
ਬੋਨੀ ਅਜਨਾਲਾ ਨੇ ਮਜੀਠੀਆ ਤੋਂ ਖਤਰਾ ਦਸ ਕੇ ਮੰਗੀ ਸੁਰੱਖਿਆ
ਕਿਹਾ, ਡਰੱਗ ਕੇਸ ਵਿਚ ਜਾਂਚ ਕਮਿਸ਼ਨ, ਸਿੱਟ ਤੇ ਟਰਾਇਲ ਕੋਰਟ 'ਚ ਦਿਤਾ ਬਿਆਨ, ਤਾਂ ਪੈਦਾ ਹੋਇਆ ਖ਼ਤਰਾ
ਚੰਡੀਗੜ੍ਹ, 29 ਅਪ੍ਰੈਲ (ਸੁਰਜੀਤ ਸਿੰਘ ਸੱਤੀ) : ਅਕਾਲੀ ਦਲ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਅਪਣੀ ਹੀ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਜਾਨ ਦਾ ਖਤਰਾ ਦਸਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਸੁਰੱਖਿਆ ਦੀ ਮੰਗ ਕੀਤੀ ਹੈ | ਬੋਨੀ ਨੇ ਕਿਹਾ ਹੈ ਕਿ ਉਨ੍ਹਾਂ ਡਰੱਗਜ਼ ਕੇਸ ਵਿਚ ਮਹਿਤਾਬ ਸਿੰਘ ਗਿੱਲ ਜਾਂਚ ਕਮਿਸ਼ਨ, ਸਿੱਟ ਅਤੇ ਟਰਾਇਲ ਕੋਰਟ ਵਿਚ ਬਿਆਨ ਦਰਜ ਕਰਵਾਏ ਸੀ ਤੇ ਇਸੇ ਕਾਰਨ ਉਨ੍ਹਾਂ ਨੂੰ ਮਜੀਠੀਆ ਦੇ ਕਥਿਤ ਡਰੱਗਜ਼ ਸਮਰਗਲਰ ਮਿੱਤਰਾਂ ਤੇ ਗੈਂਗਸਟਰਾਂ ਕੋਲੋਂ ਜਾਨ ਦਾ ਖ਼ਤਰਾ ਹੈ |
ਬੋਨੀ ਨੇ ਦੋਸ਼ ਲਗਾਇਆ ਹੈ ਕਿ ਮਜੀਠੀਆ ਨਾਲ ਉਨ੍ਹਾਂ ਦੀ ਪਹਿਲਾਂ ਤੋਂ ਰਾਜਸੀ ਰੰਜਸ਼ ਚਲਦੀ ਆ ਰਹੀ ਹੈ ਤੇ ਮਜੀਠੀਆ ਵਲੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨੂੰ ਧਮਕੀਆਂ ਵੀ ਮਿਲਦੀਆਂ ਰਹੀਆਂ ਹਨ | ਬੋਨੀ ਨੇ ਇਥੋਂ ਤਕ ਵੱਡਾ ਦੋਸ਼ ਲਗਾਇਆ ਕਿ ਉਹ ਮੌਜੂਦਾ ਸਿੱਟ ਮੁਹਰੇ ਬਿਆਨ ਦੇਣ ਗਏ ਤਾਂ ਸਿੱਟ ਦੇ ਡੀਐਸਪੀ ਰਾਜਪਾਲ ਨੇ ਇਥੋਂ ਤਕ ਕਿਹਾ ਕਿ ਮੁੜ ਅਕਾਲੀ ਸਰਕਾਰ ਆ ਸਕਦੀ ਹੈ, ਲਿਹਾਜ਼ਾ ਮਜੀਠੀਆ ਨਾਲ ਸਿੰਙ ਨਾ ਫਸਾਵੇ ਤੇ ਇਹ ਵੀ ਕਿਹਾ ਕਿ ਉਹ ਨਿਜੀ ਸੁਰੱਖਿਆ ਦਾ ਇੰਤਜ਼ਾਮ ਕਰ ਲਵੇ | ਬੌਨੀ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਅਜਿਹੇ ਭੈਅ ਦੇ ਮਹੌਲ ਵਿਚ ਉਹ ਸਿੱਟ ਨੂੰ ਅਪਣੇ ਬਿਆਨ ਵੀ ਚੰਗੀ ਤਰ੍ਹਾਂ ਨਹੀਂ ਦੇ ਸਕੇ ਤੇ ਹੁਣ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨੂੰ ਮਜੀਠੀਆ ਦੇ ਕਥਿਤ ਗੈਂਗਸਟਰ ਜਾਣਕਾਰਾਂ ਤੋਂ ਅਤੇ ਵਿਦੇਸ਼ਾਂ ਵਿਚ ਬੈਠੇ ਕਥਿਤ ਡਰੱਗਜ਼ ਸਮਗਰਲਾਂ ਦੇ ਬੰਦਿਆਂ ਕੋਲੋਂ ਜਾਨ ਦਾ ਖਤਰਾ ਹੈ, ਲਿਹਾਜ਼ਾ ਸੁਰੱਖਿਆ ਮੁਹਈਆ ਕਰਵਾਈ ਜਾਵੇ | ਹਾਈਕੋਰਟ ਦੇ ਮਹਿਲਾ ਜਸਟਿਸ ਲੀਜ਼ਾ ਗਿੱਲ ਦੀ ਬੈਂਚ ਨੇ ਪੰਜਾਬ ਦੇ ਡੀਜੀਪੀ ਸਮੇਤ ਅੰਮਿ੍ਤਸਰ ਜਿਲ੍ਹਾ ਦੇ ਹੋਰ ਸਬੰਧਤ ਪੁਲਿਸ ਅਫ਼ਸਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ |
ਅਪਣੀ ਪਟੀਸ਼ਨ ਵਿਚ ਬੋਨੀ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਮਨਿੰਦਰ ਸਿੰਘ ਬਿੱਟੂ ਔਲਖ ਉਨ੍ਹਾਂ ਦਾ ਖ਼ਾਸ ਦੋਸਤ ਸੀ ਤੇ 2007 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਹੀ ਬਿੱਟੂ ਨੂੰ ਮਜੀਠੀਆ ਨਾਲ ਮਿਲਵਾਇਆ ਸੀ | ਇਸ ਦੌਰਾਨ ਬਿੱਟੂ ਔਲਖ ਮਜੀਠੀਆ ਦੇ ਵਧੇਰੇ ਨੇੜੇ ਹੋ ਗਿਆ ਤੇ ਬੌਨੀ ਨਾਲ ਮਜੀਠੀਆ ਦੀਆਂ ਰਾਜਸੀ ਦੂਰੀਆਂ ਹੋ ਗਈਆਂ | ਬੌਨੀ ਨੇ ਵੱਡੇ ਪ੍ਰਗਟਾਵੇ ਕਰਦਿਆਂ ਕਿਹਾ ਕਿ ਮਜੀਠੀਆ ਦੇ ਕੈਨੇਡਾ ਵਸਦੇ ਸੱਤਪ੍ਰੀਤ ਸੱਤਾ ਨਾਲ ਗੁੂੜ੍ਹੇ ਸਬੰਧ ਹਨ ਤੇ ਜਿਸ ਵੇਲੇ ਤੱਤਕਾਲੀ ਸੀਐਮ ਬਾਦਲ 'ਤੇ ਮਾਮਲਾ ਦਰਜ ਹੋਇਆ ਤਾਂ ਮਜੀਠੀਆ ਸੱਤੇ ਕੋਲ ਹੀ ਕੈਨੇਡਾ ਰਹੇ ਤੇ ਮੁੜ ਅਕਾਲੀ ਸਰਕਾਰ ਆਉਣ 'ਤੇ ਸੱਤਾ ਪੰਜਾਬ ਆਇਆ ਤੇ ਹਰ ਵੇਲੇ ਮਜੀਠੀਆ ਨਾਲ ਰਹਿੰਦਾ ਸੀ |
