ਸ਼੍ਰੋਮਣੀ ਕਮੇਟੀ ਨੂੰ ਟੈਂਡਰ ਮੰਗਣ ਦੀ ਲੋੜ ਨਹੀਂ ਉਸ ਨੂੰ ਅਪਣਾ ਚੈਨਲ ਤਿਆਰ ਕਰਨ ਦੀ ਲੋੜ : ਬੀਬੀ ਜਗੀਰ ਕੌਰ
Published : May 30, 2023, 3:35 pm IST
Updated : May 30, 2023, 3:35 pm IST
SHARE ARTICLE
Bibi Jagir Kaur
Bibi Jagir Kaur

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਐਸ.ਜੀ.ਪੀ.ਸੀ. ਨੂੰ ਕੀਤੇ ਤਿੱਖੇ ਸਵਾਲ

ਅੰਮ੍ਰਿਤਸਰ, 28 ਮਈ (ਨਵਜੋਤ ਸਿੰਘ ਧਾਲੀਵਾਲ/ਵੀਰਪਾਲ ਕੌਰ): ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਦਾ ਮੁੱਦਾ ਸੁਰਖੀਆਂ ਵਿਚ ਬਣਿਆ ਹੋਇਆ ਹੈ। ਗੁਰਬਾਣੀ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਸਾਨੂੰ ਇਸ ਨੂੰ ਹਰ ਘਰ, ਦੁਨੀਆਂ ਤਕ ਪਹੁੰਚਾਉਣ ਲਈ ਇਸ ਦਾ ਘੇਰਾ ਵੱਡਾ ਕਰਨਾ ਪਵੇਗਾ। ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਅਪਣਾ ਚੈਨਲ ਬਣਾਵੇਗੀ ਪਰ ਇਨ੍ਹਾਂ ਗੱਲਾਂ ਨੂੰ ਵੀ ਕਾਫ਼ੀ ਸਮਾਂ ਹੋ ਗਿਆ ਹੈ ਅਤੇ ਅਜੇ ਤਕ ਚੈਨਲ ਨਹੀਂ ਬਣਿਆ। ਇਸ ਬਾਰੇ ਵਿਚਾਰ ਚਰਚਾ ਕਰਨ ਲਈ ਰੋਜ਼ਾਨਾ ਸਪੋਕਸਮੈਨ ਨੇ ਬੀਬੀ ਜਗੀਰ ਕੌਰ ਨਾਲ ਗੱਲਬਾਤ ਕੀਤੀ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਦਰਬਾਰ ਸਾਹਿਬ ਸਾਰੀ ਦੁਨੀਆਂ ਦਾ ਆਸਥਾ ਦਾ ਕੇਂਦਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਆਮ ਕਮੇਟੀ ਨਹੀਂ ਸਗੋਂ ਸਾਰੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ। ਜਦੋਂ ਮੈਂ ਉਥੇ ਮੁੱਖ ਸੇਵਾਦਾਰ ਸੀ ਉਦੋਂ ਕੋਈ ਵੀ ਸਮਾਗਮ ਹੁੰਦਾ ਸੀ ਤਾਂ ਉਸ ਦਾ ਅਸੀਂ ਦੂਜੇ ਚੈਨਲਾਂ ਨੂੰ ਲਿੰਕ ਦਿੰਦੇ ਸੀ। ਇਸ ਨਾਲ ਗੁਰਬਾਣੀ ਲੋਕਾਂ ਤਕ ਪਹੁੰਚਦੀ ਸੀ। ਅਪਣਾ ਚੈਨਲ ਬਣਾਉਣ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਗੱਲ ਪਹਿਲਾਂ ਤੋਂ ਚਲਦੀ ਆ ਰਹੀ ਹੈ। ਸ਼੍ਰੋਮਣੀ ਕਮੇਟੀ ਕੋਲ ਬਹੁਤ ਵੱਡਾ ਖ਼ਜ਼ਾਨਾ ਹੈ, ਉਹ ਸਾਰਾ ਦਿਨ ਸਿੱਖ ਧਰਮ ਦਾ ਪ੍ਰਚਾਰ ਕਰ ਸਕਦੀ ਹੈ। 

ਬੀਬੀ ਜਗੀਰ ਕੌਰ ਨੇ ਐਸਜੀਪੀਸੀ ਪ੍ਰਧਾਨ ਨੂੰ ਬੇਨਤੀ ਕੀਤੀ ਹੈ ਕਿ ਤੁਹਾਨੂੰ ਟੈਂਡਰ ਮੰਗਣ ਦੀ ਲੋੜ ਨਹੀਂ, ਤੁਹਾਡੇ ਕੋਲ ਇਕ ਮਹੀਨੇ ਦਾ ਸਮਾਂ ਹੈ ਤੁਸੀਂ ਅਪਣਾ ਚੈਨਲ ਤਿਆਰ ਕਰੋ। ਗੁਰਬਾਣੀ ਦੇ ਪ੍ਰਸਾਰਨ ਲਈ ਨਿਜੀ ਚੈਨਲ ਨਾਲ 11 ਸਾਲ ਦਾ ਕੰਟਰੈਕਟ ਕੀਤਾ ਸੀ, ਜਦੋਂ 11 ਸਾਲ ਖ਼ਤਮ ਹੋਣੇ ਸਨ, ਉਦੋਂ ਹੀ ਅੱਗੇ ਗੱਲ ਹੋ ਸਕਦੀ ਸੀ ਜਾਂ ਫਿਰ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋ ਗਿਆ ਸੀ ਉਦੋਂ ਇਹ ਕੰਟਰੈਕਟ ਖ਼ਤਮ ਕੀਤਾ ਜਾ ਸਕਦਾ ਸੀ। ਮੈਂ ਪ੍ਰਧਾਨ ਸਾਬ੍ਹ ਨੂੰ ਕਿਹਾ ਕਿ ਲੋਕਾਂ ਦੇ ਮਨਾਂ ਵਿਚ ਰੋਸ ਹੈ ਤਾਂ ਤੁਸੀਂ ਕਹੋ ਕਿ ਇਹ ਸਾਰਾ ਕੁੱਝ ਗੁਰੂ ਰਾਮਦਾਸ ਮਹਾਰਾਜਾ ਦੇ ਘਰ ਤੋਂ ਆਉਂਦਾ ਹੈ, ਮੈਂ ਇਥੇ ਹੀ ਮੱਥਾ ਟੇਕਦਾ ਹਾਂ ਅਸੀਂ ਕੋਈ ਕੰਟਰੈਕਟ ਨਹੀਂ ਚੁਕਣਾ। ਨਿਜੀ ਚੈਨਲ ਦਾ ਲੌਗੋ ਲਗਾਉਣ ਦੀ ਬਜਾਏ ਐਸਜੀਪੀਸੀ ਤਾਂ ਲੌਗੋ ਲਗਾਉ। ਇਸ ਨਾਲ ਸੰਗਤ ਖ਼ੁਸ਼ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ  ਘਰ ਵਿਚ ਵਿਵਾਦ ਨਹੀਂ ਪੈਣਾ ਚਾਹੀਦਾ।

ਸਵਾਲ: ਤੁਹਾਨੂੰ ਲਗਦਾ ਹੈ ਕਿ ਇਹ ਜੋ ਤੁਹਾਡੀ ਮੰਗ ਹੈ ਉਸ ਨੂੰ ਮੰਨ ਲਿਆ ਜਾਵੇਗਾ?
ਜਵਾਬ :
ਮੇਰੇ ਖ਼ਿਆਲ ਨਾਲ ਤਾਂ ਉਨ੍ਹਾਂ ਨੂੰ ਮੰਨਣੀ ਚਾਹੀਦੀ ਹੈ ਕਿਉਂਕਿ ਉਹ ਵੀ ਸ਼ਰਧਾਲੂ ਨੇ, ਸ਼ਰਧਾ ਨਾਲ ਉਹ ਅਖੰਡ ਪਾਠ ਸਾਹਿਬ ਕਰਵਾਉਂਦੇ ਹਨ ਤੇ ਉਨ੍ਹਾਂ ਦਾ ਵਿਸ਼ਵਾਸ ਵੀ ਗੁਰੂ ਰਾਮਦਾਸ ਜੀ ’ਤੇ ਹੈ ਤੇ ਜੇ ਕੋਈ ਸੁਖਬੀਰ ਬਾਦਲ ਨੂੰ ਪੁਛਦਾ ਵੀ ਹੈ ਕਿ ਉਨ੍ਹਾਂ ਨੂੰ ਸੱਭ ਤੋਂ ਵੱਧ ਵਿਸ਼ਵਾਸ ਕਿਸ ’ਤੇ ਹੈ ਤਾਂ ਉਹ ਕਹਿੰਦੇ ਨੇ ਗੁਰੂ ਰਾਮਦਾਸ ’ਤੇ ਕਿਉਂਕਿ ਉਨ੍ਹਾਂ ਗੁਰੂ ਘਰ ਤੋਂ ਬਹੁਤ ਕੁੱਝ ਮਿਲਿਆ ਹੈ ਤੇ ਹੁਣ ਲਗਦਾ ਹੈ ਕਿ ਪ੍ਰਧਾਨ ਜੀ ਜ਼ਿਆਦਾ ਦੇਰ ਨਹੀਂ ਕਰਨਗੇ ਤੇ ਸੰਗਤ ਦੀ ਗੱਲ ਮੰਨਣਗੇ।

ਸਵਾਲ:  ਤੁਸੀਂ ਲੰਮਾ ਸਮਾਂ ਪ੍ਰਧਾਨ ਰਹੇ ਹੋ ਤੇ ਜੋ ਸ਼੍ਰੋਮਣੀ ਕਮੇਟੀ ਦਾ ਬਜਟ ਹੁੰਦਾ ਹੈ ਤੇ ਉਸ ਦਾ ਮੁੱਖ ਸਰੋਤ ਕੀ ਹੈ, ਸੰਗਤ ਦਾ ਚੜ੍ਹਾਵਾ?
ਜਵਾਬ:
ਦੇਖੋ ਮੁੱਖ ਸਰੋਤ ਤਾਂ ਸੰਗਤ ਦਾ ਚੜ੍ਹਾਵਾ ਹੈ ਤੇ ਸਾਡੀਆਂ ਕੁੱਝ ਦੁਕਾਨਾਂ ਨੇ ਤੇ ਸਾਡੀ ਜ਼ਮੀਨ ਦੇ ਠੇਕੇ ਜਾਂ ਫਿਰ ਜੋ ਗੋਲਕ ਵਿਚ ਜੋ ਲੋਕ ਮੱਥਾ ਟੇਕਦੇ ਹਨ। ਸਿਖਿਆ ਦਾ ਸਾਡਾ 200 ਕਰੋੜ ਦਾ ਬਜਟ ਮਿਲਿਆ ਹੈ ਪਰ ਅਸੀਂ ਸਿਰਫ਼ ਬਜਟ ਬਣਾਉਂਦੇ ਹਾਂ ਤੇ ਕਈ ਵਾਰ ਵਿਦਿਆਰਥੀ ਨਹੀਂ ਆਉਂਦੇ ਤੇ ਕਈ ਵਾਰ ਉਨ੍ਹਾਂ ਦੀਆਂ ਫ਼ੀਸਾਂ ਨਹੀਂ ਪੂਰੀਆਂ ਆਉਂਦੀਆਂ। ਪਿਛਲੀ ਵਾਰ ਸਾਨੂੰ ਲਗਭਗ 80 ਕਰੋੜ ਦਾ ਘਾਟਾ ਪੈ ਗਿਆ ਸੀ ਕਾਲਜਾਂ ਤੇ ਸਕੂਲਾਂ ਵਿਚ, ਫਿਰ ਜਦੋਂ ਕੋਰੋਨਾ ਆਇਆ ਸੀ ਉਸ ਸਮੇਂ 100 ਕਰੋੜ ਦਾ ਘਾਟਾ ਪਿਆ। 45 ਕਰੋੜ ਰੁਪਏ ਤਾਂ ਸਾਡੇ ਅਜੇ ਸਰਕਾਰ ਵਲ ਹੀ ਪਏ ਨੇ ਲੈਣ ਵਾਲੇ ਜੋ ਕਿ ਐਸਸੀ ਬੱਚੇ ਹਨ ਉਨ੍ਹਾਂ ਦੇ ਵਜ਼ੀਫ਼ਿਆ ਦਾ ਪੈਸਾ ਸਰਕਾਰ ਵਲ ਹੈ ਤੇ ਜੇ ਸਰਕਾਰ ਉਹ ਸਾਨੂੰ ਦੇ ਦਿੰਦੀ ਤਾਂ ਸਾਨੂੰ ਤਨਖ਼ਾਹਾਂ ਅਪਣੇ ਕੋਲੋਂ ਨਾ ਦੇਣੀਆਂ ਪੈਂਦੀਆਂ।

