
ਸਾਰੇ ਦੇਸ਼ ਵਿਚੋਂ 400 ਲੱਖ ਟਨ ਕਣਕ ਦੀ ਖ਼ਰੀਦ ਦੇ ਟੀਚੇ ਵਿਚੋਂ ਤੀਜਾ ਹਿੱਸਾ ਥਾਨੀ 135 ਲੱਖ ਟਨ ਦੀ ਖ਼ਰੀਦ ਇਕੱਲੇ ਪੰਜਾਬ ਵਿਚੋਂ ਕੀਤੀ ਜਾ ਰਹੀ ਹੈ,
ਚੰਡੀਗੜ੍ਹ, 29 ਅਪ੍ਰੈਲ (ਜੀ.ਸੀ.ਭਾਰਦਵਾਜ): ਸਾਰੇ ਦੇਸ਼ ਵਿਚੋਂ 400 ਲੱਖ ਟਨ ਕਣਕ ਦੀ ਖ਼ਰੀਦ ਦੇ ਟੀਚੇ ਵਿਚੋਂ ਤੀਜਾ ਹਿੱਸਾ ਥਾਨੀ 135 ਲੱਖ ਟਨ ਦੀ ਖ਼ਰੀਦ ਇਕੱਲੇ ਪੰਜਾਬ ਵਿਚੋਂ ਕੀਤੀ ਜਾ ਰਹੀ ਹੈ, ਜਿਸ ਵਾਸਤੇ 4 ਸਰਕਾਰੀ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਸਟਾਫ਼ ਅਧਿਕਾਰੀਆਂ ਸਮੇਤ ਮੰਡੀ ਬੋਰਡ ਦੇ ਕਰਮਚਾਰੀ, ਕਿਸਾਨ, ਮਜ਼ਦੂਰ ਲਗਭਗ ਸਾਰੀ ਪੰਜਾਬ ਸਰਕਾਰ 4300 ਖਰੀਦ ਕੇਂਦਰਾਂ ਵਿਚ ਦਿਨ ਰਾਤ ਪੱਬਾਂ ਭਾਰ ਹੋਈ ਪਈ ਹੈ।
ਅੱਜ ਸ਼ਾਮ ਦੀ ਖ਼ਰੀਦ ਸਮੇਤ ਆਮਦ ਦੇ ਤਾਜ਼ਾ ਅੰਕੜੇ ਸਾਂਝੇ ਕਰਦਿਆਂ ਅਨਾਜ ਸਪਲਾਈ ਮਹਿਕਮੇ ਦੀ ਡਾਇਰੈਕਟਰ ਅਨੰਦਿਤਾ ਮਿੱਤਰਾ ਨੇ ਦਸਿਆ ਕਿ ਮੰਡੀਆਂ ਵਿਚ ਕੁਲ ਕਣਕ 72 ਲੱਖ ਟਨ ਦੀ ਆਮਦ ਵਿਚੋਂ 70 ਲੱਖ ਟਨ ਦੇ ਨੇੜੇ ਖ਼ਰੀਦ ਹੋ ਚੁੱਕੀ ਹੈ, ਜੋ 135 ਲੱਖ ਟਨ ਖ਼ਰੀਦ ਦੇ ਇਸ ਸੀਜ਼ਨ ਦੇ ਟੀਚੇ ਤੋਂ ਅੱਧ ਤੋਂ ਵੱਦ ਟੱਪ ਚੁੱਕੀ ਸੀ, ਉਨ੍ਹਾਂ ਦਸਿਆ ਕਿ 25 ਅਪ੍ਰੈਲ ਤਕ ਕੀਤੀ ਖ਼ਰੀਦ ਦੀ ਸਾਰੀ ਅਦਾਇਗੀ 2818 ਕਰੋੜ ਦੀ ਦਿਤੀ ਜਾ ਚੁੱਕੀ ਹੈ।
File photo
ਕੋਰੋਨਾ ਵਾਇਰਸ ਦੇ ਡਰ ਕਾਰਨ ਨਿਯਮਤ ਪਾਸ-ਟੋਕਨ ਜਾਰੀ ਕਰਨ ਭੀੜ ਘਟਾਉਣ ਖ਼ਰੀਦ ਦੀ ਮੱਠੀ ਚਾਲ ਅਤੇ ਕਿਸਾਨਾਂ ਦੀਆਂ ਮੁਸੀਬਤ ਬਾਰੇ ਜਦੋਂ 93 ਸਾਲਾ ਖੇਤੀ ਵਿਗਿਆਨੀ ਤੇ ਸਾਬਕਾ ਵੀ.ਸੀ. ਸ. ਸਰਦਾਰਾ ਸਿੰਘ ਜੌਹਲ ਦੇ ਵਿਚਾਰ ਲਏ ਤਾਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਫ਼ਸਰਾਂ ਤੇ ਮੰਤਰੀਅੰ ਦੀ ਸ਼ਲਾਘਾ ਕੀਤੀ।
ਸ. ਜੌਹਲ ਨੇ ਕਿਹਾ ਕਿ ਅਪ੍ਰੈਲ ਮਹੀਨੇ ਮੌਸਮ ਹਮੇਸ਼ਾ ਗੜਬੜ ਕਰਦਾ ਹੈ, ਅਗਲੇ 10 ਦਿਨਾਂ ਵਿਚ ਵਾਢੀ ਖ਼ਤਮ ਹੋ ਜਾਏਗੀ ਅਤੇ ਸਰਕਾਰ ਵਲੋਂ ਮੰਡੀਆਂ ਦੀ ਗਿਣਤੀ ਵਧਾਉਣ ਇਕ ਚੰਗਾ ਕਦਮ ਹੈ। ਸ. ਜੌਹਲ ਨੇ ਖਦਸ਼ਾ ਜਾਹਰ ਕੀਤਾ ਹੈ ਕਿ ਕਣਕ ਦੀ ਲਿਫ਼ਟਿੰਗ ਵਿਚ ਦੇਰੀ ਹੀ ਹੁਣ ਵੱਡੀ ਰੁਕਾਵਟ ਖੜ੍ਹੀ ਕਰੇਗੀ। ਛੋਟੇ ਕਿਸਾਨਾਂ ਦੇ ਘਰਾਂ ਵਿਚ ਜਗ੍ਹਾ ਘੱਟ ਹੋਣ ਬਾਰੇ ਇਸ ਮਾਹਰ ਨੇ ਕਿਹਾ ਕਿ ਇਨ੍ਹਾਂ ਪਾਸੋਂ ਤਾਂ ਏਜੰਸੀਆਂ ਨੂੰ ਪਹਿਲ ਦੇ ਆਧਾਰ ਉਤੇ ਖ਼ਰੀਦ ਕਰਨੀ ਚਾਹੀਦੀ ਹੈ। ਇਨ੍ਹਾਂ ਮੁਸ਼ਕਲਾਂ ਤੇ ਪੇਚੀਦਾ ਮੁੱਦਿਆਂ ਉਤੇ ਅਪਣੀ ਰਾਇ ਦਿੰਦਿਆਂ ਇਕ ਹੋਰ ਅਧਿਕਾਰੀ ਦਵਿੰਦਰ ਸ਼ਰਮਾ, ਜੋ ਅੰਤਰ ਰਾਸ਼ਟਰੀ ਪੱਧਰ ਉਤੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਲਿਖਦੇ ਹਨ, ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਤੀ ਕੁਇੰਟਲ 100 ਰੁਪਏ ਦਾ ਬੋਨਸ, ਪੰਜਾਬ ਦੇ ਕਿਸਾਨਾਂ ਨੂੰ ਦੇਵੇ।
File photo
ਉਨ੍ਹਾਂ ਕਿਹਾ ਕਿ ਮਡੀਆਂ ਵਿਚ ਭੀੜ ਘਟਾਉਣ, ਥੋੜ੍ਹੇ ਕੂਪਨ ਜਾਰੀ ਕਰਨਾ, 4300 ਕੇਂਦਰਾਂ ਦਾ ਪ੍ਰਬੰਧ ਕਰਨ ਇਕ ਕਾਬਲੇ-ਤਾਰੀਫ਼ ਕਦਮ ਹੈ। ਪਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਰਦਾਨੇ ਦੀ ਅੱਤ ਦੀ ਕਮੀ ਹੈ, ਕਿਸਾਨਾਂ ਦੀ ਪ੍ਰੇਸ਼ਾਨੀ ਮੰਡੀਆਂ ਵਿਚ ਵਧੀ ਹੈ, ਫ਼ਸਲ ਖ਼ਰੀਦ ਦੀ ਕੁਲ ਅਦਾਇਗੀ 16000 ਕਰੋੜ ਵਿਚੋਂ ਸਿਰਫ਼ 2800 ਕਰੋੜ ਦੀ ਹੋਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਤੋਂ ਆਈ ਇਕ ਮਾਹਰਾਂ ਦੀ ਟੀਮ ਨੇ ਪਟਿਆਲਾ, ਫ਼ਤਹਿਗੜ੍ਹ ਸਾਹਿਬ ਤੇ ਮੋਹਾਲੀ ਜ਼ਿਲ੍ਹਿਆਂ ਦੇ ਕਈ ਥਾਵਾਂ ਉਤੇ ਕਣਕ ਦੇ ਗੜੇਮਾਰੀ, ਬਾਰਸ਼ ਤੇ ਝੱਖੜ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਸੀ ਤੇ ਹੁਣ ਰੀਪੋਰਟ ਦਿਤੀ ਹੈ ਕਿ ਮਾਚੂ ਹੋਏ ਅਤੇ ਬਦਰੰਗ ਹੋਏ ਕਣਕ ਦੇ ਦਾਣਿਆਂ ਦੀ ਢੇਰੀ ਦੀ ਕੀਮਤ, ਪ੍ਰਤੀ ਕੁਇੰਟਲ 4.81 ਤੋਂ 24.6 ਰੁਪਏ ਤਕ ਘੱਟ ਲਾਈ ਜਾਵੇ।
File photo
ਸ. ਰਾਜੇਵਾਲ ਨੇ ਮੁੱਖ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ ਬੇ-ਮੌਸਮੀ ਬਾਰਸ਼ ਕਾਰਨ ਕਣਕ ਦਾ ਝਾੜ ਪਹਿਲਾਂ ਹੀ ਘਟ ਗਿਆਹ, ਹੁਣ ਕੇਂਦਰੀ ਟੀਮ ਦੀ ਰੀਪੋਰਟ ਵਲੋਂ ਕਿਸਾਨ ਉਤੇ ਹੋਰ ਮਾਰ ਪਏਗੀ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਕੇਂਦਰੀ ਸਲਾਹ ਨੂੰ ਨਕਾਰ ਦੇਣ ਨਹੀਂ ਤਾਂ ਪੰਜਾਬ ਦੇ ਕਿਸਾਨ ਨੂੰ ਮੰਡੀਆਂ ਵਿਚ ਵਾਧੂ ਕੁਰੱਪਸ਼ਨ ਦੀ ਮਾਰ ਪਏਗੀ।