
ਕਾਂਗਰਸ ਪਾਰਟੀ ਤੇ ਵਜ਼ਾਰਤ ਵਿਚ ਵੱਡਾ ਰੱਦੋ ਬਦਲ ਹੋਵੇਗਾ
ਨਵੇਂ ਪ੍ਰਧਾਨ ਨਾਲ 2 ਵਰਕਿੰਗ ਪ੍ਰਧਾਨ ਤੇ ਅੱਧੀ ਦਰਜਨ ਵਜ਼ੀਰਾਂ ਦੀ ਛੁੱਟੀ?
ਚੰਡੀਗੜ੍ਹ, 29 ਅਪ੍ਰੈਲ (ਜੀ.ਸੀ.ਭਾਰਦਵਾਜ): ਉਂਜ ਤਾਂ ਕਾਂਗਸ ਦੇ ਸੀਨੀਅਰ ਨੇਤਾ ਹਰੀਸ਼ ਰਾਵਤ ਦੇ ਬਤੌਰ ਪੰਜਾਬ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਪਿਛਲੇ 7 ਮਹੀਨੇ ਤੋਂ ਲਾਏ ਜਾਣ ਨਾਲ ਹੀ ਇਸ ਸਰਹੱਦੀ ਸੂਬੇ ਦੀ ਸਰਕਾਰ ਤੇ ਪਾਰਟੀ ਵਿਚ ਹਲਚਲ ਸ਼ੁਰੂ ਹੋ ਗਈ ਸੀ ਪਰ ਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਅਤੇ ਪਿਛਲੇ ਹਫ਼ਤੇ ਕੁੰਵਰ ਵਿਜੇ ਪ੍ਰਤਾਪ ਦੀ ਰੀਪੋਰਟ 'ਤੇ ਹਾਈ ਕੋਰਟ ਦੇ ਫ਼ੈਸਲੇ ਨਾਲ ਅਜਿਹੀ ਉਥਲ ਪੁਥਲ ਮਚੀ ਹੈ ਕਿ ਮੁੱਖ ਮੰਤਰੀ ਨੇ ਹੁਣ ਹਾਈ ਕਮਾਂਡ ਨਾਲ ਸਲਾਹ ਮਸ਼ਵਰਾ ਕਰ ਕੇ ਵੱਡਾ ਝਟਕਾ ਦੇਣ ਦਾ ਮਨ ਬਣਾ ਲਿਆ ਹੈ |
ਸਰਕਾਰ ਤੇ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਨਵਜੋਤ ਸਿੰਘ ਸਿੱਧੂ ਵਲੋਂ ਵੱਡਾ ਸ਼ਬਦੀ ਹਮਲਾ, ਦਿਖਾਈ ਅਨੁਸ਼ਾਸਨਹੀਣਤਾ ਤੇ ਸੁਨੀਲ ਜਾਖੜ ਸਮੇਤ ਸੁੱਖੀ ਰੰਧਾਵਾ ਦੇ ਅਸਤੀਫ਼ਿਆਂ ਨੇ ਸਥਿਤੀ ਇਸ ਕਦਰ ਕਿਰਕਰੀ ਕੀਤੀ ਹੈ ਕਿ ਅਗਲੇ ਹਫ਼ਤੇ ਮੁੱਖ ਮੰਤਰੀ ਨੇ ਅਪਣੀ ਵਜ਼ਾਰਤ ਵਿਚ ਵੱਡਾ ਫੇਰ ਬਦਲ ਅਤੇ ਪਾਰਟੀ ਵਿਚ ਵੀ ਵੱਡੀ ਪੱਧਰ 'ਤੇ ਸਫ਼ਾਈ ਕਰਨ ਦਾ ਫ਼ੈਸਲਾ ਕਰ ਲਿਆ ਹੈ | ਸੂਤਰਾਂ ਦਾ ਕਹਿਣਾ ਹੈ ਕਿ ਸੱਭ ਤੋਂ ਵੱਧ ਤਜਰਬੇਕਾਰ ਤੇ ਸੀਨੀਅਰ ਸਿਆਸੀ ਨੇਤਾ, ਪਛੜੀ ਜਾਤੀ ਕੰਬੋਜ ਤੋਂ ਸਿੱਖ ਚਿਹਰੇ ਸ. ਲਾਲ ਸਿੰਘ ਦੇ ਕਾਂਗਰਸ
ਪ੍ਰਧਾਨ ਬਣਨ ਲਈ ਰਸਤਾ ਸਾਫ਼ ਹੋ ਗਿਆ ਹੈ | ਉਨ੍ਹਾਂ ਨਾਲ 2 ਵਰਕਿੰਗ ਪ੍ਰਧਾਨ, ਇਕ ਹਿੰਦੂ ਤੇ ਦੂਜਾ