ਹੁਣ ਸਾਡੇ ਜਿਹੜੇ ਪੰਜਾਬੀ ਦੇ ਗੁਰਦੁਆਰਾ ਸਾਹਿਬ ਏ ਗਰੇਡ, ਬੀ ਗਰੇਡ ਅਤੇ ਸੀ ਗਰੇਡ ਹੁੰਦੇ ਹਨ, ਏ ਗਰੇਡ ਦੀ ਆਮਦਨ ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਬਕਾਲਾ, ਫ਼ਤਹਿਗੜ੍ਹ ਸਾਹਿਬ ਹੋ ਗਿਆ। ਇਹ ਸਾਰੇ ਏ ਗਰੇਡ ਵਿਚ ਆਉਂਦੇ ਹਨ। ਫਿਰ ਬੀ ਗਰੇਡ ਦੇ ਵੀ ਹੁੰਦੇ ਹਨ ਤੇ ਸੀ ਗਰੇਡ ਦੇ ਤਾਂ ਖ਼ਰਚੇ ਹੀ ਮਸਾ ਪੂਰੇ ਹੁੰਦੇ ਹਨ। ਬੀ ਗਰੇਡ ਵਿਚੋਂ ਦਸਵੰਧ ਕਢਿਆ ਜਾਂਦਾ ਹੈ ਤੇ 70 ਫ਼ੀ ਸਦੀ ਗੁਰਦਵਾਰਾ ਸਹਿਬ ਦਾ ਹੀ ਪੈਸਾ ਹੁੰਦਾ ਹੈ ਤੇ ਉਹ ਪੈਸਾ ਉੱਥੇ ਹੀ ਜਮ੍ਹਾਂ ਹੁੰਦਾ ਹੈ ਤੇ ਉਸ ਦਾ ਖ਼ਰਚਾ ਕੱਢ ਕੇ ਬਾਕੀ ਬਚੇ ਪੈਸੇ ਦੀ ਐਫ਼ਡੀ ਕਰਵਾ ਲਈ ਜਾਂਦੀ ਹੈ ਜਾਂ ਫਿਰ ਕੋਈ ਚੀਜ਼ ਲੈ ਲਈ ਜਾਂਦੀ ਹੈ ਤੇ 30 ਫ਼ੀ ਸਦੀ ਪੈਸੇ ਧਰਮ ਪ੍ਰਚਾਰ ਦੇ ਫ਼ੰਡ ਹੁੰਦੇ ਹਨ। ਸ਼੍ਰੋਮਣੀ ਕਮੇਟੀ ਲਈ ਤੇ ਹੋਰ ਟਰੱਸਟਾਂ ਲਈ। ਸ਼੍ਰੋਮਣੀ ਕਮੇਟੀ ਸਿਰਫ਼ 25 ਤੋਂ 30 ਫ਼ੀ ਸਦੀ ’ਤੇ ਚਲਦੀ ਹੈ।