ਬੋਨੀ ਨੇ ਕਿਹਾ ਕਿ ਉਹ ਸੱਤੇ ਨਾਲ ਸੈਂਕੜੇ ਵਾਰ ਮਜੀਠੀਆ ਦੀ ਕੋਠੀ ਮਿਲੇ ਤੇ ਇਸ ਦੌਰਾਨ ਮਜੀਠੀਆ ਨੇ ਦਸਿਆ ਕਿ ਸੱਤੇ ਨਾਲ ਮੁਲਾਕਤ ਕਰਵਾਈ ਕਿ ਉਹ ਪੰਜਾਬ ਤੋਂ ਕੈਨੇਡਾ ਨੂੰ ਕੈਮੀਕਲ ਸਪਲਾਈ ਦਾ ਕਾਰੋਬਾਰ ਕਰਦਾ ਹੈ | ਇਕ ਹੋਰ ਸਾਥੀ ਵੀ ਇਹੋ ਕਾਰੋਬਾਰ ਕਰਦਾ ਹੈ | ਬੌਨੀ ਦਾ ਕਹਿਣਾ ਹੈ ਕਿ ਇਸੇ ਦੌਰਾਨ ਬਿੱਟੂ ਔਲਖ ਨੂੰ ਵੀ ਕੈਮੀਕਲ ਧੰਦੇ ਵਿਚ ਸ਼ਾਮਲ ਕਰਵਾਉਣਾ ਚਾਹਿਆ ਪਰ ਉਸ ਨੇ ਡੀਲ ਨਹੀਂ ਕੀਤੀ | ਬੌਨੀ ਨੇ ਪਟੀਸ਼ਨ ਵਿਚ ਦੋਸ਼ ਲਗਾਇਆ ਕਿ ਦਰਅਸਲ ਸੱਤਾ ਤੇ ਇੱਕ ਹੋਰ ਪੰਜਾਬ ਤੋਂ ਕੈਨੇਡਾ ਨੂੰ ਡਰੱਗਜ਼ ਸਪਲਾਈ ਕਰਦਾ ਸੀ | ਇਹ ਦੋਸ਼ ਵੀ ਲਗਾਇਆ ਕਿ ਸੱਤੇ ਨੂੰ ਮਜੀਠੀਆ ਨੇ ਪੰਜਾਬ ਵਿੱਚ ਵੀਆਈਪੀ ਗੱਡੀਆਂ ਤੇ ਸੁਰੱਖਿਆ ਮੁਹਈਆ ਕਰਵਾਈ ਹੋਈ ਸੀ ਤੇ ਇਸੇ ਛਤਰ ਛਾਇਆ ਹੇਠ ਹੀ ਡਰੱਗਜ਼ ਦੀ ਸਪਲਾਈ ਹੁੰਦੀ ਸੀ | ਬੌਨੀ ਨੇ ਮਜੀਠੀਆ 'ਤੇ ਸੱਤੇ ਨਾਲ ਕਾਰੋਬਾਰੀ ਸਾਂਝ ਹੋਣ ਦਾ ਦੋਸ਼ ਵੀ ਲਗਾਇਆ | ਬੌਨੀ ਦਾ ਕਹਿਣਾ ਹੈ ਕਿ ਮਜੀਠੀਆ ਨੇ 2014 ਵਿਚ ਉਨ੍ਹਾਂ ਦੇ ਪਿਤਾ ਡਾਕਟਰ ਰਤਨ ਸਿੰਘ ਅਜਨਾਲਾ ਨੂੰ ਲੋਕਸਭਾ ਦੀ ਟਿਕਟ ਨਹੀਂ ਲੈਣ ਦਿਤੀ ਤੇ ਉਨ੍ਹਾਂ ਦੇ ਰਾਜਸੀ ਕੈਰੀਅਰ ਵਿਚ ਰੋੜੇ ਅੜਕਾਏ | ਡਰੱਗਜ਼ ਕੇਸ ਵਿਚ ਜਾਂਚ ਕਮਿਸ਼ਨ ਤੇ ਸਿੱਟ ਤੋਂ ਇਲਾਵਾ ਟਰਾਇਲ ਕੋਰਟ ਵਿੱਚ ਬਿਆਨ ਦੇਣ ਮੌਕੇ ਮਜੀਠੀਆ ਵਲੋਂ ਧਮਕੀਆਂ ਮਿਲਣ ਦਾ ਦੋਸ਼ ਲਗਾਉਂਦਿਆਂ ਬੌਨੀ ਨੇ ਸੁਰੱਖਿਆ ਦੀ ਮੰਗ ਕੀਤੀ ਹੈ |