ਦਲਿਤ ਨੇਤਾ ਵੀ ਫਿਟ ਕੀਤੇ ਜਾ ਸਕਦੇ ਹਨ | ਇਹ ਸਾਰਾ ਕੁੱਝ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਵੋਟਰਾਂ ਨੂੰ ਖ਼ੁਸ਼ ਕਰਨ ਤੇ ਪ੍ਰਸ਼ਾਂਤ ਕਿਸ਼ੋਰ ਵਲੋਂ ਕਾਂਗਰਸੀ ਵਿਧਾਇਕਾਂ ਨਾਲ ਲੰਬੀ ਚੌੜੀ ਗੱਲਬਾਤ ਦੇ 3 ਦੌਰਿਆਂ ਦਾ ਨਤੀਜਾ ਹੈ |
ਸੂਤਰਾਂ ਨੇ ਇਹ ਵੀ ਦਸਿਆ ਕਿ ਪ੍ਰਤਾਪ ਬਾਜਵਾ ਦੀ ਨੇੜਤਾ ਅੱਜਕਲ ਮੁੱਖ ਮੰਤਰੀ ਨਾਲ ਵੱਧ ਰਹੀ ਹੈ ਅਤੇ ਉਹ ਅਪ੍ਰੈਲ 2022 ਵਿਚ ਰਾਜ ਸਭਾ ਦੀ ਟਰਮ ਪੂਰੀ ਕਰਨ ਤੋਂ ਪਹਿਲਾਂ ਹੀ ਤਿ੍ਪਤ ਰਾਜਿੰਦਰ ਸਿੰਘ ਅਤੇ ਸੁਖਜਿੰਦਰ ਰੰਧਾਵਾ ਮਾਝਾ ਬਿ੍ਗੇਡ ਦੀ ਥਾਂ ਲੈਣ ਲਈ ਵਿਧਾਨ ਸਭਾ ਚੋਣਾਂ ਵਿਚ ਸਫ਼ਲ ਹੋ ਕੇ ਸੂਬੇ ਦੀ ਵਜ਼ਾਰਤ ਵਿਚ ਅਪਣੀਆਂ ਜੜ੍ਹਾਂ ਮਜ਼ਬੂਤ ਕਰੇਗਾ | ਉਸ ਦਾ ਭਰਾ ਫ਼ਤਿਹ ਜੰਗ ਪਹਿਲਾਂ ਹੀ ਕਾਂਗਰਸੀ ਵਿਧਾਇਕ ਹੈ | ਅੰਦਰੂਨੀ ਕਾਂਗਰਸੀ ਸੂਤਰ ਦਸਦੇ ਹਨ ਕਿ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਦੀ ਕਦਰ ਕਰਦੀ ਹੈ ਕਿਉਂਕਿ ਸਾਰੇ ਉਤਰੀ ਭਾਰਤ ਦੀਆਂ 10 ਸੂਬਾ ਸਰਕਾਰਾਂ ਵਿਚੋਂ ਕੇਵਲ ਪੰਜਾਬ ਵਿਚ ਹੀ ਮੋਦੀ ਲਹਿਰ ਨੂੰ 2014, 2017 ਤੇ 2019 ਚੋਣਾਂ ਵਿਚ ਰੋਕਿਆ ਗਿਆਸੀ ਅਤੇ 2022 ਵਿਚ ਫਿਰ ਕਾਂਗਰਸ ਦੀ ਸਰਕਾਰ ਦੇ ਮਜ਼ਬੂਤ ਆਸਾਰ ਹਨ | ਮੁੱਖ ਮੰਤਰੀ ਵਲੋਂ ਆਉਂਦੇ ਦਿਨਾਂ ਵਿਚ ਲਗਭਗ ਅੱਧੀ ਦਰਜਨ ਮੰਤਰੀ ਹਟਾ ਕੇ ਨਵੇਂ ਲਗਾਉਣ ਵਾਲਿਆਂ ਵਿਚ ਸੰਭਾਵੀ ਨਾਮ, ਡਾ. ਰਾਜ ਕੁਮਾਰ ਵੇਰਕਾ, ਡਾ. ਰਾਜ ਕੁਮਾਰ ਚੱਬੇਵਾਲ, ਕੁਲਜੀਤ ਨਾਗਰਾ, ਰਾਣਾ ਗੁਰਜੀਤ, ਸਪੀਕ ਰਾਣਾ ਕੇ.ਪੀ. ਸਿੰਘ, ਕਿੱਕੀ ਢਿੱਲੋਂ ਤੇ ਇਕ ਦੋ ਹੋਰ ਸ਼ਾਮਲ ਹਨ |
ਕੁੱਝ ਆਲੋਚਕ ਇਹ ਵੀ ਕਹਿੰਦੇ ਹਨ ਕਿ ਮੁੱਖ ਮੰਤਰੀ ਇਸ ਅਦਲਾ ਬਦਲੀ ਨਾਲ ਪੰਥਕ ਹਲਕਿਆਂ ਵਿਚ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਬੇਅਦਬੀ ਮਾਮਲੇ ਵਿਚ ਕਾਂਗਰਸ, ਦੋਸ਼ੀਆਂ ਨੂੰ ਕਰੜੀ ਸਜ਼ਾ ਦੇਣ ਅਤ ਨਿਖੱਟੂ ਪਾਰਟੀ ਨੇਤਾਵਾਂ ਵਿਰੁਧ ਸਖ਼ਤੀ ਕਰਨ ਦੇ ਹੱਕ ਵਿਚ ਹਨ |