
ਬੇਮੌਸਮੀ ਮੀਂਹ ਕਾਰਨ ਉਸ ਦੀ ਕਣਕ ਦੀ ਫਸਲ ਦਾ ਝਾੜ ਪ੍ਰਭਾਵਤ ਹੋਵੇਗਾ : ਕਿਸਾਨ
ਚੰਡੀਗੜ੍ਹ: ਪੰਜਾਬ ਦੇ ਕਈ ਹਿੱਸਿਆਂ ’ਚ ਸਨਿਚਰਵਾਰ ਨੂੰ ਮੀਂਹ ਪੈਣ ਕਾਰਨ ਕਣਕ ਉਤਪਾਦਕਾਂ ਨੂੰ ਡਰ ਹੈ ਕਿ ਬੇਮੌਸਮੀ ਮੀਂਹ ਉਨ੍ਹਾਂ ਦੀ ਖੜੀ ਫਸਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਬਠਿੰਡਾ, ਫਾਜ਼ਿਲਕਾ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਅਤੇ ਪਠਾਨਕੋਟ ਸਮੇਤ ਪੰਜਾਬ ਦੇ ਕਈ ਹਿੱਸਿਆਂ ’ਚ ਕੁੱਝ ਥਾਵਾਂ ’ਤੇ ਤੇਜ਼ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਮੀਂਹ ਪਿਆ।
ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਉਸ ਸਮੇਂ ਪਿਆ ਜਦੋਂ ਕਣਕ ਦੀ ਫਸਲ ਕਟਾਈ ਲਈ ਤਿਆਰ ਹੈ ਅਤੇ ਪੰਜਾਬ ਅਤੇ ਹਰਿਆਣਾ ਵਿਚ ਕਣਕ ਦੀ ਖਰੀਦ ਦਾ ਸੀਜ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਬਹੁਤ ਸਾਰੇ ਕਿਸਾਨਾਂ ਨੇ ਅਫਸੋਸ ਜ਼ਾਹਰ ਕੀਤਾ ਕਿ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਉਨ੍ਹਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਫਸਲਾਂ ਦੀ ਪੈਦਾਵਾਰ ਪ੍ਰਭਾਵਤ ਹੋਵੇਗੀ। ਬਠਿੰਡਾ ਦੇ ਇਕ ਕਿਸਾਨ ਨੇ ਕਿਹਾ ਕਿ ਬੇਮੌਸਮੀ ਮੀਂਹ ਕਾਰਨ ਉਸ ਦੀ ਕਣਕ ਦੀ ਫਸਲ ਦਾ ਝਾੜ ਪ੍ਰਭਾਵਤ ਹੋਵੇਗਾ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਵਾਰੀ ਦੇ ਹੁਕਮ ਦਿਤੇ ਜਾਣ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੇਮੌਸਮੀ ਮੀਂਹ ਅਤੇ ਗੜੇਮਾਰੀ ਨੇ ਸੂਬੇ ਦੇ ਮਾਲਵਾ ਇਲਾਕੇ ’ਚ ਵੱਡੇ ਪੱਧਰ ’ਤੇ ਕਣਕ ਦੀ ਫਸਲ ਨੂੰ ਤਬਾਹ ਕਰ ਦਿਤਾ ਹੈ। ਕੁੱਝ ਸਮਾਂ ਪਹਿਲਾਂ ਗੜੇਮਾਰੀ ਦਾ ਸਾਹਮਣਾ ਕਰਨ ਵਾਲੇ ਕਿਸਾਨਾਂ ਲਈ ਇਹ ਦੋਹਰਾ ਝਟਕਾ ਹੈ।
ਸੁਖਬੀਰ ਨੇ ਇਕ ‘ਐਕਸ’ ਪੋਸਟ ’ਚ ਕਿਹਾ, ‘‘ਮੁੱਖ ਮੰਤਰੀ ਭਗਵੰਤ ਮਾਨ ਨੂੰ ਕਣਕ ਦੀ ਫਸਲ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਕਿਸਾਨਾਂ ਨੂੰ ਤੁਰਤ ਅੰਤਰਿਮ ਮੁਆਵਜ਼ਾ ਦੇਣ ਲਈ ਗਿਰਦਾਵਰੀ ਦੇ ਹੁਕਮ ਦੇਣੇ ਚਾਹੀਦੇ ਹਨ।’’ ਉਨ੍ਹਾਂ ਦੀ ਪਤਨੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, ‘‘ਮਾਲਵਾ ਖੇਤਰ ’ਚ ਅੱਜ ਹੋਈ ਗੜੇਮਾਰੀ ਨੇ ਪੰਜਾਬ ਦੇ ਵੱਡੇ ਹਿੱਸਿਆਂ ’ਚ ਕਣਕ ਦੀ ਫਸਲ ਤਬਾਹ ਕਰ ਦਿਤੀ ਹੈ। ਇਕ ਮਹੀਨੇ ’ਚ ਇਹ ਦੂਜੀ ਵਾਰ ਹੈ ਜਦੋਂ ਗੜੇਮਾਰੀ ਹੋਈ ਹੈ।’’ ਹਰਸਿਮਰਤ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਪਿਛਲੀ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਨਹੀਂ ਦਿਤਾ ਗਿਆ ਹੈ, ਉਨ੍ਹਾਂ ਨੂੰ ਤੁਰਤ ਅੰਤਰਿਮ ਮੁਆਵਜ਼ਾ ਦਿਤਾ ਜਾਣਾ ਚਾਹੀਦਾ ਹੈ ਜਦੋਂ ਤਕ ਗਿਰਦਾਵਰੀ ਦੇ ਹੁਕਮ ਨਹੀਂ ਦਿਤੇ ਜਾਂਦੇ ਅਤੇ ਪੂਰੇ ਨਹੀਂ ਹੋ ਜਾਦੇ।