
ਕਰਫ਼ਿਊ ਸਮੇਂ ਦੇ ਬਿਜਲੀ ਬਿਲ ਮਾਫ਼ ਕਰ ਕੇ ਸੂਬਾ ਸਰਕਾਰ : ਕੁਲਜੀਤ ਰੰਧਾਵਾ
ਡੇਰਾਬੱਸੀ/ਜ਼ੀਰਕਪੁਰ, 29 ਮਈ (ਗੁਰਜੀਤ ਸਿੰਘ ਈਸਾਪੁਰ, ਰਵਿੰਦਰ ਵੈਸ਼ਨਵ): ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਰਾਜ ਪੰਚਾਇਤ ਪ੍ਰੀਸ਼ਦ ਦੇ ਸੂਬਾ ਪ੍ਰਧਾਨ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਹਲਕਾ ਡੇਰਾਬੱਸੀ ਦੇ ਸੀਨੀਅਰ ਆਗੂਆਂ ਦਾ ਇਕ ਵਫ਼ਦ ਅੱਜ ਡੇਰਾਬੱਸੀ ਦੇ ਐਸ.ਡੀ.ਐਮ. ਕੁਲਦੀਪ ਬਾਵਾ ਨੂੰ ਮਿਲਿਆ।
ਉਨ੍ਹਾਂ ਐਸ.ਡੀ.ਐਮ. ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਕੋਰੋਨਾ ਮਹਾਂਮਾਰੀ ਦੌਰਾਨ ਲਗੇ ਕਰਫ਼ਿਊ ਅਤੇ ਤਾਲਾਬੰਦੀ ਸਮੇਂ ਸੂਬੇ ਦੇ ਆਮ ਲੋਕਾਂ ਨੂੰ ਭੇਜੇ ਗਏ ਬਿਜਲੀ ਬਿਲ ਵਾਪਿਸ ਲੈਣ ਅਤੇ ਇਸ ਦੌਰਾਨ ਕੀਤੀ ਗਈ ਖਪਤ ਦੇ ਬਿੱਲ ਮਾਫ ਕਰਣ ਬਾਰੇ ਮੰਗ ਪੱਤਰ ਦਿੱਤਾ ।
ਇਸ ਮੌਕੇ 'ਆਪ' ਆਗੂ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੇ ਲੋਕ ਕਰਫਿਊ ਦੌਰਾਨ ਕਰੀਬ ਦੋ ਮਹੀਨੇ ਤਕ ਅਪਣੇ ਕਿੱਤੇ-ਕਾਰੋਬਾਰ ਛੱਡ ਕੇ ਘਰਾਂ ਵਿੱਚ ਬੰਦ ਰਹੇ ਸਨ। ਜ਼ਿਆਦਾਤਰ ਲੋਕ ਮਾਲੀ ਤੌਰ 'ਤੇ ਅਚਾਨਕ ਆਈ ਇਸ ਵਿਪਦਾ ਅਤੇ ਕਰਫਿਊ ਲਈ ਤਿਆਰ ਨਹੀਂ ਸਨ।
ਉਨ੍ਹਾਂ ਕੋਲ ਜੋ ਜਮਾਂ ਪੂੰਜੀ ਸੀ ਉਹ ਆਪਣੀਆਂ ਦੈਨਿਕ ਜ਼ਰੂਰਤਾਂ 'ਤੇ ਖਰਚ ਕਰ ਚੁੱਕੇ ਹਨ। ਅਜੀਹੇ ਹਲਾਤਾਂ ਦੇ ਬਾਵਜੂਦ ਬਿਜਲੀ ਵਿਭਾਗ ਨੇ ਪਿਛਲੇ ਦਿਨੀਂ ਸੂਬੇ ਦੇ ਲੋਕਾਂ ਨੂੰ ਬਿਜਲੀ ਬਿਲ ਭੇਜ ਦਿਤੇ।
ਰੰਧਾਵਾ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਲੋਕੀ ਆਪਣੀਆਂ ਜ਼ਰੂਰਤਾਂ ਲਈ ਵੀ ਪੈਸੇ ਤੋਂ ਵਾਂਝੇ ਹਨ, ਉਸ ਸਮੇਂ ਉਨ੍ਹਾਂ ਨੂੰ ਬਿਜਲੀ ਬਿੱਲ ਦੇਣ ਲਈ ਮਜ਼ਬੂਰ ਕਰਨਾ ਉਨ੍ਹਾਂ ਲੋਕਾਂ ਉਤੇ ਤਸ਼ੱਦਦ ਬਰਾਬਰ ਹੈ। ਇਸ ਮੌਕੇ ਅਮਰੀਕ ਸਿੰਘ ਧਨੋਨੀ, ਐਚ ਐਸ ਕੋਹਲੀ, ਗੁਲਜਾਰ ਸਿੰਘ, ਦੀਪਇੰਦਰ ਸਿੰਘ, ਜਸਵਿੰਦਰ ਸਿੰਘ ਅਤੇ ਅਜੈ ਕਾਰ ਹਾਜ਼ਰ ਸਨ।