
ਰੈੱਡ ਜ਼ੋਨ ਅਤੇ ਰੋਗਗ੍ਰਸਤ ਐਲਾਨੇ ਖੇਤਰਾਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ 'ਚ ਕਰਫ਼ੀਊ 'ਚ ਚਾਰ ਘੰਟੇ ਦੀ ਦਿਤੀ ਢਿੱਲ
ਚੰਡੀਗੜ੍ਹ, 29 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਦੇ ਤਾਲਾਬੰਦੀ ਸਬੰਧੀ 3 ਮਈ ਤੋਂ ਬਾਅਦ ਦੇ ਐਲਾਨ ਤੋਂ ਪਹਿਲਾਂ ਹੀ ਅਪਣੇ ਪੱਧਰ 'ਤੇ ਵੱਡਾ ਫ਼ੈਸਲਾ ਲੈਂਦਿਆਂ ਕੁੱਝ ਜ਼ਿਲ੍ਹਿਆਂ 'ਚ ਸ਼ਰਤਾਂ ਨਾਲ ਛੋਟਾਂ 'ਤੇ ਕਰਫ਼ੀਊ 'ਚ 4 ਘੰਟੇ ਦੀ ਢਿੱਲ ਦੇਣ ਨਾਲ ਸੂਬੇ 'ਚ ਕਰਫ਼ੀਊ ਅਤੇ ਤਾਲਾਬੰਦੀ 3 ਮਈ ਤੋਂ ਬਾਅਦ ਵੀ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕਾਂ ਨੂੰ ਸੰਦੇਸ਼ ਦੇਣ ਸਮੇਂ ਕਰਫ਼ੀਊ ਨੂੰ 2 ਹਫ਼ਤੇ ਵਧਾਉਣ ਦਾ ਐਲਾਨ ਕੀਤਾ ਹੈ। ਇਹ ਹੁਣ 17 ਮਈ ਤਕ ਜਾਰੀ ਰਹੇਗਾ।
ਮੁੱਖ ਮੰਤਰੀ ਵਲੋਂ ਕੀਤੇ ਐਲਾਨ ਮੁਤਾਬਕ ਕੋਰੋਨਾ ਤੋਂ ਸਾਵਧਾਨੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਖ਼ਰੀਦੋ-ਫ਼ਰੋਖਤ ਲਈ ਸਵੇਰੇ 7 ਵਜੇ ਤੋਂ ਦੁਪਹਿਰ 11 ਵਜੇ ਤਕ ਕਰਫ਼ੀਊ 'ਚ ਢਿੱਲ ਦਿਤੀ ਹੈ। ਇਸ ਸਮੇਂ ਲੋਕ ਘਰਾਂ 'ਚੋਂ ਬਾਹਰ ਆ ਕੇ ਦੁਕਾਨਾਂ ਤੋਂ ਸਮਾਨ ਖ਼ਰੀਦ ਸਕਦੇ ਹਨ ਅਤੇ ਅਪਣੇ ਹੋਰ ਕੰਮਕਾਰ ਨਿਪਟਾ ਸਕਣਗੇ। ਹਾਟਸਪਾਟ ਵਾਲੇ ਜ਼ਿਲ੍ਹਿਆਂ, ਜਿਨ੍ਹਾਂ 'ਚ ਰੈੱਡ ਜ਼ੋਨ ਅਤੇ ਰੋਗਗ੍ਰਸਤ ਐਲਾਨੇ ਇਲਾਕੇ ਸ਼ਾਮਲ ਹਨ 'ਚ ਇਹ ਢਿੱਲ ਨਹੀਂ ਦਿਤੀ ਗਈ ਹੈ। ਇਨ੍ਹਾਂ 'ਚ ਜਲੰਧਰ, ਮੋਹਾਲੀ, ਪਟਿਆਲਾ, ਲੁਧਿਆਣਾ, ਪਠਾਨਕੋਟ ਅਤੇ ਨਵਾਂਸ਼ਹਿਰ ਖੇਤਰ ਸ਼ਾਮਲ ਹਨ।
ਮੁੱਖ ਮੰਤਰੀ ਨੇ ਅਪਣੇ ਸੰਬੋਧਨ 'ਚ ਇਹ ਵੀ ਕਿਹਾ ਕਿ ਮਾਹਰਾਂ ਅਨੁਸਾਰ ਕੋਰੋਨਾ ਸੰਕਟ ਦੀ ਸਥਿਤੀ ਸਤੰਬਰ ਤਕ ਚਲ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਗਲੀਆਂ ਸਥਿਤੀਆਂ ਨੂੰ ਵੇਖ ਕੇ ਬਾਅਦ 'ਚ ਭਵਿੱਖ ਦਾ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਬਿਮਾਰੀ ਜਲਦੀ ਖ਼ਤਮ ਹੋਣ ਵਾਲੀ ਨਹੀਂ ਹੈ ਅਤੇ ਸਾਨੂੰ ਇਸ ਵਿਰੁਧ ਲੰਮੀ ਲੜਾਈ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ।