ਸਵਾਲ: ਜੇ ਵੱਡੀ ਮਾਤਰਾ ਵਿਚ ਸੰਗਤ ਦੇ ਦਸਵੰਧ ਨਾਲ ਇੰਨਾ ਕੰਮ ਹੋ ਰਿਹਾ ਹੈ ਤਾਂ ਫਿਰ ਚੈਨਲ ਤਾਂ ਬਹੁਤ ਛੋਟੀ ਚੀਜ਼ ਹੈ ਤੇ ਟੈਂਡਰ ਕੱਢਣ ਦੀ ਕੀ ਲੋੜ ਹੈ?
ਜਵਾਬ:
ਕਰ ਸਕਦੇ ਹਾਂ ਜੀ ਤੇ ਬਹੁਤ ਵੱਡੇ ਮਹਾਨ ਲੋਕ ਬੈਠੇ ਹਨ ਤੇ ਉਹ ਮੁਫ਼ਤ ਸੇਵਾਵਾਂ ਦੇਣ ਲਈ ਵੀ ਤਿਆਰ ਹਨ। ਜੇ ਇਕ ਆਮ ਵਿਅਕਤੀ ਚੈਨਲ ਚਲਾ ਸਕਦਾ ਹੈ ਤਾਂ ਉਹ ਤਾਂ ਫਿਰ ਬਹੁਤ ਵੱਡੀ ਸੰਸਥਾ ਹੈ ਤੇ ਮੈਂ ਤਾਂ ਆਪ ਵਾਰ ਵਾਰ ਬੇਨਤੀ ਕੀਤੀ ਹੈ ਕਿ ਪ੍ਰਧਾਨ ਨੂੰ ਆਪ ਚੈਨਲ ਬਣਾਉਣਾ ਚਾਹੀਦਾ ਹੈ ਤੇ ਸਾਰਾ ਦਿਨ ਚੈਨਲ ਚਲਾਉਣਾ ਚਾਹੀਦਾ ਹੈ। ਅਸੀਂ ਕਿਸੇ ਨੂੰ ਘੰਟੇ-2 ਘੰਟੇ ਲਈ ਕਿਉਂ ਦਈਏ? ਸਾਰਾ ਧਰਮ ਦਾ ਪ੍ਰਚਾਰ ਉਥੋਂ ਹੀ ਹੋਣਾ ਚਾਹੀਦਾ ਹੈ। ਜਿੰਨੇ ਸਾਡੇ ਕੋਲ ਧਰਮ ਪ੍ਰਚਾਰਕ ਨੇ ਸਾਡੇ ਕੋਲ ਇਤਿਹਾਸ ਹੀ ਇੰਨਾ ਹੈ ਕਿ ਜੇ ਕੋਈ ਵੀ ਧਰਮ ਪ੍ਰਚਾਰਕ ਕਥਾ ਸ਼ੁਰੂ ਕਰੇ ਤਾਂ ਸਾਰਾ ਦਿਨ ਚੈਨਲ ’ਤੇ ਪਾਉਣ ਵਾਲੀ ਸਮੱਗਰੀ ਮੁਕਣੀ ਹੀ ਨਹੀਂ ਤੇ ਸਾਨੂੰ ਚੈਨਲਾਂ ਨੂੰ ਟੈਂਡਰ ਦੇਣ ਦੀ ਲੋੜ ਹੀ ਨਹੀਂ।

ਸਵਾਲ: ਸ਼ਰਤਾਂ ਦੀ ਗੱਲ ਕਰ ਲਈਏ ਤਾਂ ਤੁਹਾਡੇ ਹਿਸਾਬ ਨਾਲ ਸ਼ਰਤਾਂ ਕਿਵੇਂ ਦੀਆਂ ਹੋਣੀਆਂ ਚਾਹੀਦੀਆਂ ਹਨ?
ਜਵਾਬ:
ਕੋਈ ਵੀ ਚੈਨਲ ਹੈ ਉਸ ਨੇ ਕਮਾਈ ਵੀ ਕਰਨੀ ਹੈ ਤੇ ਉਸ ਨੇ ਐਡ ਵੀ ਚਲਾਉਣੀ ਹੈ, ਗਾਣੇ ਅਤੇ ਨਾਚ ਵੀ ਚਲਾਉਣਾ ਹੈ। ਇਸ ਵਿਚ ਸ਼ਰਤਾਂ ਇਹ ਸਨ ਕਿ ਜਦੋਂ ਵੀ ਕੋਈ ਧਾਰਮਕ ਸਮਾਗਮ ਚਲਾਉਣਾ ਹੈ ਤਾਂ ਉਸ ਤੋਂ 15 ਮਿੰਟ ਪਹਿਲਾਂ ਤੇ 15 ਮਿੰਟ ਬਾਅਦ ਵਿਚ ਕੋਈ ਵੀ ਇਤਰਾਜ਼ਯੋਗ ਚੀਜ਼ ਨਾ ਚਲੇ। ਮੰਨ ਲਵੋ ਜੇ ਕਿਸੇ ਨੇ ਗੁਰਬਾਣੀ ਸੁਣਨੀ ਹੈ ਤਾਂ ਫਿਰ ਇਕੋ ਦਮ ਗੁਰਬਾਣੀ ਬੰਦ ਹੋਣ ਤੋਂ ਬਾਅਦ ਜਾਂ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਅਜਿਹੀ ਚੀਜ਼ ਆ ਜਾਵੇ ਤਾਂ ਇਕੋ ਦਮ ਸੱਟ ਵੱਜਦੀ ਹੈ। ਇਹੋ ਜਿਹੀਆਂ ਸ਼ਰਤਾਂ ਸਨ ਬਾਕੀ ਹੋਰ ਕੋਈ ਨਹੀਂ।

ਸਵਾਲ: ਜਿਹੜੇ ਮੁੱਖ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ ਹੁੰਦੇ ਹਨ ਕਿ ਜਦੋਂ ਕਰਾਰ ਕਿਸੇ ਨਾਲ ਵੀ ਹੁੰਦਾ ਹੈ ਜਾਂ ਸੱਭ ਨੂੰ ਅਧਿਕਾਰ ਦਿਤੇ ਜਾਣਗੇ ਜਾਂ ਫਿਰ ਸੱਭ ਨੂੰ ਇਹ ਵੀ ਕਿਹਾ ਜਾਵੇਗਾ ਕਿ ਸਾਰੇ ਇਹ ਸਾਡੇ ਪ੍ਰੋਗਰਾਮ ਚਲਾਉਣ ਲਈ ਵੀ ਵਚਨਬੱਧ ਹੋਣਗੇ ਤੇ ਜਦੋਂ ਕਿਸੇ ਪ੍ਰੋਗਰਾਮ ਵਿਚ ਅਰਦਾਸ ਚਲ ਰਹੀ ਹੈ ਤਾਂ ਤੁਸੀਂ ਅਰਦਾਸ ਬੰਦ ਕਰ ਕੇ ਕੋਈ ਹੋਰ ਪ੍ਰੋਗਰਾਮ ਨਹੀਂ ਚਲਾਉਗੇ?
ਜਵਾਬ:
ਉਸ ਦਾ ਵੀ ਇਕ ਸਮਾਂ ਹੈ ਜਿਵੇਂ ਸਵੇਰੇ ਆਸਾ ਦੀ ਵਾਰ ਤੋਂ ਪਾਠ ਸ਼ੁਰੂ ਹੋ ਕੇ 7.40 ’ਤੇ ਖ਼ਤਮ ਹੋ ਜਾਂਦਾ ਹੈ ਤੇ ਕੀਰਤਨ ਖ਼ਤਮ ਹੋ ਜਾਂਦਾ ਹੈ ਤੇ ਦੂਜੇ ਪਾਸੇ 7.40 ’ਤੇ ਪਾਠ ਸ਼ੁਰੂ ਹੋ ਜਾਂਦਾ ਹੈ। ਪੀਟੀਸੀ ’ਤੇ ਕਥਾ ਸ਼ੁਰੂ ਹੋ ਜਂਦੀ ਹੈ ਤੇ ਉਸ ਵੇਲੇ ਉਸ ਦੇ ਥੱਲੇ ਕੁੱਝ ਵੀ ਨਹੀਂ ਚਲੇਗਾ। ਕੀਰਤਨ ਦੌਰਾਨ ਤੇ ਪ੍ਰੋਗਰਾਮ ਦੌਰਾਨ ਕੋਈ ਵੀ ਕੋਈ ਐਡ ਨਹੀਂ ਦੇ ਸਕਦਾ। ਕੋਈ ਵੀ ਧਾਰਮਕ ਐਡ ਵੀ ਨਹੀਂ ਚਲੇਗੀ। ਉਨ੍ਹਾਂ ਨੇ ਵੀ ਸਾਡੇ ਨਾਲ ਐਗਰੀਮੈਂਟ ਕੀਤਾ ਹੁੰਦਾ ਹੈ ਤੇ ਅਸੀਂ ਵੀ ਉਨ੍ਰਾਂ ਨਾਲ ਵਾਅਦਾ ਕੀਤਾ ਹੁੰਦਾ ਹੈ। ਸਾਰੀਆਂ ਸ਼ਰਤਾਂ ਲਿਖੀਆਂ ਜਾਂਦੀਆਂ ਹਨ।

ਸਵਾਲ:  ਜਿਵੇਂ ਸਮਾਂ ਅਪਣੀ ਚਾਲ ਚਲਦਾ ਹੈ ਤਾਂ ਲਗਦਾ ਹੈ ਕਿ ਸ਼੍ਰੋਮਣੀ ਕਮੇਟੀ ਥੋੜ੍ਹੀ ਪਛੜ ਗਈ ਤੇ ਉਹ ਜ਼ਮਾਨੇ ਦੀ ਤੋਰ ਨਹੀਂ ਤੁਰੀ, ਜਿਵੇਂ ਅਸੀਂ ਧਰਮ ਪ੍ਰਚਾਰ ਦੀ ਗੱਲ ਕਰਦੇ ਹਾਂ ਉਹ ਇਸ ਟੈਕਨੀਕਲ ਦੇ ਯੁੱਗ ਵਲ ਨਹੀਂ ਆਈ?
ਜਵਾਬ:
ਇਹ ਗੱਲ ਪਹਿਲਾਂ ਵੀ ਉੱਠੀ ਸੀ ਕਿ ਜੋ ਅਸੀਂ ਧਰਮ ਪ੍ਰਚਾਰਕ ਰਖੀਏ ਉਹ ਬੀਏ ਤਕ ਪੜਿ੍ਹਆ ਹੋਵੇ ਤੇ ਘੱਟੋ-ਘੱਟ ਉਸ ਨੂੰ 3 ਜਾਂ 5 ਸਾਲ ਦੀ ਡਿਗਰੀ ਦਈਏ ਪ੍ਰਚਾਰਕ ਦੀ ਤੇ ਉਸ ਵਿਚ ਉਸ ਨੂੰ ਅੰਗਰੇਜ਼ੀ ਦੇ ਨਾਲ-ਨਾਲ ਹੋਰ ਭਾਸ਼ਾਵਾਂ ਵੀ ਸਿਖਾਈਆਂ ਜਾਣ ਤਾਂ ਜੋ ਉਹ ਪ੍ਰਚਾਰਕ ਇਥੇ ਵੀ ਤੇ ਬਾਹਰ ਜਾ ਕੇ ਪ੍ਰਚਾਰ ਕਰ ਸਕੇ ਤੇ ਇਥੇ ਅਫ਼ਸੋਸ ਇਸ ਗੱਲ ਦਾ ਹੈ ਕਿ ਜਦੋਂ ਇਕ ਪ੍ਰਧਾਨ ਆਉਂਦਾ ਹੈ ਤੇ ਦੂਜਾ ਬਦਲ ਜਾਂਦਾ ਹੈ ਤਾਂ ਉਸ ਪਹਿਲੇ ਪ੍ਰਧਾਨ ਦੇ ਨੁਸਖ਼ੇ ਪਿੱਛੇ ਹੀ ਰਹਿ ਜਾਂਦੇ ਹਨ ਤੇ ਨਵਾਂ ਪ੍ਰਧਾਨ ਆ ਕੇ ਅਪਣੀਆਂ ਗੱਲਾਂ ਲਾਗੂ ਕਰਨ ਲੱਗ ਜਾਂਦਾ ਹੈ ਤੇ ਪੁਰਾਣੀਆਂ ਵਿਸਰ ਹੀ ਜਾਂਦੇ ਹਨ।

