
ਬਾਪੂਧਾਮ ਅਤੇ ਸੈਕਟਰ 30 ਕੀਤਾ ਪੂਰੀ ਤਰ੍ਹਾਂ ਸੀਲ, ਉਲੰਘਣਾ ਕਰਨ ਵਾਲੇ ਵਿਰੁਧ ਹੋਵੇਗੀ ਸਖ਼ਤ ਕਾਰਵਾਈ
ਚੰਡੀਗੜ੍ਹ, 29 ਅਪ੍ਰੈਲ (ਤਰੁਣ ਭਜਨੀ): ਸ਼ਹਿਰ ਵਿਚ ਪਿਛਲੇ ਚਾਰ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਹਿਰ ਵਿਚ ਬੁਧਵਾਰ ਦੇ ਦਿਨ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਬੁਧਵਾਰ ਸਵੇਰੇ ਹੀ ਕੋਰੋਨਾ ਦੇ ਅੱਠ ਮਾਮਲੇ ਆ ਗਏ ਤਾਂ ਸ਼ਾਮ ਹੁੰਦੇ ਤਕ ਇਕ ਹੋਰ ਪਾਜ਼ੇਟਿਵ ਕੇਸ ਆਉਣ ਨਾਲ ਗਿਣਤੀ 9 ਤਕ ਪਹੁੰਚ ਗਈ। ਚੰਡੀਗੜ੍ਹ ਦੇ ਨਵੇਂ ਮਰੀਜ਼ਾਂ ਵਿਚ 19 ਸਾਲਾ ਮੁਟਿਆਰ, 65 ਸਾਲਾ ਮਹਿਲਾ, 51 ਸਾਲਾ ਮਰਦ, 40 ਸਾਲਾ ਮਰਦ, 60 ਸਾਲ ਦਾ ਮਰਦ, 50 ਸਾਲ ਦਾ ਮਰਦ ਅਤੇ 20 ਸਾਲਾ ਨੌਜਵਾਨ ਸ਼ਾਮਲ ਹੈ।
ਸਾਰੇ ਬਾਪੂਧਾਮ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਸੈਕਟਰ-38 ਦੀ 79 ਸਾਲ ਦੀ ਬਜ਼ੁਰਗ ਔਰਤ ਅਤੇ ਇਕ ਵਿਅਕਤੀ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਸ਼ਹਿਰ ਵਿਚ ਹੁਣ ਕੁਲ ਪਾਜ਼ੇਟਿਵ ਮਰੀਜ਼ਾਂ ਦਾ ਗਿਣਤੀ 68 ਤਕ ਪਹੁੰਚ ਗਿਆ ਹੈ। ਚੰਡੀਗੜ੍ਹ ਵਿਚ ਬੀਤੇ ਮੰਗਲਵਾਰ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ 14 ਨਵੇਂ ਪਾਜ਼ੇਟਿਵ ਮਰੀਜ਼ ਮਿਲੇ ਸਨ। ਬੁਧਵਾਰ 9 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਗਿਣਤੀ 68 ਹੋ ਗਈ ਹੈ।
ਸ਼ਹਿਰ ਦੇ ਸਾਰੇ ਪ੍ਰਮੁੱਖ ਹਸਪਤਾਲ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਡਾਕਟਰ ਅਤੇ ਪੈਰਾਮੈਡੀਕਲ ਸਟਾਫ਼ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ। ਸ਼ਹਿਰ ਦੇ ਪ੍ਰਮੁੱਖ ਹਸਪਤਾਲ ਜਿਨ੍ਹਾਂ ਵਿਚ ਪੀ.ਜੀ.