File photo
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੂਬੇ ਦੇ ਗ੍ਰਹਿ ਵਿਭਾਗ ਨੇ ਰੋਟੇਸ਼ਨ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤਕ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ ਲਈ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕਰ ਦਿਤੇ ਹਨ। ਦੁਕਾਨਾਂ ਖੋਲ੍ਹਣ ਦੇ ਮੁੱਦੇ ਉੱਤੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ ਹੈ ਅਤੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਾਰੇ ਜ਼ਿਲ੍ਹੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ, ਪਰ ਸਿਰਫ਼ ਰੋਟੇਸ਼ਨਲ ਤਰੀਕੇ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤਕ ਖੋਲ੍ਹ•ਸਕਣਗੇ।
ਬੁਲਾਰੇ ਨੇ ਅੱਗੇ ਦਸਿਆ ਕਿ ਦੁਕਾਨਾਂ ਖੁਲ੍ਹਣ ਦੇ ਸਮੇਂ ਸਮਾਜਿਕ ਦੂਰੀਆਂ, ਸੈਨੇਟਾਈਜ਼ਰ ਅਤੇ ਮਾਸਕ ਦੀ ਵਰਤੋਂ ਆਦਿ ਵਰਗੇ ਕੋਵਿਡ-19 ਦੀ ਰੋਕਥਾਮ ਦੇ ਉਪਰਾਲਿਆਂ ਨੂੰ ਅਮਲ ਵਿਚ ਲਿਆਉਂਦਿਆਂ ਆਮ ਆਦਮੀ ਨੂੰ ਵਸਤਾਂ ਦੀ ਖ਼ਰੀਦ ਲਈ ਬਾਹਰ ਜਾਣ ਦੀ ਇਜਾਜ਼ਤ ਦਿਤੀ ਜਾਵੇਗੀ ਅਤੇ ਇਸ ਤੋਂ ਬਾਅਦ, ਨਾ ਸਿਰਫ਼ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਕਿਸੇ ਨੂੰ ਵੀ ਸਮਰੱਥ ਅਥਾਰਟੀ ਦੀ ਅਗਾਊਂ ਆਗਿਆ ਤੋਂ ਬਿਨਾਂ ਦੁਕਾਨਾਂ ਖੋਲ੍ਹਣ ਜਾਂ ਘੁੰਮਣ ਦੀ ਆਗਿਆ ਨਹੀਂ ਹੋਣੀ ਚਾਹੀਦੀ।
24 ਅਪ੍ਰੈਲ ਨੂੰ ਜਾਰੀ ਕੀਤੇ ਗਏ ਕੇਂਦਰੀ ਗ੍ਰਹਿ ਮੰਤਰਲੇ ਦੇ ਚੌਥੇ ਕੋਰੀਜੰਡਮ ਅਨੁਸਾਰ, ਸੂਬੇ ਦੇ ਗ੍ਰਹਿ ਵਿਭਾਗ ਨੇ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ ਸਪੱਸ਼ਟ ਕਰਦੇ ਹਨ ਕਿ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀ ਸੀਮਾ ਵਿਚਲੇ 'ਖਰੀਦਦਾਰੀ ਕੰਪਲੈਕਸਾਂ' ਸ਼ਬਦ ਦੀ ਥਾਂ 'ਮਾਰਕੀਟ ਕੰਪਲੈਕਸਾਂ' ਨਾਲ ਤਬਦੀਲ ਕੀਤਾ ਗਿਆ ਹੈ ਜਿਸ ਦਾ ਅਰਥ ਹੈ ਕਿ ਮਾਰਕੀਟ ਕੰਪਲੈਕਸਾਂ 'ਚ ਗਤੀਵਿਧੀਆਂ 3 ਮਈ 2020 ਤਕ ਬੰਦ ਰਹਿਣਗੀਆਂ।
