
ਗੁਰਮਿੰਦਰ ਸਿੰਘ ਗੈਰੀ ਨੇ ਦਿੱਤਾ ਸੀ ਅਸਤੀਫਾ
ਚੰਡੀਗੜ੍ਹ: ਮਨਿੰਦਰਜੀਤ ਸਿੰਘ ਬੇਦੀ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਅਹੁਦਾ ਸੰਭਾਲ ਲਿਆ। ਪੰਜਾਬ ਸਰਕਾਰ ਨੇ ਅੱਜ ਬੇਦੀ ਨੂੰ ਇਸ ਵੱਕਾਰੀ ਅਹੁਦੇ 'ਤੇ ਨਿਯੁਕਤ ਕੀਤਾ ਹੈ। ਬੇਦੀ ਪਹਿਲਾਂ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾ ਰਹੇ ਸਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕਾਨੂੰਨ ਗ੍ਰੈਜੂਏਟ, ਸ੍ਰੀ ਬੇਦੀ ਪਹਿਲਾਂ ਪੰਜਾਬ ਸਰਕਾਰ ਦੇ ਪ੍ਰਸ਼ਾਸਕ ਜਨਰਲ ਅਤੇ ਅਧਿਕਾਰਤ ਟਰੱਸਟੀ ਦੇ ਅਹੁਦੇ 'ਤੇ ਵੀ ਰਹਿ ਚੁੱਕੇ ਹਨ।
ਚਾਰਜ ਸੰਭਾਲਣ 'ਤੇ, ਸ੍ਰੀ ਬੇਦੀ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਅਹੁਦੇ ਦੀ ਸੇਵਾ ਸਮਰਪਣ ਭਾਵਨਾ ਨਾਲ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਪੰਜਾਬ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਲਈ ਕਾਨੂੰਨੀ ਮਾਮਲਿਆਂ ਵਿੱਚ ਰਾਜ ਦੀ ਪ੍ਰਭਾਵਸ਼ਾਲੀ ਢੰਗ ਨਾਲ ਨੁਮਾਇੰਦਗੀ ਕਰਨਾ ਹੋਵੇਗੀ।
ਉਨ੍ਹਾਂ ਦੇ ਪਿਤਾ ਸਵ. ਇੰਦਰਜੀਤ ਸਿੰਘ ਬੇਦੀ ਵੀ ਰਾਮਪੁਰਾ ਫੂਲ ਵਿਖੇ ਵਕਾਲਤ ਕਰਦੇ ਸਨ। ਬੇਦੀ ਸਭ ਤੋਂ ਛੋਟੀ ਉਮਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਹੋਏ ਹਨ, ਜੋ ਉਨ੍ਹਾਂ ਲਈ ਬਹੁਤ ਵੱਡੀ ਪ੍ਰਾਪਤੀ ਹੈ।
ਇਸ ਮੌਕੇ ਏਜੀ ਮਨਿੰਦਰਜੀਤ ਸਿੰਘ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੈਨੂੰ ਵੱਡੀ ਜਿੰਮੇਵਾਰੀ ਦਿੱਤੀ ਹੈ ਅਤੇ ਮੈਂ ਬੜੀ ਇਮਾਨਦਾਰੀ ਨਾਲ ਨਿਭਾਵਾਂਗਾ।ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਮਸਲੇ ਪੈਡਿੰਗ ਹਨ ਉਨਾਂ ਨੂੰ ਸੁਲਝਾਉਣ ਲਈ ਪੂਰਾ ਜੋਰ ਲਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਉੱਤੇ ਪਹਿਲਾ ਹੀ ਸਰਕਾਰ ਨੇ ਭਰੋਸਾ ਕੀਤਾ ਸੀ ਹੁਣ ਮੈਨੂੰ ਏਜੀ ਲਗਾਇਆ ਹੈ ਅਸੀਂ ਤਨਦੇਹੀ ਨਾਲ ਕੰਮ ਕਰਾਂਗਾ।
ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕੇਸਾਂ ਵਿੱਚ ਕੋਈ ਕਮੀ ਨਹੀ ਰਹਿਣ ਦੇਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸੀਐੱਮ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ ਮੈਨੂੰ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ।