
ਅਧਿਐਨ ’ਚ ਕੋਵੈਕਸੀਨ ਦੀ ਬੂਸਟਰ ਡੋਜ਼ ਤੋਂ ਬਾਅਦ ਐਂਟੀਬਾਡੀ ਵਧਣ ਦਾ ਲੱਗਾ ਪਤਾ
ਨਵੀਂ ਦਿੱਲੀ, 29 ਮਾਰਚ : ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਮੈਡੀਕਲ ਅਤੇ ਖੋਜ ਕੌਂਸਲ (ਆਈ.ਸੀ.ਐਮ.ਆਰ.) ਦੇ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਰੋਕੂ ਟੀਕੇ ਕੋਵੈਕਸੀਨ ਦੀ ਬੂਸਟਰ ਖ਼ਰਾਕ ਲੈਣ ਤੋਂ ਬਾਅਦ ਸਾਰਸ-ਸੀ.ਓ.ਵੀ.-2 ਵਿਰੁਧ ਐਂਟੀਬਾਡੀਜ਼ ਦਾ ਪੱਧਰ ਵਧ ਜਾਂਦਾ ਹੈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਕੋਵਿਡ ਕਾਰਨ ਜਾਨ ਗੁਆਉਣ ਵਾਲਿਆਂ ਲੋਕਾਂ ਦੀ ਗਿਣਤੀ, ਇਸ ਮਹਾਂਮਾਰੀ ਨਾਲ ਇਸੇ ਤਰ੍ਹਾਂ ਪ੍ਰਭਾਵਤ ਅਮਰੀਕਾ, ਬ੍ਰਾਜ਼ੀਲ, ਰੂਸ ਅਤੇ ਮੈਕਸਿਕੋ ਵਰਗੇ ਦੇਸ਼ਾਂ ਦੇ ਮੁਕਾਬਲੇ ’ਚ ‘ਸੱਭ ਤੋਂ ਘੱਟ’ ਹੈ। ਡਬਲਯੂ.ਐਚ.ਓ. ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਪ੍ਰਤੀ ਦਸ ਲੱਖ ਦੀ ਆਬਾਦੀ ਵਿਚ ਕੋਵਿਡ ਮਹਾਂਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 374 ਹੈ। ਕੁੱਝ ਖ਼ਬਰਾਂ ’ਚ ਮ੍ਰਿਤਕਾਂ ਦੀ ਗਿਣਤੀ ਵਧ ਹੋਣ ਦਾ ਮੁਲਾਂਕਣ ਕੀਤਾ ਗਿਆ ਹੈ ਜੋ ਭਾਰਤ ਦੇ ਅਧਿਕਾਰਤ ਅੰਕੜਿਆਂ ਦੇ ਮੁਕਾਬਲੇ ’ਚ ਜ਼ਿਆਦਾ ਹੈ। ਇਹ ਜਾਣਕਾਰੀ ਦਿੰਦਿਆਂ ਸਿਹਤ ਅਤੇ ਪ੍ਰਵਾਰ ਭਲਾਈ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਰਾਜ ਸਭਾ ਨੂੰ ਦਸਿਆ ਕਿ ਇਹ ਅਧਿਐਨ ਕੋਵੈਕਸੀਨ ਟੀਕੇ ਦੀ ਬੂਸਟਰ ਡੋਜ਼ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਕੀਤਾ ਗਿਆ ਸੀ। ਉਨ੍ਹਾਂ ਇਕ ਸਵਾਲ ਦੇ ਲਿਖਤੀ ਜਵਾਬ ’ਚ ਕਿਹਾ ਕਿ ਐਸਟਰਾਜੇਨੇਕਾ ਅਤੇ ਕੋਵਿਸੀਲਡ ਟੀਕਿਆਂ ਦੀਆਂ ਬੂਸਟਰ ਖ਼ੁਰਾਕਾਂ ਬਾਰੇ ਉਪਲਬਧ ਅੰਤਰਰਾਸ਼ਟਰੀ ਅੰਕੜੇ ਦਸਦੇ ਹਨ ਕਿ ਇਸ ਨੂੰ ਲੈਣ ਤੋਂ ਬਾਅਦ ਐਂਟੀਬਾਡੀ ਦੇ ਪੱਧਰ ’ਚ ਤਿੰਨ ਤੋਂ ਚਾਰ ਗੁਣਾ ਵਾਧਾ ਹੁੰਦਾ ਹੈ।
ਪਵਾਰ ਨੇ ਦਸਿਆ,“ਆਈਸੀਐਮਆਰ ਨੇ ਕੋਵੈਕਸੀਨ ਟੀਕੇ ਦੀ ਬੂਸਟਰ ਖ਼ੁਰਾਕ ਦੇ ਪ੍ਰਭਾਵ ਦਾ ਪਤਾ ਲਾਉਣ ਲਈ ਇਕ ਅਧਿਐਨ ਕੀਤਾ। ਇਸ ’ਚ ਇਹ ਪਤਾ ਲੱਗਾ ਕਿ ਬੂਸਟਰ ਡੋਜ਼ ਲੈਣ ਤੋਂ ਬਾਅਦ ਸਾਰਸ-ਸੀਓਵੀ-2 ਵਿਰੁਧ ਐਂਟੀਬਾਡੀਜ਼ ਦੇ ਪੱਧਰ ਵਿਚ ਵਾਧਾ ਹੁੰਦਾ ਹੈ।’’ ਉਨ੍ਹਾਂ ਦਸਿਆ ਕਿ ਟੀਕਾਕਰਨ ਅਤੇ ਨੈਸ਼ਨਲ ਟੈਕਨਾਲੋਜੀ ਸਲਾਹਕਾਰ ਸਮੂਹ (ਐਨ.ਜੀ.ਏ.ਜੀ.ਆਈ.) ਦੀ ਸਿਫਾਰਸ਼ ਅਨੁਸਾਰ, 10 ਜਨਵਰੀ 2022 ਤੋਂ ਸਿਹਤ ਕਰਮਈਆਂ, ਮੋਹਰੀ ਮੋਰਚੇ ਦੇ ਕਰਮੀਆਂ ਅਤੇ 60 ਸਾਲ ਤੋਂ ਵਧ ਲੋਕਾਂ ਨੂੰ ਕੋਰੋਨਾ ਟੀਕੇ ਦੀ ਬੂਸਟਰ ਖ਼ੁਰਾਕ ਦਿਤੀ ਜਾ ਰਹੀ ਹੈ। (ਏਜੰਸੀ)
ਉਨ੍ਹਾਂ ਦਸਿਆ ਕਿ 24 ਮਾਰਚ 2022 ਦੀ ਸਥਿਤੀ ਅਨੁਸਾਰ, ਕੋਰੋਨਾ ਰੋਕੂ ਟੀਕੇ ਦੀਆਂ 2.21 ਕਰੋੜ ਬੂਸਟਰ ਖ਼ੁਰਾਕਾਂ ਦਿਤੀਆਂ ਜਾ ਚੁਕੀਆਂ ਹਨ। (ਏਜੰਸੀ)