
ਖਪਤਕਾਰ ਅਦਾਲਤ ਨੇ ਸੁਣਾਇਆ ਫੈਸਲਾ
Punjab News: ਖਪਤਕਾਰ ਅਦਾਲਤ ਨੇ ਜਲੰਧਰ ਦੀ ਸੱਭ ਤੋਂ ਵੱਡੀ ਪੀਆਈਐਮਐਸ ਮੈਡੀਕਲ ਐਂਡ ਐਜੂਕੇਸ਼ਨਲ ਚੈਰੀਟੇਬਲ ਸੁਸਾਇਟੀ ਦੇ ਡਾਕਟਰ ਨੂੰ 4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮਰੀਜ਼ ਦੇ ਵਕੀਲ ਨੇ ਅਦਾਲਤ 'ਚ ਸਾਬਤ ਕਰ ਦਿਤਾ ਹੈ ਕਿ ਡਾਕਟਰਾਂ ਨੇ ਮਰੀਜ਼ ਦੇ ਚੂਲੇ ਦੀ ਸਰਜਰੀ ਦੌਰਾਨ ਲਾਪਰਵਾਹੀ ਵਰਤੀ, ਜਿਸ ਕਾਰਨ ਮਹਿਲਾ ਮਰੀਜ਼ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਦਾਲਤ ਨੇ ਇਲਾਜ 'ਤੇ ਖਰਚ ਹੋਏ ਪੈਸਿਆਂ ਦੇ ਨਾਲ ਜੁਰਮਾਨਾ ਅਦਾ ਕਰਨ ਦਾ ਹੁਕਮ ਦਿਤਾ ਹੈ।
ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਜਲੰਧਰ ਸਥਿਤ ਪਿਮਸ ਮੈਡੀਕਲ ਐਂਡ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਵਲੋਂ 32 ਸਾਲਾ ਔਰਤ ਦੀ ਚੂਲੇ ਦੀ ਸਰਜਰੀ ਸਹੀ ਢੰਗ ਨਾਲ ਨਹੀਂ ਕੀਤੀ ਗਈ। ਪੀੜਤਾ ਦੇ ਵਕੀਲ ਨੇ ਅਦਾਲਤ 'ਚ ਸਾਬਤ ਕੀਤਾ ਕਿ ਪੀੜਤਾ ਦੇ ਪੈਰ ਦੀ ਇਕ ਉਂਗਲੀ ਦੀ ਨਸ ਦੱਬੇ ਜਾਣ ਕਾਰਨ ਉਸ ਨੂੰ ਕਾਫੀ ਪਰੇਸ਼ਾਨੀ ਹੋਈ।
ਅਪ੍ਰੇਸ਼ਨ ਗਲਤ ਹੋਣ ਤੋਂ ਬਾਅਦ ਜਦੋਂ ਔਰਤ ਨੂੰ ਆਰਾਮ ਨਾ ਮਿਲਿਆ ਤਾਂ ਉਹ ਇਲਾਜ ਲਈ ਚੰਡੀਗੜ੍ਹ ਦੇ ਪੀਜੀਆਈ ਵਿਚ ਗਈ। ਜਿਥੇ ਡਾਕਟਰਾਂ ਨੇ ਔਰਤ ਦੇ ਇਲਾਜ 'ਚ ਲਾਪਰਵਾਹੀ ਦੱਸੀ ਹੈ, ਜਿਸ ਕਾਰਨ ਔਰਤ ਨੂੰ ਕਈ ਦਿਨਾਂ ਤਕ ਮਾਨਸਿਕ ਅਤੇ ਸਰੀਰਕ ਤਕਲੀਫ ਝੱਲਣੀ ਪਈ। ਇਸ ਤੋਂ ਬਾਅਦ ਪੀੜਤ ਔਰਤ ਨੇ ਖਪਤਕਾਰ ਅਦਾਲਤ 'ਚ ਮਾਮਲੇ ਦੀ ਸ਼ਿਕਾਇਤ ਕੀਤੀ। ਸਬੂਤਾਂ ਨੂੰ ਦੇਖਦੇ ਹੋਏ ਅਦਾਲਤ ਨੇ ਉਕਤ ਸੰਸਥਾ 'ਤੇ 4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਦੱਸ ਦੇਈਏ ਕਿ ਸੰਸਥਾ ਨੇ ਅਦਾਲਤੀ ਹੁਕਮਾਂ ਨੂੰ ਪੰਜਾਬ ਰਾਜ ਖਪਤਕਾਰ ਕਮਿਸ਼ਨ ਵਿਚ ਚੁਣੌਤੀ ਦਿਤੀ ਸੀ ਪਰ ਉਥੋਂ ਉਕਤ ਪਟੀਸ਼ਨ ਰੱਦ ਕਰ ਦਿਤੀ ਗਈ। ਜਸਟਿਸ ਦਇਆ ਚੌਧਰੀ ਅਤੇ ਸਿਮਰਜੀਤ ਕੌਰ ਨੇ ਖਪਤਕਾਰ ਅਦਾਲਤ ਜਲੰਧਰ ਦੇ ਮਿਤੀ 11 ਮਾਰਚ, 2020 ਦੇ ਹੁਕਮਾਂ ਨੂੰ ਬਰਕਰਾਰ ਰੱਖਿਆ। ਇਸ ਦੇ ਨਾਲ ਹੀ ਜੇਕਰ ਸਮੇਂ 'ਤੇ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਜੁਰਮਾਨੇ ਦੀ ਰਕਮ 'ਤੇ ਵਿਆਜ ਵੀ ਦੇਣਾ ਹੋਵੇਗਾ।
(For more Punjabi news apart from PIMS Hospital Fined By Consumer Court , stay tuned to Rozana Spokesman)