
600 ਮੁਲਾਜ਼ਮਾਂ ਸਮੇਤ ਐਸ.ਐਸ.ਪੀ. ਦਿਹਾਤੀ ਦੀ ਅਗਵਾਈ ਹੇਠ ਗੰਨਾ ਪਿੰਡ ਦੇ 36 ਘਰਾਂ ’ਚ ਛਾਪੇਮਾਰੀ
ਫਿਲੌਰ, 29 ਮਈ (ਸੁਰਜੀਤ ਸਿੰਘ ਬਰਨਾਲਾ) : ਅੱਜ ਇਥੇ ਗੰਨਾ ਪਿੰਡ ਵਿਖੇ ਸਵੇਰੇ 6 ਵਜੇ ਦੇ ਕਰੀਬ ਐਸ.ਐਸ.ਪੀ. ਜਲੰਧਰ ਦਿਹਾਤੀ ਸਵਪਨ ਸ਼ਰਮਾ ਆਈ.ਪੀ.ਐਸ. ਵਲੋਂ 600 ਦੇ ਕਰੀਬ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਛਾਪਾਮਾਰੀ ਕੀਤੀ ਗਈ।
ਕਾਬਲੇਗੌਰ ਹੈ ਕਿ ਲੋਕਲ ਪੁਲਿਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰਨਾਂ ਥਾਣਿਆਂ ਦੀ ਪੁਲਿਸ ਇਸ ਆਪ੍ਰੇਸ਼ਨ ਵਿਚ ਸ਼ਾਮਲ ਸੀ। ਐਸ.ਐਸ.ਪੀ. ਸ਼ਰਮਾ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਨਸ਼ਿਆਂ ਨੂੰ ਨੱਥਪਾਉਣ ਲਈ ਜ਼ਿਲ੍ਹਾ ਪੁਲਿਸ ਅਤੇ ਐਸ.ਟੀ.ਐਫ਼. ਨੇ ਮਿਲ ਕੇ ਫਿਲੌਰ ਦੇ ਗੰਨਾ ਪਿੰਡ ’ਚ ਅੱਜ ਸਵੇਰੇ 7 ਵਜੇ ਦੇ ਕਰੀਬ ਛਾਪਾਮਾਰੀ ਕੀਤੀ ਗਈ। ਉਨ੍ਹਾਂ ਦਸਿਆ ਕਿ ਛਾਪਾਮਾਰੀ ਦੌਰਾਨ 5 ਲੱਖ ਰੁਪਏ ਨਕਦ, ਸੋਨਾ, 92 ਕਿਲੋ ਭੁੱਕੀ, 60 ਗ੍ਰਾਮ ਹੈਰੋਇਨ, 260 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤਾ ਗਿਆ ਹੈ ਅਤੇ 6 ਦੋਸ਼ੀ ਗਿ੍ਰਫ਼ਤਾਰ ਤੇ 5 ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਅਪਰਾਧਕ ਗਤੀਵਿਧੀਆਂ ਨੂੰ ਲੈ ਕੇ ਗੰਨਾ ਪਿੰਡ ਸਬੰਧੀ ਕਾਫ਼ੀ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਕਰ ਕੇ ਪਿਛਲੇ ਇਕ ਹਫ਼ਤੇ ਤੋਂ ਗੰਨੇ ਪਿੰਡ ਚੋਂ ਗੁਪਤ ਰੂਪ ਵਿਚ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਗੰਨਾ ਪਿੰਡ 550 ਦੇ ਕਰੀਬ ਘਰ ਹਨ, 200 ਪਰਿਵਾਰਾਂ ਦੇ 300 ਦੇ ਕਰੀਬ ਲੋਕਾਂ ’ਤੇ ਅਪਰਾਧਕ ਕੇਸ ਦਰਜ ਹਨ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਹਨ, ਇਕ-ਇਕ ਵਿਅਕਤੀ ’ਤੇ ਕਈ-ਕਈ ਮੁਕੱਦਮੇ ਦਰਜ ਹਨ।
ਐਸ.ਐਸ.ਪੀ. ਸ਼ਰਮਾ ਨੇ ਦੱਸਿਆ ਕਿ ਫਿਲੌਰ ਦੇ ਗੰਨਾ ਪਿੰਡ ਪਹੁੰਚ ਕੇ ਪੁਲਿਸ ਨੇ 36 ਘਰਾਂ ’ਚ ਛਾਪਮਾਰੀ ਕੀਤੀ। ਉਨ੍ਹਾਂ ਦੱਸਿਆ ਕਿ ਛਾਪਾਮਾਰੀ ਦੌਰਾਨ ਪਿਛਲੇ ਕਰੀਬ ਤਿੰਨ ਸਾਲ ਤੋਂ ਇਕ ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਪਰਿਵਾਰ ਦੇ ਘਰ ਚੋਂ 6 ਲੱਖ ਰੁਪਏ ਨਕਦ ਅਤੇ ਨਸ਼ੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ, ਉਨ੍ਹਾਂ ਦੀ ਛੋਟੀ ਜਿਹੀ ਦੁਕਾਨ ਸੀ ਅਤੇ ਨਸ਼ਿਆਂ ਦੇ ਧੰਦੇ ਕਰਕੇ ਹੁਣ ਉਸ ਦੀ 2 ਮੰਜ਼ਿਲਾ ਕੋਠੀ ਹੈ ਜਿਸ ਵਿਚ ਸਾਰੀਆਂ ਸੁਖ ਸੁਵਿਧਾ ਪ੍ਰਾਪਤ ਹਨ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਖਾਤਮੇ ਲਈ ਇਹ ਛਾਪਾਮਾਰੀ ਭਵਿੱਖ ਵਿਚ ਵੀ ਜਾਰੀ ਰਹੇਗੀ।