
ਬਾਘਾ ਪੁਰਾਣਾ: ਕਸਬੇ ਦੇ ਵਿਕਾਸ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਅਨੂੰ ਮਿੱਤਲ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਵਿਧਾਇਕ ਦਰਸ਼ਨ ...
ਬਾਘਾ ਪੁਰਾਣਾ: ਕਸਬੇ ਦੇ ਵਿਕਾਸ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਅਨੂੰ ਮਿੱਤਲ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਵਿਧਾਇਕ ਦਰਸ਼ਨ ਸਿੰਘ ਬਰਾੜ, ਕਾਰਜ ਸਾਧਕ ਅਫ਼ਸਰ ਰਜਿੰਦਰ ਕਾਲੜਾ ਅਤੇ ਵਾਰਡਾਂ ਦੇ ਕੌਂਸਲਰ ਸ਼ਾਮਲ ਸਨ। ਮੀਟਿੰਗ ਦੌਰਾਨ ਸ਼ਹਿਰ ਦੇ 7 ਵਾਰਡਾਂ ਨੂੰ ਓ.ਡੀ.ਐਫ਼ ਕਰਨ ਤੋਂ ਇਲਾਵਾ ਸਟਰੀਟ ਲਾਈਟਾਂ ਦਾ ਸਮਾਨ ਖ਼ਰੀਦਣ ਲਈ 5.66 ਲੱਖ ਰੁਪਏ ਦੀ ਮਨਜ਼ੂਰੀ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਡਿਸਪੋਜਲ ਮੋਟਰ ਅਤੇ ਦਫ਼ਤਰੀ ਸ਼ੈਡ ਬਨਾਉਣ ਲਈ ਮਨਜ਼ੂਰੀ ਦਿਤੀ ਗਈ।
ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਮਿੱਤਲ ਨੇ ਛੱਪੜ 'ਤੇ ਉਸਾਰੇ ਜਾ ਰਹੇ ਨਵੇਂ ਪਾਰਕ ਅਤੇ ਹੋਰਨਾ ਪ੍ਰੋਜੈਕਟਾਂ ਬਾਰੇ ਰੀਪੋਰਟ ਦਿੰਦਿਆਂ ਕਿਹਾ ਕਿ ਸ. ਬਰਾੜ ਦੀ ਅਗਵਾਈ ਵਿਚ ਹਰ ਕਾਰਜ ਮੁਕੰਮਲ ਕੀਤਾ ਜਾਵੇਗਾ, ਇਸ ਲਈ ਸ਼ਹਿਰ ਵਿਚ ਵਿਰੋਧੀਆਂ ਦੀਆਂ ਗੁਮਰਾਹਕੁਨ ਚਾਲਾਂ ਵਿਚ ਨਾ ਆਉਣ। ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਦਸਿਆ ਕਿ ਨਗਰ ਕੌਂਸਲ ਵਲੋਂ ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਪਾਰਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿਉਂਕਿ ਪਾਰਕ ਲਈ ਨਕਸ਼ੇ ਦੀ ਮਨਜ਼ੂਰੀ ਸਮੇਤ ਕਈ ਤਰਾਂ ਦੀ ਉਪਰੋਂ ਦਫ਼ਤਰੀ ਮਨਜ਼ੂਰੀ ਲੈਣੀ ਹੁੰਦੀ ਹੈ
ਜਿਸ ਤੋਂ ਬਾਅਦ ਕੰਮ ਸ਼ੁਰੂ ਹੋਣਾ ਸੀ ਪਰ ਮੈਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਲੋਕ ਪਾਰਕ ਬਣਨ ਦੇ ਹੱਕ ਵਿਚ ਨਹੀਂ ਸਗੋਂ ਲੋਕਾਂ ਨੂੰ ਗੁਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਪਰ ਲੋਕ ਕਦੇ ਗੁਮਰਾਹ ਨਹੀਂ ਹੋਣਗੇ। ਸ. ਬਰਾੜ ਨੇ ਕਿਹਾ ਕਿ ਛੱਪੜ ਵਾਲੀ ਜਗ੍ਹਾ 'ਤੇ ਹਰ ਹਾਲਤ ਕੁਝ ਦਿਨਾਂ ਅੰਦਰ ਪਾਰਕ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਕਸਬੇ ਅੰਦਰਲੇ ਸਾਰੇ ਛੱਪੜਾਂ ਤੋਂ ਪਾਣੀ ਦਾ ਨਿਕਾਸ ਕਰ ਕੇ ਛੱਪੜ ਖਾਲੀ ਕੀਤੇ ਜਾਣਗੇ।
ਅਸੀਂ ਜੋ ਵਾਅਦੇ ਕੀਤੇ ਹਨ, ਉਹ ਸਾਰੇ ਪੂਰੇ ਕੀਤੇ ਜਾਣਗੇ। ਮੀਟਿੰਗ ਵਿਚ ਜਗਸੀਰ ਜੱਗਾ, ਬਿੱਟੂ ਮਿੱਤਲ, ਚਮਨ ਲਾਲ, ਰਿੰਕੂ ਕੁਮਾਰ, ਚਮਕੋਰ ਸਿੰਘ ਬਰਾੜ, ਸ਼ਸੀ ਗਰਗ, ਡਾ: ਦਵਿੰਦਰ ਗੋਗੀ ਗਿੱਲ, ਅਜੇ ਗਰਗ ਅਤੇ ਹੋਰ ਸ਼ਾਮਲ ਸਨ।