
ਕੋਰੋਨਾ ਦਾ ਭਾਰਤੀ ਰੂਪ ਹੁਣ ਤਕ 17 ਦੇਸ਼ਾਂ ਵਿਚ ਫੈਲਿਆ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਕੋਵਿਡ ਮਹਾਂਮਾਰੀ ਉੱਪਰ ਕਾਬੂ ਪਾਉਣ ਦੇ ਮਕਸਦ ਦੀ ਪ੍ਰਾਪਤੀ ਲਈ ਸਾਡੇ ਦੇਸ਼ ਨੇ ਸਿਹਤ ਸੈਕਟਰ ਦੇ ਬੁਨਿਆਦੀ ਢਾਚੇ ਨੂੰ ਮਜ਼ਬੂਤ ਕਰਨ ਲਈ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ ਹਨ ਪਰ ਇਸ ਮਹਾਂਮਾਰੀ ਅੱਗੇ ਗੋਡੇ ਟੇਕਦਿਆਂ ਆਖ਼ਰ ਸਾਨੂੰ ਫਿਰ ਵੀ ਤਾਲਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
corona
ਜੇ ਤਾਲਾਬੰਦੀ ਹੀ ਇਸ ਦਾ ਸੱਭ ਤੋਂ ਢੁਕਵਾਂ ਹੱਲ ਹੈ ਤਾਂ ਫਿਰ ਸਮਾਂ, ਸ਼ਕਤੀ, ਸਮਰੱਥਾ ਅਤੇ ਕੁਦਰਤੀ ਊਰਜਾ ਧਨ ਵਰਗੇ ਵਸੀਲਿਆਂ ਦੀ ਇੰਨੀ ਜ਼ਿਆਦਾ ਦੁਰਵਰਤੋਂ ਕਿਉਂ ਕੀਤੀ ਗਈ? ਕੋਰੋਨਾ ਨਾਲ ਲੜਨ ਲਈ ਅਰਬਾਂ ਰੁਪਏ ਖ਼ਰਚ ਕੇ ਅਨੇਕਾਂ ਸਾਧਨ ਪੈਦਾ ਕੀਤੇ ਗਏ ਪਰ ਤਾਲਾਬੰਦੀ ਨਾਲ ਵਪਾਰ, ਧੰਦੇ, ਟਰਾਂਸਪੋਰਟ ਅਤੇ ਹੋਰ ਅਨੇਕਾਂ ਕਾਰੋਬਾਰ ਬੰਦ ਕਰ ਕੇ ਆਰਥਕ ਮੰਦਵਾੜੇ ਦੀ ਦੋਹਰੀ ਮਾਰ ਝਲਣੀ ਪਈ।
ਥਾਲੀਆਂ, ਚਮਚੇ ਅਤੇ ਗੜਬੀਆਂ ਖੜਕਾਉਣ ਤੋਂ ਬਾਅਦ ਮੋਮਬੱਤੀਆਂ ਜਗਾ ਕੇ ਜਦੋਂ ਅਸੀਂ ਕਰੋਨਾ ਵਾਇਰਸ ਨੂੰ ਦੇਸ਼ ਨਿਕਾਲਾ ਦੇਣ ਦਾ ਯਤਨ ਕੀਤਾ ਤਾਂ ਪੂਰੀ ਦੁਨੀਆ ਸਾਡੇ ਤੇ ਹੱਸੀ ਸੀ ਪਰ ਅਸੀਂ ਅਪਣੇ ਢੀਠਪੁਣੇ ’ਤੇ ਪੂਰੀ ਤਰ੍ਹਾਂ ਕਾਇਮ ਹਾਂ। ਕੋਰੋਨਾ ਦਾ ਭਾਰਤੀ ਰੂਪ ਹੁਣ ਤਕ 17 ਦੇਸ਼ਾਂ ਵਿਚ ਫੈਲ ਚੁਕਿਆ ਹੈ ਅਤੇ ਦਿੱਲੀ ਹਾਈਕੋਰਟ ਨੇ ਵੀ ਕਹਿ ਦਿਤਾ ਹੈ ਕਿ “ਕੇਂਦਰ ਸਰਕਾਰ ਚਾਹੁੰਦੀ ਹੈ ਕਿ ਲੋਕ ਮਰਦੇ ਰਹਿਣ।’’ ਇਸ ਤੋਂ ਪਹਿਲਾਂ ਭਾਰਤੀ ਅਦਾਲਤਾਂ ਅਤੇ ਵਿਦੇਸ਼ੀ ਮੀਡੀਆ ਨੇ ਵੀ ਭਾਰਤੀ ਚੋਣ ਕਮਿਸ਼ਨ ਅਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ-19 ਦੇ ਨਵੇਂ ਰੂਪ ਲਈ ਦੋਸ਼ੀ ਠਹਿਰਾਇਆ ਹੈ।
oxygen cylinder
ਭਾਰਤ ਬਹੁਤ ਵੱਡੀ ਆਬਾਦੀ ਵਾਲਾ ਮੁਲਕ ਹੈ ਪਰ ਸਾਡੇ ਕੋਲ ਮਨੁੱਖੀ ਜਾਨਾਂ ਬਚਾਉਣ ਲਈ ਆਕਸੀਜਨ ਵਰਗੀਆਂ ਸਿਹਤ ਸਹੂਲਤਾਂ ਦਾ ਬੁਨਿਆਦੀ ਢਾਂਚਾ ਵੀ ਮੌਜੂਦ ਨਹੀਂ। ਦੇਸ਼ ਵਿਚ ਆਕਸੀਜਨ ਦੀ ਘਾਟ ਕਾਰਨ ਕਈ ਸੈਂਕੜੇ ਮਨੁੁੱਖੀ ਜਾਨਾਂ ਚਲੀਆਂ ਗਈਆਂ ਅਤੇ ਪੀੜਤ ਰੋਗੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਨ ਲਈ ਬੈੱਡ ਹੀ ਉਪਲਬਧ ਨਹੀਂ ਹੋ ਸਕੇ
Covid Vaccine
ਜਿਸ ਕਰ ਕੇ ਹਜ਼ਾਰਾਂ ਰੋਗੀ ਹਸਪਤਾਲਾਂ ਦੇ ਬਾਹਰ ਸੜਕਾਂ ਕੰਢੇ ਆਕਸੀਜਨ ਦੇ ਸਿਲੰਡਰਾਂ ਦੁਆਰਾ ਜੀਵਨ ਬਚਾਉਣ ਦਾ ਵਿਅਰਥ ਉਪਰਾਲਾ ਕਰ ਰਹੇ ਹਨ। ਲੋਕਾਂ ਵਿਚ ਇਹ ਅਫਵਾਹ ਵੀ ਸੁਣੀ ਗਈ ਹੈ ਕਿ ਸਿਹਤ ਸੰਸਥਾਵਾਂ ਵਿਚੋਂ ਕੋਰੋਨਾ ਰੋਕੂੂ ਟੀਕਿਆਂ ਦੀ ਚੋਰੀ ਅਤੇ ਕਾਲਾਬਾਜ਼ਾਰੀ ਸਿਖਰਾਂ ’ਤੇ ਹੈ। ਸੋ, ਹੁਣ ਜਦੋਂ ਵੀ ਕੋਈ ਤੰਦਰੁਸਤ ਵਿਅਕਤੀ ਕੋਰੋਨਾ ਰੋਕੂ ਟੀਕਾ ਲਗਵਾਏ ਤਾਂ ਸਰਿੰਜ ਵਿਚ ਦਵਾਈ ਭਰਨ ਅਤੇ ਟੀਕਾ ਲਗਵਾਉਣ ਸਮੇਂ ਚੌਕਸ ਜ਼ਰੂਰ ਰਹੇ। ਹੁਣ ਆਮ ਲੋਕਾਂ ਦਾ ਇਹ ਕਹਿਣਾ ਹੈ ਕਿ ਜੇਕਰ ਕੋਰੋਨਾ ਰੋਕੂ ਵੈਕਸੀਨ ਆ ਗਈ ਹੈ ਤਾਂ ਤਾਲਾਬੰਦੀ ਦਾ ਕੀ ਮਤਲਬ?