Advertisement
  ਖ਼ਬਰਾਂ   ਪੰਜਾਬ  30 May 2020  ਪੁਲਿਸ ਨੇ ਸਿੱਖ ਨੌਜਵਾਨ ਭਾਈ ਭੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ

ਪੁਲਿਸ ਨੇ ਸਿੱਖ ਨੌਜਵਾਨ ਭਾਈ ਭੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ
Published May 30, 2020, 10:34 pm IST
Updated May 30, 2020, 10:34 pm IST
ਘੱਲੂਘਾਰੇ ਕਾਰਨ ਪੁਲਿਸ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ : ਭਾਈ ਘੁਮਾਣ, ਰਣਜੀਤ ਸਿੰਘ
ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਤੇ ਸਰਬਜੀਤ ਸਿੰਘ ਘੁਮਾਣ ਤੇ ਹੋਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ।     (ਬਹੋੜੂ)
 ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਤੇ ਸਰਬਜੀਤ ਸਿੰਘ ਘੁਮਾਣ ਤੇ ਹੋਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ । (ਬਹੋੜੂ)

ਅੰਮ੍ਰਿਤਸਰ 30 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) :1984 ਦੇ ਘੱਲੂਘਾਰੇ ਦੇ ਦਿਨ ਜਿਉਂ-ਜਿਉਂ ਨੇੜੇ ਆਉਂਦੇ ਜਾ ਰਹੇ ਨੇ ਤਿਉਂ-ਤਿਉਂ ਪੁਲਿਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿਤੀ ਹੈ। ਅੰਮ੍ਰਿਤਸਰ ਦੀ ਪੁਲਿਸ ਨੇ ਸਿੱਖ ਨੌਜਵਾਨ ਆਗੂ ਭਾਈ ਭੁਪਿੰਦਰ ਸਿੰਘ (ਛੇ ਜੂਨ ਕਾਂਡ) ਨੂੰ ਕੱਲ੍ਹ ਸਵੇਰੇ ਤੜਕਸਾਰ ਗ੍ਰਿਫ਼ਤਾਰ ਕਰ ਕੇ ਅੱਜ ਜੇਲ੍ਹ ਭੇਜ ਦਿਤਾ ਹੈ। ਸ਼ਿਵ ਸੈਨਾ ਆਗੂ ਸੁਧੀਰ ਸੂਰੀ ਜਿਸ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਘੱਲੂਘਾਰੇ ਦੇ ਨੇੜੇ ਸਿੱਖੀ ਅਤੇ ਸਿੱਖਾਂ ਵਿਰੁਧ ਜ਼ਹਿਰ ਉਗਲਿਆ ਸੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਸੀ। ਇਸ ਦੇ ਜਵਾਬ 'ਚ ਸਖ਼ਤ ਪ੍ਰਤੀਕਿਰਿਆ ਕਰਦਿਆਂ ਭਾਈ ਭੁਪਿੰਦਰ ਸਿੰਘ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਜਵਾਬ ਦਿਤਾ ਸੀ ਅਤੇ ਸੂਰੀ ਦੀ ਸ਼ਿਕਾਇਤ 'ਤੇ ਪੁਲੀਸ ਨੇ ਭਾਈ ਭੁਪਿੰਦਰ ਸਿੰਘ ਨੂੰ ਕੱਲ੍ਹ ਅਪਣੀ ਹਿਰਾਸਤ 'ਚ ਲੈ ਲਿਆ ਅਤੇ ਮੈਡੀਕਲ ਕਰਵਾਉਣ ਮਗਰੋਂ ਅੱਜ ਧਾਰਾ 107/151 ਲਾ ਕੇ ਉਸ ਨੂੰ ਫ਼ਤਾਹਪੁਰ ਜੇਲ ਭੇਜ ਦਿਤਾ ਗਿਆ ਹੈ।

ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਤੇ ਸਰਬਜੀਤ ਸਿੰਘ ਘੁਮਾਣ ਤੇ ਹੋਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ।     (ਬਹੋੜੂ)ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਤੇ ਸਰਬਜੀਤ ਸਿੰਘ ਘੁਮਾਣ ਤੇ ਹੋਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ । (ਬਹੋੜੂ)