ਦੇਖੋ ਇਥੇ ਜੋ ਮੁਲਾਜ਼ਮ ਕੰਮ ਕਰਨ ਵਾਲੇ ਹਨ ਜਿਵੇਂ ਕੋਈ ਸਫ਼ਾਈ ਕਰਮਚਾਰੀ ਹੈ, ਲੰਗਰ ਵਰਤਾਉਣ ਵਾਲਾ ਹੈ ਜਾਂ ਹੋਰ ਕੰਮ ਕਰਨ ਵਾਲਾ ਹੈ ਉਹ ਸਿਰਫ਼ 10 ਪੜਿ੍ਹਆ ਹੈ ਤੇ ਜਿਵੇਂ-ਜਿਵੇਂ ਉਸ ਦੀ ਸਰਵਿਸ ਹੁੰਦੀ ਹੈ ਤੇ ਉਹ ਅੱਗੇ ਜਾੰਦਾ ਹੈ ਤੇ ਕਹਿੰਦਾ ਹੈ ਕਿ ਉਸ ਦੀ ਪ੍ਰਮੋਸ਼ਨ ਕੀਤੀ ਜਾਵੇ। ਫਿਰ ਉਹ ਕਲਰਕ ਲੱਗ ਜਾਂਦਾ ਹੈ ਤੇ ਫਿਰ ਉਸ ਨੂੰ ਕੋਈ ਡਿਊਟੀ ਮਿਲ ਜਾਂਦੀ ਹੈ ਤਾਂ ਉਸ ਦਾ ਵਿਜ਼ਨ ਕੀ ਹੋਵੇਗਾ? ਮੈਂ ਵੀ ਇਕ ਮਤਾ ਪਾਇਆ ਸੀ ਜੋ ਸਕੱਤਰ ਹੈ ਉਸ ਦੀ ਪੜ੍ਹਾਈ ਐਮਏ ਹੋਣੀ ਚਾਹੀਦੀ ਹੈ ਤੇ ਉਹ ਸੱਭ ਕੁੱਝ ਸਮਝ ਸਕੇ ਤੇ ਉਸ ਦਾ ਵਿਜ਼ਨ ਵਧੇ।

ਸਵਾਲ: ਅੱਜ ਜਦੋਂ ਹਰ ਕੋਈ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਦੀ ਗੱਲ ਕਰਦਾ ਹੈ, ਗੁਰਬਾਣੀ ਦੀ ਸੇਵਾ ਲੈਣ ਦੀ ਗੱਲ ਕਰਦਾ ਹੈ ਤੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤਾਂ ਸਾਡੀ ਜ਼ਿੰਮੇਵਾਰੀ 2 ਹਜ਼ਾਰ ਗੁਣਾ ਵਧ ਜਾਵੇਗੀ?ਇਸ ਨਜ਼ਰੀਏ ਤੋਂ ਤੁਸੀਂ ਕੋਈ ਸਲਾਹ ਦਿਤੀ ਹੋਵੇ?
ਜਵਾਬ:
ਮੈਂ ਇਹ ਕਹਿੰਦੀ ਹਾਂ ਕਿ ਇਸ ਨੂੰ ਵਿਵਾਦ ਵਿਚ ਨਾ ਪਾਇਆ ਜਾਵੇ ਸਗੋਂ ਤੁਸੀਂ ਸੱਭ ਪ੍ਰਧਾਨ ਨੂੰ ਬੇਨਤੀ ਕਰੋ ਕਿ ਤੁਸੀਂ ਇਸ ਨੂੰ ਗੰਭੀਰਤਾ ਨਾਲ ਵਿਚਾਰੋ। ਤੁਸੀਂ ਅਪਣਾ ਚੈਨਲ ਤਿਆਰ ਕਰ ਕੇ ਜੇ ਤੁਸੀਂ ਸਹੀ ਢੰਗ ਨਾਲ ਗੁਰਬਾਣੀ ਦਾ ਪ੍ਰਚਾਰ ਕਰੋ ਤੇ ਇਤਿਹਾਸ ਦਾ ਪ੍ਰਚਾਰ ਕਰੋ ਜੋ ਦੇਸ਼ ਦੁਨੀਆਂ ਤਕ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਇਹੀ ਕਿਹਾ ਸੀ ਤੇ ਬਹੁਤ ਸੋਚ ਕੇ ਕਿਹਾ ਸੀ ਕਿ ਚੈਨਲ ਬਣਾਇਆ ਜਾਵੇ। ਆਈਟੀ ਵਿੰਗ ਨੇ ਜਦੋਂ ਵੈੱਬਸਾਈਟ ਬਣਾਈ ਸੀ ਤਾਂ ਉਸ ਵੇਲੇ ਯੂਟਿਊਬ ਚੈਨਲ ਵੀ ਤਿਆਰ ਹੋ ਗਿਆ ਸੀ ਤੇ ਸਾਨੂੰ ਉਸ ਨੂੰ ਹੀ ਹੋਰ ਵਧਾ ਲੈਣਾ ਚਾਹੀਦਾ ਹੈ, ਮਨਜ਼ੂਰੀ ਲੈ ਲੈਣੀ ਚਾਹੀਦੀ ਹੈ ਕਿ ਅਸੀਂ ਇਸ ਨੂੰ ਹੋਰ ਵਧਾਉਣਾ ਹੈ। ਕਿਹੜੀ ਸਰਕਾਰ ਹੈ ਜੋ ਸਾਨੂੰ ਜਵਾਬ ਦੇਵੇਗੀ?