ਪੇਂਡੂ ਖੇਤਰਾਂ ਵਿਚ ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾਲਾਂ ਵਿਚਲੀਆਂ ਦੁਕਾਨਾਂ ਨੂੰ ਛੱਡ ਕੇ 'ਸ਼ਾਪਸ ਐਂਡ ਐਸਟੈਬਲਿਸ਼ਮੈਂਟ ਐਕਟ' ਤਹਿਤ ਰਜਿਸਟਰਡ ਸਾਰੀਆਂ ਦੁਕਾਨਾਂ ਨੂੰ 50 ਫ਼ੀ ਸਦੀ ਸਟਾਫ਼ ਨਾਲ ਖੁੱਲ੍ਹਣ ਦੀ ਆਗਿਆ ਹੈ। ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਵਿਚ, ਇਕੱਲੀਆਂ ਦੁਕਾਨਾਂ, ਆਸ-ਪਾਸ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਵਿਚ ਵਿਚਲੀਆਂ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੈ। ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ ਅਤੇ ਸ਼ਾਪਿੰਗ ਮਾਲ ਵਿਚ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ।
ਕੋਰੀਜੰਡਮ ਵਿਚ ਅੱਗੇ ਕਿਹਾ ਗਿਆ ਹੈ ਕਿ ਜਿਹੜੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿਤੀ ਗਈ ਹੈ, ਉਨ੍ਹਾਂ ਵਿਚ ਵਸਤਾਂ ਨਾਲ ਸਬੰਧਤ ਦੁਕਾਨਾਂ ਹਨ ਅਤੇ ਸੈਲੂਨ, ਹਜਾਮਤ ਦੀਆਂ ਦੁਕਾਨਾਂ ਆਦਿ ਬੰਦ ਰਹਿਣਗੀਆਂ। ਈ-ਕਾਮਰਸ ਕੰਪਨੀਆਂ ਨੂੰ ਸਿਰਫ਼ ਜ਼ਰੂਰੀ ਚੀਜ਼ਾਂ ਦੀ ਆਗਿਆ ਰਹੇਗੀ ਅਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ।
ਬੁਲਾਰੇ ਨੇ ਅੱਗੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਉਪਰੋਕਤ ਕੋਰੀਜੰਡਮ ਅਨੁਸਾਰ ਉਨ੍ਹਾਂ ਦੁਕਾਨਾਂ/ਅਦਾਰਿਆਂ ਤੋਂ ਇਲਾਵਾ ਜ਼ਰੂਰੀ ਦੁਕਾਨਾਂ 'ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ ਬਿਨਾਂ ਕਿਸੇ ਪਾਬੰਦੀ ਦੇ ਧਾਰਾ 13 ਅਧੀਨ ਨਿਯਮਤ ਕੀਤਾ ਜਾਂਦਾ ਹੈ।