
ਸਕੂਲ ਨੂੰ ਨਵੇਂ ਥਾਂ 'ਤੇ ਸ਼ਿਫਟ ਕਰਨ ਦੇ ਕਾਰਜ ਵਿਚ ਤੇਜ਼ੀ ਲਿਆਉਣ ਦੇ ਹੁਕਮ
ਮੋਹਾਲੀ : ਪੰਜਾਬ ਦੇ ਸਕੂਲ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅੱਜ ਸੈਕਟਰ 69 ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਦਰਪੇਸ਼ ਸਮੱਸਿਆਵਾਂ ਦੀ ਜਾਣਕਾਰੀ ਲਈ ਗਈ।
ਇਸ ਦੌਰੇ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਬੈਂਸ ਨੇ ਦਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਮੋਹਾਲੀ ਸ਼ਹਿਰ ਦੇ ਸੈਕਟਰ 69 ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਸਿਆ ਕਿ ਇਹ ਸਕੂਲ ਪਹਿਲਾਂ 1.79 ਏਕੜ ਜਗ੍ਹਾ ਵਿਚ ਬਣਿਆ ਹੋਇਆ ਸੀ ਜਿਸ ਵਿਚੋਂ ਹੁਣ ਕੇਵਲ ਸਕੂਲ ਕੋਲ 125 ਗਜ ਜਗ੍ਹਾ ਰਹਿ ਗਈ ਹੈ। ਇਸ ਜਗ੍ਹਾ ਵਿਚ 3 ਕਮਰੇ ਬਣੇ ਹੋਏ ਹਨ ਜਿਸ 147 ਵਿਦਿਆਰਥੀਆਂ ਨੂੰ 5 ਅਧਿਆਪਕ ਸਿਖਿਆ ਦੇ ਰਹੇ ਹਨ।
ਸਿੱਖਿਆ ਮੰਤਰੀ ਬੈਂਸ ਨੇ ਦਸਿਆ ਕਿ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵੀ ਬਾਹਰ ਕਰਨੀ ਪੈਂਦੀ ਹੈ ਅਤੇ ਨਾ ਹੀ ਕੋਈ ਸਿੱਧਾ ਰਸਤਾ ਇਸ ਸਕੂਲ ਨੂੰ ਜਾਂਦਾ ਹੈ। ਇਸ ਤੋਂ ਇਲਾਵਾ ਨਾ ਤਾਂ ਕੋਈ ਬਾਥਰੂਮ ਹੈ ਤੇ ਨਾ ਹੀ ਪ੍ਰੀ-ਪ੍ਰਾਇਮਰੀ ਕਲਾਸਾਂ ਲਈ ਕਮਰਾ ਹੈ।
ਸਕੂਲ ਫੇਰੀ ਦੌਰਾਨ ਸਿਖਿਆ ਮੰਤਰੀ ਵਲੋਂ ਵਿਦਿਆਰਥੀਆਂ ਤੋਂ ਹਿਸਾਬ ਦੇ ਸਵਾਲ ਵੀ ਪੁੱਛੇ ਗਏ ਜਿਸ ਦਾ ਵਿਦਿਆਰਥੀਆਂ ਵਲੋਂ ਸਹੀ ਉੱਤਰ ਦਿਤੇ ਗਏ ਜਿਸ 'ਤੇ ਸਿੱਖਿਆ ਮੰਤਰੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਸਿਖਿਆ ਮੰਤਰੀ ਨੇ ਮੌਕੇ 'ਤੇ ਹੀ ਸਿਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਪੁੱਡਾ ਦੇ ਅਧਿਕਾਰੀਆਂ ਨੂੰ ਇਸ ਸਕੂਲ ਨੂੰ ਨਵੀਂ ਥਾਂ 'ਤੇ ਸ਼ਿਫਟ ਕਰਨ ਦੇ ਆਦੇਸ਼ ਦਿਤੇ ਅਤੇ ਨਾਲ ਹੀ ਇਸ ਕਾਰਜ ਵਿਚ ਬੇਲੋੜੀ ਦੇਰੀ ਕਰਨ ਵਾਲੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁਧ ਤੁਰਤ ਕਾਰਵਾਈ ਅਮਲ ਵਿਚ ਲਿਆਉਣ ਦੇ ਵੀ ਹੁਕਮ ਦਿਤੇ।ਸਕੂਲ ਫੇਰੀ ਉਪਰੰਤ ਸਿਖਿਆ ਮੰਤਰੀ ਨੇ ਗਮਾਡਾ ਵਲੋਂ ਸਕੂਲ ਨੂੰ ਦਿਤੀ ਜਾਣ ਵਾਲੀ ਜਗ੍ਹਾ ਦਾ ਵੀ ਦੌਰਾ ਕੀਤਾ।