
ਇਸੇ ਤਰ੍ਹਾਂ ਕਾਮਿਅਕ ਨੇ ਰੈਂਕ 21ਵਾਂ, ਆਰਿਅਨ ਚੁੱਘ ਨੇ 56ਵਾਂ ਅਤੇ ਮੌਲਿਕ ਜਿੰਦਲ ਨੇ 75ਵਾਂ ਰੈਂਕ ਹਾਸਲ ਕੀਤਾ ਹੈ।
ਚੰਡੀਗੜ੍ਹ - ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਬੀਤੇ ਦਿਨ ਜੇਈਈ ਮੇਨਜ਼-2 ਦੇ ਨਤੀਜੇ ਐਲਾਨੇ ਗਏ ਹਨ ਜਿਸ ਵਿਚ ਟ੍ਰਾਈਸਿਟੀ ਦੇ ਚਾਰ ਵਿਦਿਆਰਥੀਆਂ ਨੇ ਟੌਪ-100 ਵਿਚ ਜਗ੍ਹਾ ਬਣਾਈ ਹੈ। ਜਾਣਕਾਰੀ ਅਨੁਸਾਰ ਰਾਘਵ ਗੋਇਲ ਰੈਂਕ ਏਆਈਆਰ-20 ਨਾਲ ਟ੍ਰਾਈਸਿਟੀ ਵਿਚੋਂ ਸਭ ਤੋਂ ਮੋਹਰੀ ਰਿਹਾ ਹੈ। ਇਸੇ ਤਰ੍ਹਾਂ ਕਾਮਿਅਕ ਨੇ ਰੈਂਕ 21ਵਾਂ, ਆਰਿਅਨ ਚੁੱਘ ਨੇ 56ਵਾਂ ਅਤੇ ਮੌਲਿਕ ਜਿੰਦਲ ਨੇ 75ਵਾਂ ਰੈਂਕ ਹਾਸਲ ਕੀਤਾ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਦੇ 13 ਵਿਦਿਆਰਥੀਆਂ ਨੇ ਟੌਪ-500 ਅਤੇ 27 ਵਿਦਿਆਰਥੀਆਂ ਨੇ ਪਹਿਲੇ ਇੱਕ ਹਜ਼ਾਰ ਵਿਦਿਆਰਥੀਆਂ ਵਿਚ ਸਥਾਨ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਦੇਸ਼ ਭਰ ਵਿਚੋਂ ਜੇਈਈ ਮੇਨਜ਼ ਲਈ ਅੱਠ ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ਵਿੱਚੋਂ 2.5 ਲੱਖ ਤੱਕ ਰੈਂਕ ਹਾਸਲ ਕਰਨ ਵਾਲੇ ਵਿਦਿਆਰਥੀ ਹੀ ਜੇਈਈ ਐਡਵਾਂਸ ਦੀ ਪ੍ਰੀਖਿਆ ਵਿਚ ਸ਼ਾਮਲ ਹੋ ਸਕਣਗੇ।
Raghav Goyal
ਦੱਸ ਦਈਏ ਕਿ ਟ੍ਰਾਈਸਿਟੀ ’ਚ ਟਾਪਰ ਰਹਿਣ ਵਾਲੇ ਰਾਘਵ ਗੋਇਲ ਨੇ 10ਵੀਂ ਜਮਾਤ ਦਿੱਲੀ ਪਬਲਿਕ ਸਕੂਲ ਸੈਕਟਰ-40 ਤੋਂ ਕੀਤੀ ਅਤੇ 99.4 ਫ਼ੀਸਦ ਅੰਕ ਪ੍ਰਾਪਤ ਕੀਤੇ ਅਤੇ 12ਵੀਂ ਜਮਾਤ ਪੰਚਕੂਲਾ ਦੇ ਭਵਨ ਵਿਦਿਆਲੇ ਤੋਂ ਪਾਸ ਕੀਤੀ। ਉਨ੍ਹਾਂ ਕਿਹਾ ਕਿ ਉਹ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਵਿਚ ਬੀ-ਟੈੱਕ ਕਰਨਾ ਚਾਹੁੰਦਾ ਹੈ। ਰਾਘਵ ਚੰਡੀਗੜ੍ਹ ਦੇ ਸੈਕਟਰ-15 ਵਿਚ ਰਹਿੰਦਾ ਹੈ। ਉਸ ਦੇ ਪਿਤਾ ਪੰਕਜ ਗੋਇਲ ਤੇ ਮਾਂ ਮਮਤਾ ਗੋਇਲ ਇਕੱਠੇ ਵਪਾਰ ਕਰਦੇ ਹਨ। ਉਸ ਦਾ ਵੱਡਾ ਭਰਾ ਵੀ ਆਈਆਈਟੀ ਮੁੰਬਈ ਤੋਂ ਬੀ-ਟੈੱਕ ਕਰਕੇ ਬਹੁ-ਕੌਮੀ ਕੰਪਨੀ ਵਿੱਚ ਕੰਮ ਕਰ ਰਿਹਾ ਹੈ।
ਚੰਡੀਗੜ੍ਹ ਦੇ ਢਕੋਲੀ ਵਾਸੀ ਕਾਮਿਅਕ ਨੇ ਟ੍ਰਾਈਸਿਟੀ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਕਾਮਿਅਕ ਨੇ 10ਵੀਂ ਜਮਾਤ ਸੈਕਟਰ-8 ਦੇ ਡੀਏਵੀ ਸਕੂਲ ਵਿਚੋਂ ਕੀਤੀ ਤੇ 98 ਫ਼ੀਸਦ ਅੰਕ ਹਾਸਲ ਕੀਤੇ ਅਤੇ ਉੱਥੇ ਹੀ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ। ਉਸ ਦੇ ਪਿਤਾ ਜਤਿੰਦਰ ਪ੍ਰਾਈਵੇਟ ਬੈਂਕ ਦੇ ਮੈਨੇਜਰ ਹਨ ਅਤੇ ਮਾਂ ਚੰਡੀਗੜ੍ਹ ਦੇ ਸਕੂਲ 'ਚ ਕੋਆਰਡੀਨੇਟਰ ਵਜੋਂ ਕੰਮ ਕਰਦੀ ਹਨ। ਕਾਮਿਅਕ ਨੇ ਕਿਹਾ ਕਿ ਉਹ ਆਈਆਈਟੀ ਮੁੰਬਈ ਤੋਂ ਸੀਐੱਸ ਦੀ ਬੀ-ਟੈੱਕ ਕਰਨਾ ਚਾਹੁੰਦਾ ਹੈ।
ਆਰਿਅਨ ਚੁੱਘ ਮੁਹਾਲੀ ਦੇ ਸੈਕਟਰ-68 ਵਿੱਚ ਰਹਿੰਦਾ ਹੈ।
ਆਰਿਅਨ ਨੇ ਆਪਣੀ ਦਸਵੀਂ ਜਮਾਤ ਸੈਕਟਰ-45 ਦੇ ਸੇਂਟ ਸਟੀਫਨ ਸਕੂਲ ਵਿੱਚੋਂ ਕਰਦੇ ਹੋਏ 98 ਫ਼ੀਸਦ ਅੰਕ ਪ੍ਰਾਪਤ ਕੀਤੇ ਅਤੇ 12ਵੀਂ ਦੀ ਪ੍ਰੀਖਿਆ ਸੈਕਟਰ-35 ਦੇ ਸਕੂਲ ਵਿੱਚ ਦਿੱਤੀ ਹੈ। ਆਰਿਅਨ ਦੇ ਪਿਤਾ ਡਾ. ਰਾਜੀਵ ਚੁੱਘ ਡੀਏਵੀ ਮਾਡਲ ਸਕੂਲ ਸੈਕਟਰ-15 ’ਚ ਪੜ੍ਹਾਉਂਦੇ ਹਨ ਅਤੇ ਮਾਂ ਖੁਸ਼ਵੰਤ ਕੌਰ ਐੱਸਜੀਜੀਐੱਸ ਸੈਕਟਰ-26 ਵਿੱਚ ਪੜ੍ਹਾਉਂਦੇ ਹਨ।
ਉਨ੍ਹਾਂ ਕਿਹਾ ਕਿ ਉਹ ਵੀ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਦੀ ਬੀ-ਟੈੱਕ ਕਰਨਾ ਚਾਹੁੰਦਾ ਹੈ।
ਚੰਡੀਗੜ੍ਹ ਦੇ ਸੈਕਟਰ-46 ਵਿਚ ਰਹਿਣ ਵਾਲੇ ਮੌਲਿਕ ਜਿੰਦਲ ਨੇ 10ਵੀਂ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ-49 ਤੋਂ ਕਰ ਕੇ 96.2 ਫ਼ੀਸਦ ਅੰਕ ਪ੍ਰਾਪਤ ਕੀਤੇ ਅਤੇ 12ਵੀਂ ਜਮਾਤ ਪੰਚਕੂਲਾ ਦੇ ਭਵਨ ਵਿਦਿਆਲੇ ਤੋਂ ਕੀਤੀ ਹੈ। ਉਸ ਦੇ ਪਿਤਾ ਰੋਹਿਤ ਜਿੰਦਲ ਵਪਾਰੀ ਹਨ ਅਤੇ ਮਾਤਾ ਘਰੇਲੂ ਕੰਮ ਹੀ ਦੇਖਦੇ ਹਨ। ਉਨ੍ਹਾਂ ਕਿਹਾ ਕਿ ਉਹ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਦੀ ਬੀ-ਟੈੱਕ ਕਰਨਾ ਚਾਹੁੰਦਾ ਹੈ।