
ਸਿੱਖ ਭਾਈਚਾਰਾ ਵਿਦੇਸ਼ਾਂ ਅਤੇ ਭਾਰਤ ਵਿਚਕਾਰ ਇਕ ਮਹੱਤਵਪੂਰਨ ਕੜੀ : ਮੋਦੀ
ਕਿਹਾ, ਉਹ ਪ੍ਰਵਾਸੀ ਸਿੱਖਾਂ ਨੂੰ ਭਾਰਤ ਦੇ ਰਾਸ਼ਟਰ ਦੂਤ ਮੰਨਦੇ ਹਨ
ਨਵੀਂ ਦਿੱਲੀ, 29 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਆਪਣੇ ਘਰ ਇਕ ਸਿੱਖ ਵਫ਼ਦ ਨਾਲ ਮੁਲਾਕਾਤ ਕੀਤੀ | ਸਿੱਖ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਭਾਈਚਾਰੇ ਨੂੰ ਦੁਨੀਆਂ ਦੇ ਦੇਸ਼ਾਂ ਅਤੇ ਭਾਰਤ ਵਿਚਕਾਰ ਸਬੰਧ ਦੀ ਇਕ ਮਹੱਤਵਪੂਰਣ ਕੜੀ ਕਰਾਰ ਦਿਤਾ ਅਤੇ ਕਿਹਾ ਕਿ ਭਾਰਤ ਦੀ ਵਧਦੀ ਲੋਕਪਿ੍ਅਤਾ ਨਾਲ ਸਭ ਤੋਂ ਵੱਧ ਕਿਸੇ ਦਾ ਸਿਰ ਉਚਾ ਹੰਦਾ ਹੈ ਤਾਂ ਉਹ ਪ੍ਰਵਾਸੀ ਭਾਰਤੀ ਹਨ |
ਉਨ੍ਹਾਂ ਕਿਹਾ, ''ਗੁਰੂਆਂ ਤੋਂ ਪ੍ਰੇਰਨਾ ਮਿਲਦੀ ਹੈ | ਤੁਸੀਂ ਵਿਦੇਸ਼ਾਂ ਚ ਵੀ ਸਾਡੀ ਸ਼ਾਨ ਹੋ |'' ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨਾਲ ਮੇਰਾ ਡੂੰਘਾ ਰਿਸ਼ਤਾ ਹੈ | ਸਿੱਖ ਭਾਈਚਾਰੇ ਦੇ ਬਿਨਾਂ ਭਾਰਤ ਦਾ ਇਤਿਹਾਸ ਅਧੂਰਾ ਹੈ | ਪੀ.ਐਮ. ਮੋਦੀ ਸਿੱਖ ਵਫ਼ਦ ਨੂੰ ਕਿਹਾ, ''ਸਿੱਖ ਭਾਈਚਾਰਾ ਭਾਰਤ ਅਤੇ ਹੋਰ ਦੇਸ਼ਾਂ ਦਰਮਿਆਨ ਸਬੰਧਾਂ ਦੀ ਇਕ ਮਜ਼ਬੂਤ ਕੜੀ ਰਿਹਾ ਹੈ | ਮੈਂ ਹਮੇਸ਼ਾ ਤੋਂ ਪ੍ਰਵਾਸੀ ਭਾਰਤੀਆਂ ਨੂੰ ਰਾਸ਼ਟਰਦੂਤ ਮੰਨਿਆ ਹੈ |'' ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਅਤੇ ਆਜ਼ਾਦੀ ਦੇ ਬਾਅਦ ਦੇ ਯੁਗ 'ਚ ਉਨ੍ਹਾਂ ਦੇ ਯੋਗਦਾਨ ਲਈ ਪੂਰਾ ਦੇਸ਼ ਸਿੱਖਾਂ ਦਾ ਆਭਾਰੀ ਹੈ |
ਕੈਨੇਡਾ, ਈਰਾਨ ਅਤੇ ਫਰਾਂਸ ਸਮੇਤ ਹੋਰ ਦੇਸ਼ਾਂ ਦੀਆਂ ਯਾਤਰਾਵਾਂ ਦੌਰਾਨ ਪ੍ਰਵਾਸੀ ਸਿੱਖਾਂ ਨਾਲ ਅਪਣੀਆਂ ਮੁਲਾਕਾਤਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਵਿਦੇਸ਼ੀ ਦੌਰਿਆਂ 'ਤੇ ਜਾਂਦੇ ਹਨ ਤਾਂ ਉਨ੍ਹਾਂ ਸਿੱਖ ਸੰਗਤ ਦਾ ਸੁਭਾਗ ਮਿਲਦਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਪ੍ਰਵਾਸੀ ਭਾਰਤੀਆਂ ਨੂੰ ਹਮੇਸ਼ਾ ਤੋਂ ਭਾਰਤ ਦਾ ਰਾਸ਼ਟਰਦੂਰ ਮੰਨਦੇ ਹਨ | ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਭਾਰਤੀ ਦੀ ਬੁਲੰਦ ਆਵਾਜ਼ ਹੋ, ਬੁਲੰਦ ਪਹਿਚਾਣ ਹੋ | ਭਾਰਤ ਦੀ ਤਰੱਕੀ ਦੇਖ ਕੇ ਤੁਹਾਡੀ ਵੀ ਛਾਤੀ ਚੌੜੀ ਹੋ ਜਾਂਦੀ ਹੈ, ਸਿਰ ਫ਼ਕਰ ਨਾਲ ਉੱਚਾ ਹੋ ਜਾਂਦਾ ਹੈ |
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੁਝ ਸਮੇਂ ਤੋਂ ਥੋੜ੍ਹੇ-ਥੋੜ੍ਹੇ ਵਕਫ਼ੇ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਮਿਲ ਰਹੇ ਹਨ | ਉਨ੍ਹਾਂ ਨੇ 9ਵੇਂ ਸਿੱਖ ਗੁਰੂ ਤੇਗ ਬਹਾਦਰ ਦੀ ਸਮਰਿਤੀ 'ਚ ਲਾਲ ਕਿਲ੍ਹੇ 'ਤੇ ਆਯੋਜਤ ਇਕ ਪ੍ਰੋਗਰਾਮ ਨੂੰ ਵੀ ਸੰਬੋਧਨ ਕੀਤਾ ਸੀ | (ਪੀਟੀਆਈ)