ਆਈ., ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32, ਸਰਕਾਰੀ ਜਰਨਲ ਹਸਪਤਾਲ ਸੈਕਟਰ-16 ਦੇ ਡਾਕਟਰਾਂ ਨਰਸਿਗ ਸਟਾਫ਼ ਪੈਰਾਮੈਡੀਕਲ ਸਟਾਫ਼ ਅਤੇ ਹੋਰ ਹੈਲਥ ਵਰਕਰਾਂ ਵਿਚ ਹੁਣ ਤਕ 15 ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆ ਚੁਕੇ ਹਨ। ਬੀਤੇ ਚਾਰ ਦਿਨ ਵਿਚ ਹੀ ਇਨ੍ਹਾਂ ਤਿੰਨਾਂ ਪ੍ਰਮੁੱਖ ਹਸਪਤਾਲਾਂ ਦੇ ਤਿੰਨ ਡਾਕਟਰ, ਦੋ ਨਰਸਿਗ ਅਧਿਕਾਰੀ ਅਤੇ ਦੋ ਵਾਰਡ ਸਰਵੈਂਟ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।
ਬੀਤੇ ਐਤਵਾਰ ਸ਼ਹਿਰ ਵਿਚ ਛੇ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਇਸ ਵਿਚ ਜੀਐਮਸੀਐਚ 32 ਵਿਚ ਕੰਮ ਕਰਨ ਵਾਲੇ ਵਾਰਡ ਸਰਵੈਂਟ ਨਰੇਂਦਰ ਕੁਮਾਰ ਦੇ ਪਰਵਾਰ ਦੇ 4 ਮੈਂਬਰ ਸ਼ਾਮਲ ਸਨ। ਜਦਕਿ ਪੀ.ਜੀ.ਆਈ. ਦੇ ਦੋ ਨਸਿਰੰਗ ਅਧਿਕਾਰੀਆਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਉਥੇ ਹੀ ਬੀਤੇ ਸੋਮਵਾਰ ਨੂੰ ਸ਼ਹਿਰ ਵਿਚ ਨੌਂ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ, ਜਿਸ ਵਿਚ ਜੀਐਮਸੀਐਚ-32 ਦੀ ਤਿੰਨ ਡਾਕਟਰ, ਇਕ ਵਾਰਡ ਬੁਆਏ ਤੋਂ ਇਲਾਵਾ ਛੇ ਹੋਰ ਲੋਕ ਸ਼ਾਮਲ ਸਨ। ਮੰਗਲਵਾਰ 14 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।
ਕੋਰੋਨਾ ਨਾਲ ਪਾਜ਼ੇਟਿਵ ਮਰੀਜ਼ਾਂ ਨੂੰ ਵੇਖ ਰਿਹਾ ਸਟਾਫ਼ ਛੇ ਘੰਟੇ ਤੋਂ ਵਧ ਨਹੀਂ ਕਰੇਗਾ ਡਿਊਟੀ : ਡਾਕਟਰਾਂ, ਨਰਸਿੰਗ ਸਟਾਫ ਅਤੇ ਪੈਰਾਮੈਡੀਕਲ ਸਟਾਫ਼ ਵਿਚ ਲਗਾਤਾਰ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵੇਖਦੇ ਹੋਏ ਪ੍ਰਬੰਧਕੀ ਪੱਧਰ 'ਤੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਕੋਰੋਨਾ ਵਾਰਡ ਜਾਂ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਅਤੇ ਹੋਰ ਸਟਾਫ਼ ਦੇ ਲੋਕ ਛੇ ਘੰਟੇ ਤੋਂ ਵਧ ਡਿਊਟੀ ਨਹੀਂ ਕਰਨਗੇ।