ਸੋ ਪ੍ਰਧਾਨ ਸਾਬ੍ਹ ਨੂੰ ਇਹ ਸਹਿਜਤਾ ਨਾਲ ਲੈਣਾ ਚਾਹੀਦਾ ਹੈ ਤੇ ਕਹਿਣਾ ਚਾਹੀਦਾ ਹੈ ਕਿ ਉਹ ਅਪਣਾ ਚੈਨਲ ਆਪ ਤਿਆਰ ਕਰ ਲੈਣਗੇ ਤੇ ਇਹ ਚੈਨਲ ਕੌਮ ਦਾ ਹੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਕਿ ਜਦੋਂ ਉਹ ਪ੍ਰਧਾਨ ਹੁੰਦੇ ਸਨ ਤੇ ਉਨ੍ਹਾਂ ਨੇ ਅਵਾਜ਼ ਦਿਤੀ ਸੀ ਤਾਂ ਦਿੱਲੀ ਤੋਂ ਕੁੱਝ ਸਿੰਘਾਂ ਨੇ ਹੀ 8-9 ਕਰੋੜ ਰੁਪਏ ਦੇ ਦਿਤੇ ਸਨ। ਸੰਗਤ ਬਹੁਤ ਬੈਠੀ ਹੈ ਤੇ ਇਕ ਵਿਅਕਤੀ ਵੀ ਇੰਨਾ ਪੈਸਾ ਦੇਣ ਲਈ ਤਿਆਰ ਹੈ ਤੇ ਪ੍ਰਧਾਨ ਜੀ ਨੂੰ ਇਹੀ ਬੇਨਤੀ ਹੈ ਕਿ ਟੈਂਡਰਾਂ ਵਾਲੇ ਪਾਸੇ ਨਾ ਪਉ ਤੇ ਜੇ ਇਧਰ ਨੂੰ ਚਲੇ ਗਏ ਤਾਂ ਇਕ ਦੂਜੇ ’ਤੇ ਇਲਜ਼ਾਮ ਹੀ ਲਗਣਗੇ ਤੇ ਇਸ ਲਈ ਅਪਣਾ ਚੈਨਲ ਬਣਾ ਲੈਣਾ ਚਾਹੀਦਾ ਹੈ।

ਸਵਾਲ: ਇਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਸ਼ਰਤਾਂ ਹੀ ਅਜਿਹੀਆਂ ਰੱਖੀਆਂ ਜਾਣਗੀਆਂ ਕਿ ਗੱਲ ਜਿਥੇ ਪਹਿਲਾਂ ਚਲ ਰਹੀ ਸੀ ਉੱਥੇ ਹੀ ਚਲੇਗੀ?
ਜਵਾਬ :
ਦੇਖੋ ਜੇ ਸ਼ਰਤਾਂ ਦੀ ਗੱਲ ਹੈ ਤੇ ਉਹ ਚਾਹੇ ਕੋਈ ਪਹਿਲਾਂ ਹੋਵੇ ਜਾਂ ਬਾਅਦ ਵਿਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਤੇ ਇਕ ਅਸੀਂ ਟੈਂਡਰ ਲਗਾ ਰਹੇ ਹਾਂ ਤੇ ਦੂਜਾ ਅਸੀਂ ਸ਼ਰਤਾਂ ਰੱਖ ਰਹੇ ਹਾਂ। ਫਿਰ ਸ਼ਰਤਾਂ ਦੇ ਅਧੀਨ ਜਿਸ ਨੂੰ ਵੀ ਚਲਾਇਆ ਜਾਵੇ ਫਿਰ ਤਾਂ ਅਸੀਂ ਕੁੱਝ ਨਹੀਂ ਕਹਿ ਸਕਦੇ ਤੇ ਜੇ ਅਸੀਂ ਇਸ ਦੁਬਿਧਾ ਨੂੰ ਮਿਟਾਉਣਾ ਹੀ ਹੈ ਤਾਂ ਅਪਣਾ ਹੀ ਚੈਨਲ ਬਣਾਉਣਾ ਚਾਹੀਦਾ ਹੈ।

ਸਵਾਲ : ਤੁਸੀਂ ਪਹਿਲਾਂ ਕਿਹਾ ਸੀ ਕਿ ਤੁਹਾਡੇ ਅਕਾਲੀ ਦਲ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਤੇ ਤੁਸੀਂ ਅਕਾਲੀ ਹੋ, ਸੀ ਤੇ ਰਹੋਗੇ ਪਰ ਜਲੰਧਰ ਜ਼ਿਮਨੀ ਚੋਣਾਂ ਵਿਚ ਸਾਥ ਭਾਜਪਾ ਦਾ ਕਿਉਂ?
ਜਵਾਬ:
ਦੇਖੋ ਉਸ ਦਾ ਵੀ ਕੋਈ ਕਾਰਨ ਸੀ ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਨਹੀਂ ਸੀ ਜਾ ਸਕਦੀ ਤੇ ਜਦੋਂ ਇਨ੍ਹਾਂ ਨੇ ਪਾਰਟੀ ਦਾ ਉਮੀਦਵਾਰ ਦਿਤਾ ਤਾਂ ਉਸ ਨਾਲ ਵੀ ਕੋਈ ਸ਼ਿਕਵਾ ਨਹੀਂ। ਦੁੱਖ ਇਸ ਗੱਲ ਦਾ ਸੀ ਕਿ ਦੂਜੇ ਪਾਸੇ ਜੋ ਸਾਡੇ ਭਰਾ ਅਟਵਾਲ ਛੱਡ ਕੇ ਗਏ ਸੀ ਤੇ ਉਨ੍ਹਾਂ ਦਾ ਬੇਟਾ ਉਨ੍ਹਾਂ ਦੀ ਵੀ ਸ਼੍ਰੋਮਣੀ ਅਕਾਲੀ ਦਲ ਵਿਚ 60-65 ਸਾਲ ਦੀ ਸੇਵਾ ਸੀ ਮੈਂ ਤਾਂ ਕਿਸੇ ਪਾਸੇ ਜਾ ਨਹੀਂ ਰਹੀ ਸੀ ਘਰ ਬੈਠੀ ਸੀ ਤੇ ਮੇਰੇ ਕੋਲ ਸੱਭ ਦੇ ਸੁਨੇਹੇ ਆਏ ਤੇ ਅਕਾਲੀ ਲੀਡਰਾਂ ਨੇ ਵੀ ਬੁਲਾਇਆ ਤਾਂ ਮੈਂ ਕਿਹਾ ਕਿ ਹੁਣ ਮੈਂ ਵਾਪਸ ਨਹੀਂ ਜਾ ਸਕਦੀ ਕਿਉਂਕਿ ਮੈਨੂੰ ਜ਼ਲੀਲ ਬਹੁਤ ਕੀਤਾ ਗਿਆ ਹੈ। ਮੈਂ ਪੂਰੇ ਮਨ ਨਾਲ ਅਕਾਲੀ ਦਲ ਦੀ ਸੇਵਾ ਕੀਤੀ ਸੀ ਪਰ ਮੈਨੂੰ ਉਥੋਂ ਧੱਕਾ ਲੱਗਾ ਹੈ, ਮੇਰੀ ਕਿਸੇ ਨਾਲ ਲੜਾਈ ਨਹੀਂ ਸੀ ਨਾ ਪਾਰਟੀ ਨਾਲ ਬਸ ਇਕ ਸਿਧਾਂਤਕ ਗੱਲ ਸੀ।

