
ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੇ ਹਿੱਤਾਂ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕੀਤਾ ਜਾਵੇਗਾ
ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈਣ ਦੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਕੇਂਦਰ ਵੱਲੋਂ ਪੇਸ਼ ਕੀਤੇ ਵਿੱਤੀ ਘਾਟੇ ਦੇ ਵਾਧੇ ਦੇ ਹਿੱਸੇ ਨੂੰ ਛੱਡਣ ਲਈ ਤਿਆਰ ਹੈ ਪਰ ਕਿਸੇ ਵੀ ਕੀਮਤ ‘ਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗੀ।
Captain Amarinder Singh
ਕੇਂਦਰ ਵੱਲੋਂ ਮੁਫਤ ਬਿਜਲੀ ਦੇ ਬਦਲ ਵਜੋਂ ਕਿਸਾਨਾਂ ਨੂੰ ਡੀ.ਬੀ.ਟੀ. ਰਾਹੀਂ ਫਾਇਦਾ ਦੇਣ ਦੇ ਸੁਝਾਅ ਨੂੰ ਸਿਰੇ ਤੋਂ ਖਾਰਜ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਉਹ ਬਿਲਕੁਲ ਵੀ ਨਹੀਂ ਸਹਿਣਗੇ ਅਤੇ ਇਹ ਸਿੱਧੇ ਤੌਰ ‘ਤੇ ਦੇਸ਼ ਦੇ ਸੰਘੀ ਢਾਂਚੇ ਉਤੇ ਹਮਲਾ ਹੈ। ਉਹਨਾਂ ਕਿਹਾ ਕਿ ਉਹ ਇਹ ਮਾਮਲਾ ਕੇਂਦਰ ਕੋਲ ਉਠਾਉਣਗੇ ਕਿ ਕੋਵਿਡ ਮਹਾਮਾਰੀ ਦੇ ਚੱਲਦਿਆਂ ਵਿੱਤੀ ਸਹਾਇਤਾ ਵਧਾਉਣ ਦੀ ਆੜ ਵਿੱਚ ਵਿੱਤੀ ਘਾਟਾ ਝੱਲ ਰਹੇ ਸੂਬੇ ਵਿੱਚ ਕਿਸਾਨ ਵਿਰੋਧੀ ਸ਼ਰਤ ਲਾਗੂ ਨਹੀਂ ਕਰ ਸਕਦੇ।
Farmer
ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਸਰਕਾਰ ਸੱਤਾ ਵਿੱਚ ਹੈ, ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਮਿਲਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਕਰਜ਼ਾ ਲਵੇਗੀ ਅਤੇ ਭਾਰਤ ਸਰਕਾਰ ਸੂਬਾ ਸਰਕਾਰ ਉਤੇ ਅਧਿਕਾਰਤ ਕਰਜ਼ਾ ਲੈਣ ਲਈ ਸ਼ਰਤਾਂ ਥੋਪ ਨਹੀਂ ਸਕਦੀ।
Power
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਤੇ ਵਰਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਦੁਸ਼ਕਰਮਾਂ ਦਾ ਦੋਸ਼ ਸੂਬਾ ਸਰਕਾਰ ਉਤੇ ਨਾ ਮੜਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਮਾਰਚ 2017 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਕਿਸਾਨਾਂ ਨੂੰ ਨਿਰਵਿਘਨ ਮੁਫਤ ਬਿਜਲੀ ਦੀ ਸਹੂਲਤ ਦੇ ਰਹੀ ਹੈ, ਭਾਵੇਂ ਕਿ ਅਕਾਲੀ-ਭਾਜਪਾ ਦੇ 10 ਸਾਲ ਦੇ ਕੁਸ਼ਾਸਨ ਦੇ ਚੱਲਦਿਆਂ ਸੂਬਾ ਬੁਰੀ ਤਰ੍ਹਾਂ ਵਿੱਤੀ ਸੰਕਟਾਂ ਵਿੱਚ ਘਿਰਿਆ ਹੋਇਆ ਹੈ।
Farmer
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਮੁਫਤ ਬਿਜਲੀ ਦੀ ਵਾਪਸ ਲੈਣ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ ਜਦੋਂ ਕਿ ਕੋਵਿਡ ਅਤੇ ਲੌਕਡਾਊਨ ਵਿੱਚ ਸੂਬੇ ਅਤੇ ਇਥੋਂ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਵਿੱਚ ਕੇਂਦਰ ਸਰਕਾਰ ਫੇਲ ਸਾਬਤ ਹੋਈ ਹੈ। ਉਹਨਾਂ ਸੁਖਬੀਰ ਨੂੰ ਆਖਿਆ ਕਿ ਕੇਂਦਰ ਵਿੱਚ ਉਹ ਭਾਈਵਾਲ ਹੋਣ ਦੇ ਨਾਤੇ ਪਹਿਲਾ ਉਹ ਅਕਾਲੀ ਦਲ ਦਾ ਐਨ.ਡੀ.ਏ. ਨਾਲੋਂ ਨਾਤਾ ਤੋੜਨ। ਉਹਨਾਂ ਕੇਂਦਰੀ ਮੰਤਰੀ ਅਤੇ ਅਕਾਲੀ ਆਗੂ ਹਰਿਸਮਰਤ ਕੌਰ ਬਾਦਲ ਦੇ ਕੇਂਦਰੀ ਕੈਬਨਿਟ ਵਿੱਚੋਂ ਅਸਤੀਫੇ ਦੀ ਵੀ ਮੰਗ ਕੀਤੀ।
Shiromani Akali Dal
ਅਕਾਲੀਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਜਾਂ ਸੰਸਦ ਵਿੱਚ ਕਿਸਾਨਾਂ ਸਮੇਤ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਨਾ ਉਠਾਉਣ ‘ਤੇ ਅਕਾਲੀ ਲੀਡਰਸ਼ਿਪ ਦੀ ਸਖ਼ਤ ਅਲੋਚਨਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਭਲੇ ਦੀ ਗੱਲ ਕਰਨ ਵੇਲੇ ਅਕਾਲੀ ਚੁੱਪ ਨਹੀਂ ਤੋੜਦੇ ਜਦੋਂ ਕਿ ਕੌਮੀ ਸਰੋਕਾਰ ਦੇ ਗੰਭੀਰ ਮੁੱਦਿਆਂ ‘ਤੇ ਵੀ ਘਟੀਆ ਅਤੇ ਸ਼ਰਮਨਾਕ ਸਿਆਸਤ ਖੇਡਣ ਤੋਂ ਬਾਜ਼ ਨਹੀਂ ਆਉਂਦੇ।
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਵੱਲੋਂ ਦੂਹਰੇ ਮਾਪਦੰਡਾਂ, ਕੋਰੇ ਝੂਠੇ ਅਤੇ ਨਿਰਆਧਾਰ ਦੋਸ਼ਾਂ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਘਟੀਆਂ ਚਾਲਾਂ ਚੱਲਣ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ,”ਜੇਕਰ ਤਹਾਨੂੰ ਮਾੜੀ ਮੋਟੀ ਵੀ ਲੱਜ ਆਉਂਦੀ ਹੈ, ਤਾਂ ਤਹਾਨੂੰ ਤੁਰੰਤ ਐਨ.ਡੀ.ਏ. ਗੱਠਜੋੜ ਨਾਲੋਂ ਨਾਤਾ ਤੋੜ ਕੇ ਸੂਬੇ ਦੇ ਲੋਕਾਂ ਲਈ ਕੰਮ ਕਰ ਰਹੀ ਮੇਰੀ ਸਰਕਾਰ ਨਾਲ ਜੁੜ ਜਾਣਾ ਚਾਹੀਦਾ ਹੈ।”
Harsimrat Badal
ਮੁੱਖ ਮੰਤਰੀ ਨੇ ਨਾਗਰਿਕਤਾ ਸੋਧ ਐਕਟ (ਸੀ.ਏ.ਏ) ਮੌਕੇ ਵੀ ਅਕਾਲੀ ਦਲ ਦੇ ਪਖੰਡਪੁਣੇ ਨੂੰ ਚੇਤੇ ਕਰਦਿਆਂ ਆਖਿਆ ਕਿ ਇਸ ਐਕਟ ਵਿਰੁੱਧ ਜਨਤਕ ਆਵਾਜ਼ ਉਠਾਉਣ ਤੋਂ ਪਹਿਲਾਂ ਅਕਾਲੀਆਂ ਨੇ ਸੰਸਦ ਵਿੱਚ ਐਕਟ ਦੇ ਹੱਕ ‘ਚ ਮੇਜ਼ ਥਪਥਪਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੁਭਾਵਿਕ ਹੈ ਕਿ ਸੁਖਬੀਰ ਤੇ ਹਰਸਿਮਰਤ ਅਤੇ ਉਹਨਾਂ ਦੀ ਪਾਰਟੀ ਦੇ ਅਸੂਲ ਹੀ ਨਹੀਂ ਹਨ ਅਤੇ ਉਹ ਸਿਰਫ ਆਪਣੇ ਨਿੱਜੀ ਅਤੇ ਸਿਆਸੀ ਸਵਾਰਥਾਂ ਵਿੱਚ ਦਿਲਚਸਪੀ ਰੱਖਦੇ ਹਨ।
Capt. Amrinder Singh
ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਮੰਤਰੀ ਮੰਡਲ ਨੇ ਆਪਣੀ ਪਿਛਲੀ ਮੀਟਿੰਗ ਦੌਰਾਨ ਭਾਰਤ ਸਰਕਾਰ ਵੱਲੋਂ ਤੈਅ ਕੀਤੀ ਪ੍ਰਕ੍ਰਿਆ ਮੁਤਾਬਕ ਕੋਵਿਡ-19 ਦਰਮਿਆਨ ਕੁੱਲ ਰਾਜ ਘਰੇਲੂ ਉਤਪਾਦ (ਜੀ.ਐਸ.ਡੀ.ਪੀ.) ਦਾ 1.5 ਫੀਸਦੀ ਵਾਧੂ ਕਰਜ਼ਾ ਲੈਣ ਦੇ ਯੋਗ ਬਣਨ ਲਈ ਕੁਝ ਸੁਧਾਰਾਂ ਵਾਸਤੇ ਸਿਧਾਂਤਕ ਪ੍ਰਵਾਨਗੀ ਦਿੱਤੀ ਸੀ। ਭਾਰਤ ਸਰਕਾਰ ਨੇ ਐਫ.ਆਰ.ਬੀ.ਐਮ. ਐਕਟ ਤਹਿਤ ਸੂਬਿਆਂ ਦੇ ਵਿੱਤੀ ਘਾਟੇ ਨੂੰ 3 ਫੀਸਦੀ ਤੋਂ ਵਧਾ ਕੇ 5 ਫੀਸਦੀ ਕਰਨ ਦੀ ਪ੍ਰਵਾਨਗੀ ਦਿੰਦਿਆਂ ਇਸ ਦੇ ਇਕ ਹਿੱਸੇ ਨੂੰ ਕੁਝ ਪ੍ਰਸ਼ਾਸਕੀ ਸੁਧਾਰਾਂ ਨਾਲ ਜੋੜ ਦਿੱਤਾ ਸੀ।
Tweet
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਤੇ ਉਸ ਦਾ ਭਾਈਵਾਲ ਅਕਾਲੀ ਦਲ ਇਹ ਸਪੱਸ਼ਟ ਕਰੇ ਕਿ ਪੰਜਾਬ ‘ਤੇ ਅਜਿਹੀ ਸ਼ਰਤ ਥੋਪ ਕੇ ਦਬਾਅ ਪਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ। ਇਸ ਮੁੱਦੇ ‘ਤੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਰਾਹੀਂ ਸਪੱਸ਼ਟ ਕਰ ਦਿੱਤਾ ਸੀ,”ਮੈਂ ਆਪਣੇ ਕਿਸਾਨਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਵਿੱਚ ਖੇਤੀਬਾੜੀ ਲਈ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਲੈਣ ਦੀ ਕੋਈ ਯੋਜਨਾ ਨਹੀਂ ਹੈ। ਮੈਂ ਤੁਹਾਡੀ ਆਰਥਿਕ ਹਾਲਤ ਤੋਂ ਭਲੀ ਭਾਂਤ ਜਾਣੂੰ ਹਾਂ ਅਤੇ ਮੁਲਕ ਲਈ ਅਨਾਜ ਪੈਦਾ ਕਰਨ ਵਾਸਤੇ ਤੁਹਾਡੀ ਵੱਲੋਂ ਹਰੇਕ ਫਸਲ ਲਈ ਕੀਤੀ ਜਾਂਦੀ ਸਖ਼ਤ ਮਿਹਨਤ ਮੁਸ਼ੱਕਤ ਦੀ ਸ਼ਲਾਘਾ ਕਰਦਾ ਹਾਂ।