
ਇਕ ਦਿਨ 'ਚ ਆਏ 35 ਨਵੇਂ ਮਾਮਲੇ, 30 ਤੋਂ ਵੱਧ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਤੇ ਕੋਟਾ ਤੋਂ ਆਏ ਵਿਦਿਆਰਥੀ
ਚੰਡੀਗੜ੍ਹ, 29 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਇਕੋ ਦਿਨ ਵਿਚ 24 ਘੰਟੇ ਦੌਰਾਨ 35 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਲੰਧਰ ਵਿਚ ਇਕ ਕੋਰੋਨਾ ਪੀੜਤ ਮਹਿਲਾ ਮਰੀਜ਼ ਦੀ ਮੌਤ ਵੀ ਹੋਈ ਹੈ। ਇਹ ਸੂਬੇ ਵਿਚ 20ਵੀਂ ਮੌਤ ਹੈ। ਅੱਜ ਦੇਰ ਸ਼ਾਮ ਤਕ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ 377 ਤਕ ਪਹੁੰਚ ਗਈ ਹੈ।
ਇਸ ਸਮੇਂ ਸਿਰਫ਼ ਇਕ ਜ਼ਿਲ੍ਹਾ ਫ਼ਾਜ਼ਿਲਕਾ ਹੀ ਕੋਰੋਨਾ ਤੋਂ ਬਚਿਆ ਹੈ ਜਦ ਕਿ ਬਠਿੰਡਾ ਜ਼ਿਲ੍ਹੇ ਵਿਚ ਵੀ ਅੱਜ ਕੋਰੋਨਾ ਨੇ ਦਸਤਕ ਦੇ ਦਿਤੀ ਹੈ। ਇਸ ਤਰ੍ਹਾਂ ਸੂਬੇ ਦੇ 21 ਜ਼ਿਲ੍ਹੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਚੁਕੇ ਹਨ। ਅੱਜ ਆਏ 35 ਨਵੇਂ ਪਾਜ਼ੇਟਿਵ ਕੇਸਾਂ ਵਿਚੋਂ 30 ਤੋਂ ਵੱਧ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਅਤੇ ਰਾਜਸਥਾਨ ਦੇ ਕੋਟਾਂ ਤੋਂ ਪਰਤੇ ਵਿਦਿਆਰਥੀ ਹਨ। ਹਜ਼ਾਰਾਂ ਸ਼ਰਧਾਲੂ ਵਾਪਸ ਪਰਤ ਚੁੱਕੇ ਹਨ। ਜਿਨ੍ਹਾਂ ਨੂੰ ਸੂਬੇ ਦੀਆਂ ਹੱਦਾਂ ਉਤੇ ਹੀ ਰੋਕ ਕੇ ਜਾਂਚ ਉਪਰੰਤ ਸਰਕਾਰੀ ਏਕਾਂਤਵਾਸ ਵਿਚ ਲਿਜਾ ਕੇ ਸੈਂਪਲ ਲੈਣ ਬਾਅਦ ਇਹ ਲੈਬ ਵਿਚ ਭੇਜੇ ਜਾ ਰਹੇ ਹਨ।
ਸ੍ਰ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਪਾਜ਼ੇਟਿਵ ਕੇਸ ਆਉਣ ਬਾਅਦ ਹੀ ਅੱਜ ਕੋਰੋਨਾ ਪੀੜਤ ਦੀ ਗਿਣਤੀ ਵਿਚ ਅਚਾਨਕ ਤੇਜ਼ੀ ਨਾਲ ਵਾਧਾ ਹੋਇਆ ਹੈ। ਅੱਜ ਸਾਰੇ ਦਿਨਾਂ ਨਾਲੋਂ ਵੱਧ ਪਾਜ਼ੇਟਿਵ ਕੇਸ ਆਏ ਹਨ। ਜ਼ਿਲ੍ਹਾ ਲੁਧਿਆਣਾ ਵਿਚੋਂ ਅੱਜ 11, ਮੋਹਾਲੀ ਤੋਂ 8, ਫ਼ਰੀਦਕੋਟ ਤੋਂ 3, ਨਵਾਂ ਸ਼ਹਿਰ ਤੋਂ 2, ਹੁਸ਼ਿਆਰਪੁਰ ਤੋਂ 3, ਪਟਿਆਲਾ ਤੋਂ 2, ਬਠਿੰਡਾ ਤੋਂ 2, ਸੰਗਰੂਰ ਤੇ ਜਲੰਧਰ ਤੋਂ 1-1 ਕੇਸ ਪਾਜ਼ੇਟਿਵ ਆਇਆ ਹੈ। 2605 ਸੈਂਪਲਾਂ ਦੀ ਰੀਪੋਰਟ ਹਾਲੇ ਆਉਣੀ ਹੈ।
ਹਜ਼ੂਰ ਸਾਹਿਬ ਤੋਂ ਬਠਿੰਡਾ ਪਰਤੇ ਦੋ ਸ਼ਰਧਾਲੂ ਨਿਕਲੇ ਪਾਜ਼ੇਟਿਵ
ਬਠਿੰਡਾ, 29 ਅਪ੍ਰੈਲ (ਸੁਖਜਿੰਦਰ ਮਾਨ) : ਪਿਛਲੇ ਸਵਾ ਮਹੀਨੇ ਤੋਂ ਕੋਰੋਨਾ ਮੁਕਤ ਚਲਿਆ ਆ ਰਹੇ ਬਠਿੰਡਾ 'ਚ ਵੀ ਹੁਣ ਇਸ ਮਹਾਂਮਾਰੀ ਨੇ ਦਸਤਕ ਦੇ ਦਿਤੀ ਹੈ। ਦੋ-ਦਿਨ ਪਹਿਲਾਂ ਨਾਂਦੇੜ ਤੋਂ ਪਰਤੇ ਦੋ ਸ਼ਰਧਾਲੂਆਂ ਦੀ ਕੋਵਿਡ 19 ਬੀਮਾਰੀ ਸਬੰਧੀ ਕਰਵਾਏ ਟੈਸਟ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਸੂਤਰਾਂ ਅਨੁਸਾਰ ਪਾਜ਼ੇਟਿਵ ਕੇਸਾਂ ਵਿਚ ਇਕ ਔਰਤ ਅਤੇ ਇਕ ਪੁਰਸ਼ ਦਸਿਆ ਜਾ ਰਿਹਾ।
ਮਹਿਲਾ ਬਠਿੰਡਾ ਸ਼ਹਿਰ ਦੇ ਲਾਈਨੋਪਾਰ ਖੇਤਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜਦਕਿ ਪੁਰਸ਼ ਮੂਲ ਰੁਪ ਵਿਚ ਦਿੱਲੀ ਦਾ ਰਹਿਣ ਵਾਲਾ ਹੈ ਪ੍ਰੰਤੂ ਉਹ ਭੁੱਚੋਂ ਰੋਡ 'ਤੇ ਸਥਿਤ ਇਕ ਡੇਰੇ ਦਾ ਸ਼ਰਧਾਲੂ ਹੋਣ ਕਾਰਨ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਆਉਣ ਤੋਂ ਬਾਅਦ ਪਿੰਡ ਪਥਰਾਲਾ 'ਚ ਬਣੇ ਡੇਰੇ ਵਿਚ ਅਪਣੇ ਸਾਥੀਆਂ ਨਾਲ ਰਹਿ ਰਿਹਾ ਸੀ। ਜਦਕਿ ਉਕਤ ਮਹਿਲਾ ਬਠਿੰਡਾ ਸ਼ਹਿਰ ਦੇ ਮੈਰੀਟੋਰੀਅਸ ਸਕੂਲ ਵਿਚ 29 ਸਾਥੀਆਂ ਨਾਲ ਏਕਾਂਤਵਸ ਕੀਤੀ ਹੋਈ ਸੀ।
File photo
ਹਜ਼ੂਰ ਸਾਹਿਬ ਤੋਂ ਪਟਿਆਲਾ ਪਰਤੇ ਦੋ ਸ਼ਰਧਾਲੂ ਕੋਰੋਨਾ ਪਾਜ਼ੇਟਿਵ
ਪਟਿਆਲਾ, 29 ਅਪਰੈਲ (ਤੇਜਿੰਦਰ ਫ਼ਤਿਹਪੁਰ) : ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਦੋ ਸ਼ਰਧਾਲੂ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਪਟਿਆਲਾ ਦੇ ਆਨੰਦ ਨਗਰ ਏ ਐਕਸਟੈਨਸ਼ਨ ਵਿਚ ਰਹਿਣ ਵਾਲੇ ਤਿੰਨ ਸ਼ਰਧਾਲੂ ਜੋ ਕਿ ਅਪਣੀ ਟੈਕਸੀ ਰਾਹੀਂ ਬੀਤੇ ਦਿਨੀ ਹਜੂਰ ਸਾਹਿਬ ਤੋਂ ਵਾਪਸ ਪਰਤੇ ਸਨ, ਦੀ ਸੂਚਨਾ ਜ਼ਿਲ੍ਹਾ ਸਿਹਤ ਵਿਭਾਗ ਨੂੰ ਮਿਲਣ 'ਤੇ ਗ.ਾਈਡਲਾਈਨਜ਼ ਅਨੁਸਾਰ ਸਿਹਤ ਵਿਭਾਗ ਵਲੋਂ ਉਨ੍ਹਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਸਨ।
ਜਿਨ੍ਹਾਂ ਦੀ ਜਾਂਚ ਰੀਪੋਰਟ ਆਉਣ 'ਤੇ 50 ਸਾਲਾ ਅੋਰਤ ਅਤੇ ਉਸ ਦਾ 26 ਸਾਲਾ ਪੁੱਤਰ ਵਿਚ ਕੋਵਿਡ ਦੀ ਪੁਸ਼ਟੀ ਹੋਈ ਹੈ ਅਤੇ ਉਨ੍ਹਾਂ ਨਾਲ ਆਈ ਇਕ ਹੋਰ 60 ਸਾਲਾ ਔਰਤ ਦੀ ਰੀਪੋਰਟ ਕੰਫਰਮ ਨਾ ਹੋਣ ਕਰ ਕੇ ਉਸ ਦੇ ਕੋਵਿਡ ਜਾਂਚ ਸਬੰਧੀ ਦੁਬਾਰਾ ਸੈਂਪਲ ਲਏ ਜਾ ਰਹੇ ਹਨ। ਪਾਜ਼ੇਟਿਵ ਆਏ ਦੋਵੇਂ ਕੇਸਾਂ ਦੇ ਸੰਪਰਕ ਵਿਚ ਆਏ ਪਰਵਾਰਕ ਮੈਂਬਰਾਂ ਅਤੇ ਹਾਈ ਰਿਸਕ ਕੇਸਾਂ ਦੀ ਭਾਲ ਕਰ ਕੇ ਉਨ੍ਹਾਂ ਦੇ ਵੀ ਕੋਰੋਨਾ ਜਾਂਚ ਸਬੰਧੀ ਸੈਂਪਲ ਲਏ ਜਾਣਗੇ।
ਡਾ. ਮਲਹੋਤਰਾ ਨੇ ਦਸਿਆ ਅੱਜ ਰਾਜਸਥਾਨ ਦੇ ਜੈਸਲਮੇਰ ਤੋਂ ਆਈ ਲੈਬਰ ਦੇ 27 ਮੈਂਬਰ ਅਤੇ ਬੱਸ ਦੇ ਸਟਾਫ਼ ਸਮੇਤ ਕੁੱਲ 30 ਵਿਅਕਤੀਆਂ ਨੂੰ ਸਰਕਾਰੀ ਕੁਆਰੰਟੀਨ ਰੱਖ ਕੇ ਉਨ੍ਹਾਂ ਦੇ ਜਾਂਚ ਸਬੰਧੀ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਜਿਲੇ ਦੇ ਵੱਖ-ਵੱਖ ਸਿਹਤ ਸੰਸ਼ਥਾਂਵਾ ਤੋ ਕੋਵਿਡ ਜਾਂਚ ਸਬੰਧੀ ਕੱਲ 80 ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰੀਪੋਰਟ ਕਲ ਨੂੰ ਆਵੇਗੀ।
ਉਨ੍ਹਾਂ ਦਸਿਆ ਸਰਕਾਰੀ ਬਸਾਂ ਰਾਹੀਂ ਹਜੂਰ ਸਾਹਿਬ ਤੋਂ ਆ ਰਹੇ 80 ਦੇ ਕਰੀਬ ਸ਼ਰਧਾਲੂਆ ਨੂੰ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਬਣਾਏ ਏਕਾਂਤਵਾਸ ਵਿਚ ਰਖਿਆ ਜਾਵੇਗਾ ਅਤੇ ਗਾਈਡਲਾਈਨ ਅਨੁਸਾਰ ਉਨ੍ਹਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।
ਲੁਧਿਆਣਾ 'ਚ ਇੱਕਠੇ 11 ਕੇਸ ਆਏ ਸਾਹਮਣੇ
ਲੁਧਿਆਣਾ, 29 ਅਪ੍ਰੈਲ (ਸਹਿਗਲ) : ਵਿਸ਼ਵ ਭਰ ਦੇ ਕਈ ਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਨੇ ਜ਼ਿਲ੍ਹਾ ਲੁਧਿਆਣਾ ਨੂੰ ਵੀ ਅਪਣੀ ਲਪੇਟ 'ਚ ਲੈ ਲਿਆ ਹੈ। ਲੁਧਿਆਣਾ 'ਚ ਕੋਰੋਨਾ ਪੀੜਤਾਂ ਦੇ ਇਕੱਠੇ 11 ਕੇਸ ਆਉਣ ਨਾਲ ਲੋਕਾਂ 'ਚ ਅਫ਼ਰਾ-ਤਫ਼ਰੀ ਮਚ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਰਾਜੇਸ਼ ਬੱਗਾ ਨੇ ਕੀਤੀ ਹੈ। ਇਨ੍ਹਾਂ ਕੋਰੋਨਾ ਪੀੜਤਾਂ 'ਚ 4 ਵਿਦਿਆਰਥੀ ਅਤੇ 7 ਸ਼ਰਧਾਲੂ ਨਾਂਦੇੜ ਸਾਹਿਬ ਤੋਂ ਆਏ ਸਨ। ਦਸਣਯੋਗ ਹੈ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਬੀਤੇ ਦਿਨ ਕਈ ਇਲਾਕਿਆਂ 'ਚ ਸਰਵੇ ਦੌਰਾਨ 142 ਅਜਿਹੇ ਵਿਅਕਤੀ ਪਛਾਣ ਕੇ ਉਨ੍ਹਾਂ ਨੂੰ ਇਕਾਂਤਵਾਸ 'ਚ ਭੇਜਿਆ ਹੈ, ਜਿਨ੍ਹਾਂ 'ਤੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਹੋਣ ਦਾ ਸ਼ੱਕ ਹੈ। ਸਿਵਲ ਸਰਜਨ ਰਾਜੇਸ਼ ਬੱਗਾ ਨੇ ਦਸਿਆ ਹੈ ਕਿ ਕੋਟਾ ਅਤੇ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਲਗਭਗ 112 ਅਜਿਹੇ ਵਿਅਕਤੀਆਂ ਨੂੰ ਰਜਿਸਟਰਡ ਕੀਤਾ ਗਿਆ ਹੈ। ਉਨ੍ਹਾਂ ਵਲੋਂ ਹਰ ਵਿਅਕਤੀ ਦੀ ਸਕ੍ਰੀਨਿੰੰਗ ਕੀਤੀ ਜਾ ਰਹੀ ਹੈ, ਜੋ ਉਕਤ ਦੋ ਥਾਵਾਂ ਤੋਂ ਪਰਤ ਕੇ ਆਏ ਸਨ।
ਫ਼ਰੀਦਕੋਟ 'ਚ ਮਿਲੇ ਤਿੰਨ ਹੋਰ ਕੋਰੋਨਾ ਪਾਜ਼ੇਟਿਵ
ਕੋਟਕਪੂਰਾ, 29 ਅਪ੍ਰੈਲ (ਗੁਰਿੰਦਰ ਸਿੰਘ) : ਕੋਟਕਪੂਰਾ-ਫਰੀਦਕੋਟ ਸੜਕ 'ਤੇ ਇੱਥੋਂ ਮਹਿਜ 3 ਕਿਲੋਮੀਟਰ ਦੂਰ ਪਿੰਡ ਸੰਧਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਹਜੂਰ ਸਾਹਿਬ ਨਾਂਦੇੜ ਤੋਂ ਆਏ ਅਤੇ ਠਹਿਰਾਏ ਗਏ ਸ਼ਰਧਾਲੂਆਂ 'ਚੋਂ ਤਿੰਨ ਦੀ ਰਿਪੋਰਟ ਪਾਜ਼ੇਟਿਵ ਆਉਣ ਅਰਥਾਤ ਉਨ੍ਹਾਂ 'ਚ ਕੋਰੋਨਾ ਦੇ ਲੱਛਣ ਪਾਏ ਜਾਣ ਕਾਰਨ ਇਲਾਕਾ ਵਾਸੀਆਂ 'ਚ ਡਰ, ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਉਕਤ ਮਰੀਜਾਂ 'ਚੋਂ ਦੋ ਔਰਤਾਂ 'ਚ ਕੋਰੋਨਾ ਦੇ ਲੱਛਣ ਪਾਏ ਜਾਣ ਦੀ ਖਬਰ ਇਲਾਕੇ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਕੁਝ ਕੁ ਘੰਟਿਆਂ ਬਾਅਦ ਪਤਾ ਲੱਗਾ ਕਿ ਇਕ ਹੋਰ ਔਰਤ 'ਚ ਕੋਰੋਨਾ ਦੇ ਲੱਛਣ ਆਉਣ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ 3 ਹੋ ਗਈ ਹੈ। ਸਿਹਤ ਵਿਭਾਗ ਨੇ ਹੁਣ ਤਕ ਛੋਟੋ ਕੌਰ ਉਮਰ 70 ਸਾਲ, ਪਿਆਰੋ ਕੌਰ 64 ਸਾਲ ਅਤੇ ਰਜਨੀ ਕੌਰ 23 ਸਾਲ 'ਚ ਕੋਰੋਨਾ ਦੇ ਲੱਛਣ ਪਾਏ ਜਾਣ ਦੀ ਪੁਸ਼ਟੀ ਕੀਤੀ ਹੈ।
ਜਲੰਧਰ : ਦੋ ਨਵੇਂ ਮਾਮਲੇ ਆਉਣ ਨਾਲ ਗਿਣਤੀ ਹੋਈ 88
ਜਲੰਧਰ, 29 ਅਪ੍ਰੈਲ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ) : ਜਲੰਧਰ ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬਸਤੀ ਦਾਨੀਸ਼ਮੰਦਾ ਦੀ ਰਹਿਣ ਵਾਲੀ 50 ਸਾਲਾ ਪੂਨਮ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ। ਉਸ ਨੂੰ ਸਿਵਲ ਹਸਪਤਾਲ ਵਿਚ ਹੀ ਦਾਖ਼ਲ ਕਰਵਾਇਆ ਗਿਆ ਸੀ। ਉਸ ਔਰਤ ਦਾ ਸੈਂਪਲ ਕੋਰੋਨਾ ਦੇ ਟੈਸਟ ਲਈ ਭੇਜਿਆ ਗਿਆ ਸੀ, ਜਿਸ ਦੀ ਅੱਜ ਰੀਪੋਰਟ ਪਾਜ਼ੇਟਿਵ ਆ ਗਈ ਹੈ। ਰੀਪੋਰਟ ਅਨੁਸਾਰ ਔਰਤ ਨੂੰ ਕੋਰੋਨਾ ਵਾਇਰਸ ਸੀ ਅਤੇ ਕੋਰੋਨਾ ਕਰ ਕੇ ਹੀ ਉਸ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਜਲੰਧਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 88 ਹੋ ਗਈ ਹੈ।
ਸੰਗਰੂਰ 'ਚ ਵੀ ਸਾਹਮਣੇ ਆਇਆ 4 ਪਾਜ਼ੇਟਿਵ ਕੇਸ
ਸੰਗਰੂਰ, 29 ਅਪ੍ਰੈਲ (ਪਪ): ਕੋਰੋਨਾ ਵਾਇਰਸ ਦੇ ਚਲਦਿਆਂ ਜਿਥੇ ਜ਼ਿਲ੍ਹਾ ਸੰਗਰੂਰ ਅੰਦਰ 4 ਪਾਜ਼ੇਟਿਵ ਕੇਸ ਆਏ ਹਨ। ਉਥੇ ਹੀ ਬੀਤੀ ਕਲ ਨਾਂਦੇੜ ਸਾਹਿਬ ਤੋਂ ਪਰਤੇ ਧੂਰੀ ਵਾਸੀ ਦੀ ਰੀਪੋਰਟ ਅੱਜ ਪਾਜ਼ੇਟਿਵ ਆ ਗਈ ਹੈ। ਸੰਗਰੂਰ ਦੇ ਸਿਵਲ ਸਰਜਨ ਡਾਕਟਰ ਰਾਜ ਕੁਮਾਰ ਨੇ ਦਸਿਆ ਕਿ ਨਾਂਦੇੜ ਸਾਹਿਬ ਤੋਂ ਹੁਣ ਤਕ ਕੁੱਲ 120 ਦੇ ਕਰੀਬ ਯਾਤਰੀ ਆਏ ਸਨ, ਜਿਨ੍ਹਾਂ ਨੂੰ ਇਕਾਂਤਵਾਸ 'ਚ ਰਖਿਆ ਗਿਆ ਹੈ। ਇਸ ਦੌਰਾਨ ਪਹਿਲਾਂ ਆਏ 16 ਯਾਤਰੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 2 ਦੀ ਰਿਪੋਰਟ ਅੱਜ ਆਈ ਹੈ ਅਤੇ ਇਨ੍ਹਾਂ 'ਚੋਂ ਧੂਰੀ ਵਾਸੀ 72 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਤੇ ਦੂਜੇ ਵਿਅਕਤੀ ਦੀ ਰਿਪੋਰਟ ਨੈਗੇਟਿਵ ਹੈ ਤੇ ਬਾਕੀਆਂ ਦੀ ਰਿਪੋਰਟ ਅਜੇ ਪੈਂਡਿੰਗ ਹੈ, ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਇਕਾਂਤਵਾਸ ਕੀਤਾ ਗਿਆ ਹੈ।