ਮੇਰੀ ਤਾਂ ਸਰਬ ਸਾਂਝੀ ਗੱਲ ਸੀ ਜਿਵੇਂ ਕਿ ਚੈਨਲ ਹੀ ਲਗਾ ਲਉ ਇਸ ਤਰ੍ਹਾਂ ਦੇ ਮੁੱਦੇ ਸਨ ਤੇ ਮੇਰੇ ਇਲਾਕੇ ਵਿਚ ਜੋ ਮੈਂਬਰ ਪਾਰਲੀਮੈਂਟ ਚੋਣ ਲੜਦਾ ਆ ਰਿਹਾ ਹੈ ਉਹ ਭਾਜਪਾ ਦਾ ਹੀ ਸੀ। ਅਸੀਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਉਧਰ ਵੋਟ ਪਾਈ ਤੇ ਮੈਂ ਕਿਹਾ ਸੀ ਕਿ ਮੈਂ ਹਮਾਇਤ ਤਾਂ ਕਰਾਂਗੀ ਜੇ ਸਾਡੇ ਸਿੱਖਾਂ ਦੇ ਜੋ ਮੁੱਦੇ ਹਨ ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ ਤਾਂ ਫਿਰ ਉਨ੍ਹਾਂ ਕਿਹਾ ਕਿ ਦੱਸੋ ਤੇ ਮੈਂ ਮੁੱਦੇ ਗਿਣਾਏ ਤੇ ਉਨ੍ਹਾਂ ਨੇ ਕਿਹਾ ਕਿ ਉਹ ਮੀਟਿੰਗ ਕਰਵਾਉਣਗੇ ਤਾਂ ਮੈਂ ਕਿਹਾ ਕਿ ਪਹਿਲਾਂ ਤੁਸੀਂ ਗੱਲ ਕਰੋ। ਦੇਖਿਆ ਜਾਵੇ ਤਾਂ ਹਮੇਸ਼ਾ ਨੁਕਸਾਨ ਸਿੱਖਾਂ ਅਤੇ ਪੰਜਾਬੀਆਂ ਨੂੰ ਹੀ ਹੋਇਆ ਹੈ। ਬੀਬੀ ਜਗੀਰ ਕੌਰ ਨੇ ਉਹ ਸਾਰੀਆਂ ਘਟਨਾਵਾਂ ਯਾਦ ਕਰਵਾਈਆਂ ਜਿਨ੍ਹਾਂ ਨਾਲ ਸਿੱਖਾਂ ਤੇ ਪੰਜਾਬੀਆਂ ਨੂੰ ਨੁਕਸਾਨ ਹੋਇਆ।

ਅੱਜ ਕਲ ਜੋ ਘਟਨਾਵਾਂ ਹੋ ਰਹੀਆਂ ਨੇ ਉਹ ਚੁੱਕੀਆਂ ਤਾਂ ਉਹ ਉਨ੍ਹਾਂ ਨੇ ਸੁਣੀਆਂ ਤੇ ਕਿਹਾ ਕਿ ਉਹ ਸਹਿਮਤ ਹਨ ਤੇ ਇਸ ਤੋਂ ਬਾਅਦ ਵਿਜੇ ਰੁਪਾਣੀ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਕਿਹਾ ਕਿ ਉਹ ਸਾਡੀਆਂ ਸਾਰੀਆਂ ਮੰਗਾਂ ਨਾਲ ਸਹਿਮਤ ਹਨ। ਇਸ ਤੋਂ ਬਾਅਦ ਇਕ ਮੀਟਿੰਗ ਮੈਂ ਸੱਦੀ ਤੇ ਉਸ ਵਿਚ ਸਾਰੇ ਸਿੱਖ ਹੀ ਸਨ ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਇਨ੍ਹਾਂ ਤੋਂ ਵਿਸ਼ਵਾਸ ਲੈ ਲੈਣ ਤੇ ਉਨ੍ਹਾਂ ਕਿਹਾ ਕਿ ਉਹ ਮੰਗਾਂ ਪੂਰੀਆਂ ਕਰਨਗੇ ਤੇ ਤਾਂ ਹੀ ਸਮਰਥਨ ਦਿਤਾ ਹੈ ਤੇ ਹੁਣ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋਵੇਗੀ ਤੇ ਕੁੱਝ ਕੁ ਮੰਗਾਂ ਪੂਰੀਆਂ ਹੋਣਗੀਆਂ ਤੇ ਅਗਲੀ ਗੱਲਬਾਤ ਹੋਵੇਗੀ।

 

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement