
ਉਥੇ ਹੀ ਕੇਂਦਰ ਸਰਕਾਰ ਤੇ ਅਰਵਿੰਦ ਕੇਜਰੀਵਾਲ ਸਰਕਾਰ ਚੁੱਪੀ ਧਾਰ ਕੇ ਬੈਠੇ ਹਨ।
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਲੋਕਾਂ ਨੂੰ ਕੋਰੋਨਾ ਅੱਗੇ ਕਰਨ ਵਾਸਤੇ ਛੱਡ ਕੇ ਕੇਂਦਰ, ਦਿੱਲੀ ਤੇ ਪੰਜਾਬ ਸਰਕਾਰ ਆਪੋ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦਿੱਲੀ ਵਿਚ ਕੋਰੋਨਾ ਨੇ ਕਹਿਰ ਢਾਹਿਆ ਹੋਇਆ ਹੈ। ਜਿਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ, ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਲਾਸ਼ਾਂ ਦਾ ਸਸਕਾਰ ਕਰਨ ਤੱਕ ਦੀ ਥਾਂ ਨਹੀਂ ਰਹੀ, ਉਥੇ ਹੀ ਕੇਂਦਰ ਸਰਕਾਰ ਤੇ ਅਰਵਿੰਦ ਕੇਜਰੀਵਾਲ ਸਰਕਾਰ ਚੁੱਪੀ ਧਾਰ ਕੇ ਬੈਠੇ ਹਨ।
corona case
ਉਹਨਾਂ ਕਿਹਾ ਕਿ ਆਕਸੀਜ਼ਨ ਦੀ ਕਮੀ ਕਾਰਨ ਰੋਜ਼ਾਨਾ ਹਸਪਤਾਲਾਂ ਵਿਚ ਮਰੀਜ਼ ਦਮ ਘੁੱਟ ਕੇ ਮਰ ਰਹੇ ਹਨ ਪਰ ਇਸਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਕੇਂਦਰ ਤੇ ਕੇਜਰੀਵਾਲ ਦੋਵੇਂ ਇਕ ਦੂਜੇ ਉਪਰ ਜ਼ਿੰਮੇਵਾਰੀ ਸੁੱਟ ਰਹੇ ਹਨ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਗ੍ਰਹਿ ਮੰਤਰਾਲੇ ਨੁੰ ਦਿੱਲੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦੇ ਖੇਤਰ ਦੱਸਣ ਵਾਸਤੇ ਬਿਆਨ ਜਾਰੀ ਕਰਨੇ ਪਏ ਹਨ।
NK Sharma
ਅਕਾਲੀ ਆਗੂ ਨੇ ਕਿਹਾ ਕਿ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਲਿਜਾਣ ਵਾਸਤੇ ਵੀ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 4 ਕਿਲੋਮੀਟਰ ਤੱਕ ਮ੍ਰਿਤਕ ਦੇਹ ਲਿਜਾਣ ਲਈ 10 ਹਜ਼ਾਰ ਰੁਪਏ ਅਤੇ ਦਿੱਲੀ ਤੋਂ ਜ਼ੀਰਕਪੁਰ ਤੱਕ ਮ੍ਰਿਤਕ ਦੇਹ ਲਿਆਉਣ ਲਈ 55 ਹਜ਼ਾਰ ਰੁਪਏ ਵਸੂਲਣ ਨੇ ਲੋਕਾਂ ਦਾ ਤ੍ਰਾਹ ਕੱਢ ਦਿੱਤਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਇਹੀ ਹਾਲ ਪੰਜਾਬ ਦਾ ਹੈ। ਇਥੇ ਲੁਧਿਆਣਾ ਵਿਚ ਇਕ ਗਰੀਬ ਇਸਤਰੀ ਨੂੰ ਆਪਣੇ ਮ੍ਰਿਤਕ ਪਤੀ ਦੀ ਦੇਹ ਆਟੋ ਵਿਚ ਲਿਜਾਣੀ ਪਈ ਤੇ ਰੋਂਦੀ ਕੁਰਲਾਉਂਦੀ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ ਜਿਹਨਾਂ ਨੁੰ ਵੇਖ ਕੇ ਹਰ ਕਿਸੇ ਦਾ ਰੋਣ ਨਿਕਲ ਗਿਆ ਹੈ।
Captain Amarinder Singh
ਸ੍ਰੀ ਸ਼ਰਮਾ ਨੇ ਕਿਹਾ ਕਿ ਜਿਹੜੇ ਮਰਜ਼ੀ ਸ਼ਹਿਰ ਵੱਲ ਨਿਗਾਹ ਮਾਰ ਲਵੋ ਸਾਰੇ ਹਸਪਤਾਲਾਂ ਦੇ ਬੈਡ ਫੁੱਲ ਹਨ। ਇਥੇ ਹੀ ਬੱਸ ਨਹੀਂ ਸਗੋਂ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਭੇਜੇ ਵੈਂਟੀਲੇਟਰਾਂ ਦੀ ਪਿਛਲੇ ਇਕ ਸਾਲ ਤੋਂ ਵਰਤੋਂ ਨਹੀਂ ਕਰ ਸਕੀ। ਹੋਰ ਤਾਂ ਹੋਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਆਪਣੇ ਹਲਕੇ ਵਿਚ ਸਿਵਲ ਹਸਪਤਾਲ ਵਿਚ 6 ਵੈਂਟੀਲੇਟਰ ਅਣਵਰਤੇ ਪਏ ਹਨ। ਉਹਨਾਂ ਕਿਹਾ ਕਿ ਇਸ ਤਰੀਕੇ ਕੰਮ ਕਰ ਕੇ ਲੋਕਾਂ ਨੁੰ ਮਰਨ ਵਾਸਤੇ ਛੱਡਣ ਨਾਲੋਂ ਤਾਂ ਚੰਗਾ ਹੈ ਕਿ ਅਮਰਿੰਦਰ ਸਿੰਘ ਤੇ ਕੇਜਰੀਵਾਲ ਆਪੋ ਆਪਣੀਆਂ ਸਰਕਾਰਾਂ ਦੇ ਅਸਤੀਫੇ ਦੇ ਦੇਣ।
Oxgyen
ਉਹਨਾਂ ਨੇ ਕੇਂਦਰ, ਪੰਜਾਬ ਤੇ ਦਿੱਲੀ ਸਰਕਾਰ ਨੁੰ ਅਪੀਲ ਕੀਤੀ ਕਿ ਉਹ ਲੋਕਾਂ 'ਤੇ ਰਹਿਮ ਕਰ ਕੇ ਆਪਣੀ ਜ਼ਿੰਮੇਵਾਰੀ ਸੰਭਾਲਣ ਅਤੇ ਲੋਕਾਂ ਨੁੰ ਕੋਰੋਨਾ ਦੀ ਹੋਰ ਮਾਰ ਤੋਂ ਬਚਾਉਣ ਲਈ ਤੁਰੰਤ ਕਦਮ ਚੁੱਕਣ।