇਹੱਦ ਗੰਭੀਰ ਦੋਸ਼ ਲਗਾਏ ਗਏ ਹਨ। ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਬਹੁਤ ਲਾਜ਼ਮੀ ਹੈ।
ਬੀਬੀ ਗੁਲਸ਼ਨ ਨੇ ਕਿਹਾ ਸਾਡੀਆਂ ਧੀਆਂ ਫੈਸ਼ਨ ਇੰਡਸਟਰੀ ਵਿਚ ਆਪਣੇ ਸੁਨਹਿਰੀ ਭਵਿੱਖ ਲਈ ਸੁੰਦਰਤਾ ਮੁਕਾਬਲਿਆਂ ਵਿਚ ਹਿੱਸਾ ਲੈਂਦੀਆਂ ਹਨ ਪਰ ਇਸ ਖੇਤਰ ਵਿਚ ਬੈਠੇ ਕੁੱਝ ਲੋਕ ਲੜਕੀਆਂ ਨੂੰ ਗਲਤ ਰਾਹ ਪਾ ਦਿੰਦੇ ਹਨ। ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਪੀੜਤ ਲੜਕੀ ਅਤੇ ਉਸ ਦੇ ਪਿਤਾ ਨੇ ਇਹ ਮਾਮਲਾ ਲੋਕਾਂ ਸਾਹਮਣੇ ਨਸ਼ਰ ਕਰਕੇ ਬੇਹੱਦ ਦਲੇਰੀ ਵਾਲਾ ਕੰਮ ਕੀਤਾ ਹੈ।
ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੀੜਤ ਮੁਟਿਆਰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਵੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਘਟਨਾ ਹੈ ਜਿਸ ਵਿਚ ਇਕ ਲੜਕੀ ਨੂੰ ਕਈਂ ਦਿਨ ਜ਼ਬਰਦਸਤੀ ਕਮਰੇ ਵਿਚ ਬੰਦ ਰੱਖਿਆ ਗਿਆ ਅਤੇ ਇਸ ਦੇ ਨਾਲ ਰਹਿ ਰਹੀਆਂ ਬਾਕੀ ਦੀਆਂ ਲੜਕੀਆਂ ਨੂੰ ਵੀ ਪਾਣੀ ਦੀਆਂ ਬੋਤਲਾਂ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਦਿੱਤਾ ਗਿਆ। ਇਸ ਤੋਂ ਇਲਾਵਾ ਇਹਨਾਂ ਲੜਕੀਆਂ ਨੂੰ ਅਸਰ-ਰਸੂਖ ਰੱਖਣ ਵਾਲੇ ਲੋਕਾਂ ਲਈ ਦੇਹ ਵਪਾਰ ਕਰਨ ਲਈ ਵੀ ਮਜਬੂਰ ਕੀਤਾ ਗਿਆ। ਬੀਬੀ ਗੁਲਸ਼ਨ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੁੰਦਰਤਾ ਮੁਕਾਬਲਿਆਂ ਦੇ ਨਾਂਅ `ਤੇ ਲੜਕੀਆਂ ਦਾ ਸੋਸ਼ਣ ਕਰਨ ਵਾਲਿਆਂ ਦਾ ਸੱਚ ਸਾਹਮਣੇ ਲਿਆਂਦਾ ਜਾ ਸਕੇ।