ਅੰਮ੍ਰਿਤਸਰ ਦੀਆਂ ਸਿੱਖ ਨੌਜਵਾਨ ਜਥੇਬੰਦੀਆਂ ਅਤੇ ਪਰਿਵਾਰ ਨੇ ਭਾਈ ਭੁਪਿੰਦਰ ਸਿੰਘ ਦੀ ਮੌਕੇ 'ਤੇ ਜ਼ਮਾਨਤ ਕਰਵਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਪੁਲਿਸ ਭਾਈ ਭੁਪਿੰਦਰ ਸਿੰਘ ਨੂੰ ਜੇਲ੍ਹ ਭੇਜਣ ਲਈ ਬਜਿੱਦ ਸੀ। ਜ਼ਿਕਰਯੋਗ ਹੈ ਕਿ ਭਾਈ ਭੁਪਿੰਦਰ ਸਿੰਘ ਉਹ ਸਿੱਖ ਨੌਜਵਾਨ ਸੀ ਜਿਸ ਨੇ ਤਿੰਨ-ਚਾਰ ਸਾਲ ਪਹਿਲਾਂ ਘੱਲੂਘਾਰੇ ਵਾਲ਼ੇ ਦਿਨ ਸੰਤ ਭਿੰਡਰਾਂਵਾਲ਼ਿਆਂ ਦਾ ਪੁਤਲਾ ਫੂਕ ਰਹੇ ਅਨੇਕਾਂ ਸ਼ਿਵ ਸੈਨਾ ਦੇ ਆਗੂਆਂ ਨੂੰ ਇਕੱਲਿਆਂ ਹੀ ਅੱਗੇ ਲਾ ਕੇ ਦੌੜਾਇਆ ਸੀ ਤੇ 'ਸਵਾ ਲਾਖ ਸੇ ਏਕ ਲੜਾਊਂ' ਵਾਲ਼ਾ ਪੁਰਾਤਨ ਇਤਿਹਾਸ ਸਿਰਜਿਆ ਸੀ। ਇਸ ਘਟਨਾ ਦੀ ਵੀ ਚਰਚਾ ਅੱਜ ਸਿਖ਼ਰਾਂ 'ਤੇ ਹੈ। ਭਾਈ ਭੁਪਿੰਦਰ ਸਿੰਘ ਓਦੋਂ ਤੋਂ ਹੀ ਪੁਲਿਸ ਦੀਆਂ ਅੱਖਾਂ ਵਿਚ ਰੜਕਦਾ ਸੀ ਤੇ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਕਈ ਵਾਰ ਪੁਲਿਸ ਹਿਰਾਸਤ ਵਿਚ ਲਿਆ ਜਾ ਚੁੱਕਾ ਸੀ।

ਭਾਈ ਭੁਪਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਰੋਹ ਵਿਚ ਆਈਆਂ ਸਿੱਖ ਨੌਜਵਾਨ ਜਥੇਬੰਦੀਆਂ ਨੇ ਸ਼ਿਵ ਸੈਨਿਕ ਸੁਧੀਰ ਸੂਰੀ, ਭਸੀਨ ਕੁਮਾਰ ਆਦਿ 'ਤੇ ਪਰਚਾ ਦਰਜ ਕਰਵਾ ਕੇ ਉਨ੍ਹਾਂ ਨੂੰ ਵੀ ਜੇਲ੍ਹ ਭਿਜਵਾ ਦਿਤਾ ਹੈ। ਭਾਈ ਸਰਬਜੀਤ ਸਿੰਘ ਘੁਮਾਣ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖ਼ਾਲਸਾ ਦੇ ਆਗੂ ਭਾਈ ਪਰਮਜੀਤ ਸਿੰਘ ਅਕਾਲੀ, ਸਤਿਕਾਰ ਕਮੇਟੀ ਦੇ ਭਾਈ ਪ੍ਰਦੀਪ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਲਾਂਬੂ ਲਾਉਣ ਵਾਲ਼ੇ ਅਖੌਤੀ ਸ਼ਿਵ ਸੈਨਿਕਾਂ ਨੂੰ ਪੁਲਿਸ ਨੱਥ ਪਾ ਕੇ ਰੱਖੇ। ਉਨ੍ਹਾਂ ਕਿਹਾ ਕਿ ਪੁਲਿਸ ਦਾ ਰਵੱਈਆ ਪੱਖਪਾਤੀ ਹੈ। ਸਿੱਖ ਸ਼ਾਂਤਮਈ ਤਰੀਕੇ ਨਾਲ ਅਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਨ, ਪਰ ਪੁਲਿਸ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ ਜੋ ਅਤਿ ਘਟੀਆ ਵਰਤਾਰਾ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਦਰਬਾਰ ਸਾਹਿਬ ਨੂੰ ਜਾਣ ਵਾਲ਼ੇ ਰਸਤੇ ਬੰਦ ਕਰ ਦਿਤੇ ਹਨ ਤੇ ਹੋਰਾਂ ਨੌਜਵਾਨਾਂ ਦੇ ਘਰਾਂ 'ਚ ਵੀ ਪੁਲਿਸ ਛਾਪੇਮਾਰੀ ਹੋ ਰਹੀ ਹੈ।    

Advertisement
Advertisement

 

Advertisement
Advertisement