ਹਰ ਛੇ ਘੰਟੇ ਬਾਅਦ ਦੂਜੇ ਡਾਕਟਰ ਅਤੇ ਹੋਰ ਸਟਾਫ਼ ਕੋਰੋਨਾ ਵਾਇਰਸ ਤੋਂ ਸੰਕਰਮਿਤ ਮਰੀਜ਼ਾਂ ਦਾ ਰੋਟੇਸ਼ਨ ਵਿਚ ਇਲਾਜ ਕਰਨਗੇ। ਤਾਕਿ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਜ਼ਿਆਦਾ ਦੇਰ ਨਾ ਰਿਹਾ ਜਾਵੇ ਅਤੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੂੰ ਸੰਕਰਮਣ ਦੇ ਖ਼ਤਰੇ ਤੋਂ ਵੀ ਬਚਾਇਆ ਜਾ ਸਕੇ।
ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋਫੈਸਰ ਜਗਤਰਾਮ ਨੇ ਦਸਿਆ ਕਿ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹੋਰ ਪੈਰਾਮੈਡੀਕਲ ਸਟਾਫ਼ ਵਿਚ ਲਗਾਤਾਰ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵੇਖਦੇ ਹੋਏ ਪੀਜੀਆਈ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ ਕਿ ਹੁਣ ਹਸਪਤਾਲ ਵਿਚ ਆਉਣ ਵਾਲੇ ਸਾਰੇ ਮਰੀਜ਼ਾਂ ਅਤੇ ਪਹਿਲਾਂ ਤੋਂ ਦਾਖ਼ਲ ਸਾਰੇ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਨਾਲ ਹੀ ਰੋਜਾਨਾ ਪੀਜੀਆਈ ਆਉਣ ਵਾਲੇ ਸਟਾਫ਼ ਦੀ ਵੀ ਸਕਰੀਨਿੰਗ ਹੋਵੇਗੀ ਤਾਂਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸਦੇ ਲਈ ਪੀਜੀਆਈ ਨੇ ਦੋ ਕਮੇਟੀ ਗਠਤ ਕੀਤੀ ਹਨ।
ਚੰਡੀਗੜ੍ਹ : ਡਾਕਟਰ ਅਤੇ ਪੈਰਾਮੈਡੀਕਲ ਸਟਾਫ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਚਿੰਤਾ ਜ਼ਾਹਰ ਕੀਤੀ ਹੈ। ਹਾਲ ਹੀ ਵਿਚ ਵਾਰ ਰੂਮ ਦੀ ਮੀਟਿੰਗ ਵਿਚ ਪ੍ਰਸ਼ਾਸਕ ਬਦਨੌਰ ਨੇ ਪੀਜੀਆਈ ਡਾਇਰੈਕਟਰ ਪ੍ਰੋਫ਼ੈਸਰ ਜਗਤਰਾਮ ਜੀਐਮਸੀਐਚ-32 ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਬੀ.ਐਸ. ਚਵਨ ਅਤੇ ਯੂਟੀ ਹੈਲਥ ਡਾਇਰੈਕਟਰ ਡਾਕਟਰ ਜੀ ਦੀਵਾਨ ਨੂੰ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਦਾਖ਼ਲ ਮਰੀਜ਼ਾਂ ਦੀ ਰੈਗੂਲਰ ਸਕਰੀਨਿੰਗ ਕਰਨ ਲਈ ਕਿਹਾ ਹੈ।
ਨਾਲ ਹੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜਾਂ ਦਾ ਇਲਾਜ ਕਰ ਰਹੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹੋਰ ਪੈਰਾਮੈਡੀਕਲ ਸਟਾਫ ਅਤੇ ਹੈਲਥ ਵਰਕਰਾਂ ਨੂੰ ਸੇਫ਼ਟੀ ਕਿੱਟ ਅਤੇ ਪੀਪੀਈ ਕਿੱਟ ਉਪਲੱਬਧ ਕਰਾਉਣ ਲਈ ਨਿਰਦੇਸ਼ ਦਿਤੇ ਹਨ। ਇਸ ਤੋਂ ਇਲਾਵਾ ਬਾਪੂਧਾਮ ਅਤੇ ਸੈਕਟਰ 30 ਵਿਚ ਤੇਜੀ ਨਾਲ ਕੋਰੋਨਾ ਕੇਸ ਵਧਣ 'ਤੇ ਬਦਨੌਰ ਨੇ ਡੀ.ਜੀ.ਪੀ. ਸੰਜੇ ਬੈਨੀਵਾਲ ਨੂੰ ਇਹ ਏਰੀਆ ਪੂਰੀ ਤਰ੍ਹਾਂ ਨਾਲ ਸੀਲ ਕਰਨ ਦੇ ਆਦੇਸ਼ ਦਿਤੇ ਹਨ। ਜਿਸ ਤੋਂ ਬਾਅਦ ਦੋਵੇਂ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ ਅਤੇ ਏਰੀਆ ਦੇ ਬਾਹਰ ਸੀਆਰਪੀਐਫ਼ ਦਾ ਪਹਿਰਾ ਲਗਾ ਦਿਤਾ ਗਿਆ ਹੈ।
ਕਿਸੇ ਵੀ ਵਿਅਕਤੀ ਨੂੰ ਇਲਾਕੇ ਵਿਚ ਜਾਣ ਅਤੇ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ ਹੈ। ਕੇਵਲ ਜਰੂਰੀ ਸਮਾਨ ਵੇਚਣ ਵਾਲਿਆਂ ਨੂੰ ਹੀ ਅੰਦਰ ਜਾਣ ਦਿਤਾ ਜਾ ਰਿਹਾ ਹੈ। ਕਮਿਸ਼ਨਰ ਕੇ.ਕੇ. ਯਾਦਵ ਨੂੰ ਇਹ ਏਰੀਆ ਪੂਰੀ ਤਰ੍ਹਾਂ ਨਾਲ ਸੈਨੀਟਾਇਜ ਅਤੇ ਸਾਫ਼ ਕਰਨ ਦੇ ਆਦੇਸ਼ ਦਿਤੇ ਹਨ। ਸਲਾਹਕਾਰ ਮਨੋਜ ਪਰਿੰਦਾ ਨੇ ਕੋਰੋਨਾ ਚੇਨ ਤੋੜਨ ਲਈ ਪੂਰੀ ਤਾਕਤ ਦੇ ਨਾਲ ਬਾਪੂਧਾਮ ਕਲੋਨੀ ਵਰਗੀ ਪਾਕੇਟ ਅਤੇ ਸੈਕਟਰ-30ਬੀ ਉਤੇ ਫੋਕਸ ਕਰਨ ਦੇ ਆਦੇਸ਼ ਦਿਤੇ ਹਨ।
ਸੀ.ਸੀ.ਟੀ.ਵੀ. ਅਤੇ ਡਰੋਨ ਨਾਲ ਇਲਾਕੇ ਤੇ ਨਜ਼ਰ ਰੱਖਣ ਦੇ ਆਦੇਸ਼ : ਕਰਫ਼ਿਊ ਦੀ ਉਲੰਘਣਾ ਰੋਕਣ ਲਈ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿੰਦਾ ਨੇ ਪ੍ਰਭਾਵਤ ਏਰੀਆ ਵਿਚ ਸੀਸੀਟੀਵੀ ਅਤੇ ਡਰੋਨ ਦੀ ਵਰਤੋਂ ਕਰਨ ਦੇ ਆਦੇਸ਼ ਦਿਤੇ ਹਨ। ਜੋ ਲੋਕ ਉਲੰਘਣਾ ਕਰਨ ਦੇ ਆਦਿ ਹਨ, ਉਨ੍ਹਾਂ 'ਤੇ ਤੁਰਤ ਕਾਰਵਾਈ ਕੀਤੀ ਜਾਵੇ। ਪੁਲਿਸ ਨੂੰ ਇਸ ਏਰੀਆ ਵਿਚ ਲਗਾਤਾਰ ਪਟਰੌਲਿੰਗ ਕਰਨ ਦੇ ਆਦੇਸ਼ ਦਿਤੇ ਹਨ।
ਇਸ ਤੋਂ ਪਹਿਲਾਂ ਪ੍ਰਸ਼ਾਸਕ ਬਦਨੌਰ ਨੇ ਤਿੰਨੇ ਪ੍ਰਮੁੱਖ ਹਸਪਤਾਲਾਂ ਦੇ ਮੁਖੀਆਂ ਨਾਲ ਵੀਡੀਉ ਕਾਫ਼ਰੰਸਿੰਗ ਨਾਲ ਗੱਲ ਕੀਤੀ। ਉਨ੍ਹਾਂ ਪ੍ਰੋਟੋਕਾਲ ਨੂੰ ਫਾਲੋ ਕਰਨ ਲਈ ਕਿਹਾ ਜਿਸ ਨਾਲ ਹਸਪਤਾਲ ਸੰਕਰਮਣ ਦਾ ਸ਼ਿਕਾਰ ਨਾ ਬਣਨ।