
ਬੀਤੇ ਕੱਲ ਸਥਾਨਕ ਡੱਬਵਾਲੀ ਰੋਡ 'ਤੇ ਸਥਿਤ ਗਊਸਾਲਾ ਵਿਖੇ 15 ਗਊਆਂ ਦੀ ਮੌਤ ਹੋਣ ਦਾ ਮਾਮਲਾ ਠੰਢਾ ਨਹੀਂ ਹੋਇਆ ਸੀ.......
ਬਠਿੰਡਾ : ਬੀਤੇ ਕੱਲ ਸਥਾਨਕ ਡੱਬਵਾਲੀ ਰੋਡ 'ਤੇ ਸਥਿਤ ਗਊਸਾਲਾ ਵਿਖੇ 15 ਗਊਆਂ ਦੀ ਮੌਤ ਹੋਣ ਦਾ ਮਾਮਲਾ ਠੰਢਾ ਨਹੀਂ ਹੋਇਆ ਸੀ ਕਿ ਅੱਜ ਸਥਾਨਕ ਥਰਮਲ ਦੀਆਂ ਝੀਲਾਂ ਕੋਲ ਸਿਰ ਕਟੀ ਇੱਕ ਗਊ ਦੀ ਲਾਸ਼ ਬਰਾਮਦ ਹੋਣ ਕਾਰਨ ਸਨਸਨੀ ਮੱਚ ਗਈ। ਇਸ ਲਾਸ਼ ਮਿਲਣ ਤੋਂ ਬਾਅਦ ਕਈ ਹਿੰਦੂ ਜਥੇਬੰਦੀਆਂ ਨੇ ਰੋਸ਼ ਪ੍ਰਗਟ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦਿੱਤੇ। ਇਸਤੋਂ ਇਲਾਵਾ ਉਕਤ ਗਊ ਦੀ ਲਾਸ਼ ਦਾ ਸ਼੍ਰੀ ਮੁਕਤਸਰ ਸਾਹਿਬ ਦੇ ਪਸ਼ੂ ਹਸਪਤਾਲ ਤੋਂ ਇਸਦਾ ਬਕਾਇਦਾ ਪੋਸਟਮਾਰਟਮ ਵੀ ਕਰਵਾਇਆ। ਉਧਰ ਪੁਲਿਸ ਅਧਿਕਾਰੀਆਂ ਨੇ ਮੁਢਲੀ
ਪੜਤਾਲ ਤੋਂ ਬਾਅਦ ਦਿੱਤੀ ਰੀਪੋਰਟ ਵਿਚ ਦਾਅਵਾ ਕੀਤਾ ਹੈ ਕਿ ਬੀਤੀ ਰਾਤ ਇੱਕ ਵਾਹਨ ਦੀ ਚਪੇਟ ਵਿਚ ਆਉਣ ਕਾਰਨ ਗਊ ਦੀ ਮੌਤ ਹੋ ਗਈ ਸੀ, ਜਿਸਤੋਂ ਬਾਅਦ ਉਸਦੇ ਕਾਫ਼ੀ ਹੱਦ ਨੁਕਸਾਨੇ ਸਿਰ ਨੂੰ ਅਵਾਰਾ ਕੁੱਤੇ ਖ਼ਾ ਗਏ। ਇਹ ਵੀ ਪਤਾ ਚੱਲਿਆ ਹੈ ਕਿ ਗਊ ਦੀਆਂ ਲੱਤਾਂ ਵੀ ਟੁੱਟੀਆਂ ਹੋਈਆਂ ਸਨ। ਵਧੀਕ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਲਾਸ਼ ਦੇ ਪੋਸਟਮਾਰਟਮ ਦੀ ਰੀਪੋਰਟ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਧਰ ਬੀਤੇ ਕਲ ਗਊਸ਼ਾਲਾ 'ਚ ਮਰੀਆਂ ਗਊਆਂ ਦੇ ਮਾਮਲੇ ਦੀ ਤੈਅ ਤੱਕ ਜਾਣ ਲਈ ਅੱਜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ
ਗਊਸਾਲਾ ਪੁੱਜੇ। ਉਨਾਂ੍ਹ ਗਊਸਾਲਾ ਕਮੇਟੀ ਦੇ ਅਹੁੱਦੇਦਾਰਾਂ ਨਾਲ ਗੱਲਬਾਤ ਵੀ ਕੀਤੀ। ਸ਼੍ਰੀ ਬਾਦਲ ਨੇ ਇਸ ਘਟਨਾ ਉਪਰ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਪੁਲਿਸ ਇਸ ਕੇਸ ਦੀ ਛਾਣ-ਬੀਣ ਕਰ ਰਹੀ ਹੈ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਊਸ਼ਾਲਾ ਵਿਖੇ ਦਾਨ ਕੀਤੇ ਗਏ ਛੋਲਿਆਂ ਦੇ ਗੱਟੇ 'ਚ ਮੌਜੂਦ ਛੋਲੇ ਖਾਣ ਤੋਂ ਬਾਅਦ ਗਊਆਂ ਦੀ ਮੌਤ ਹੋਈ। ਉਨ੍ਹਾਂ ਦਿਸ਼ਾ ਨਿਰਦੇਸ਼ ਦਿੱਤੇ ਕਿ ਭਵਿੱਖ ਵਿਚ ਇਸ ਪ੍ਰਕਾਰ ਦੀ ਘਟਨਾ ਨਾ ਹੋਵੇ ਇਸ ਦੇ ਪੂਰੇ ਇੰਤਜ਼ਾਮ ਕੀਤੇ ਜਾਣ।
ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ, ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ, ਐਸ.ਡੀ.ਐਮ ਬਠਿੰਡਾ ਬਲਵਿੰਦਰ ਸਿੰਘ, ਕਾਂਗਰਸ ਲੀਡਰ ਅਸ਼ੋਕ ਕੁਮਾਰ, ਮੋਹਨ ਲਾਲ ਝੂੰਬਾ, ਅਰੁਣ ਵਧਾਵਨ, ਜਗਰੂਪ ਗਿੱਲ, ਰਾਜਨ ਗਰਗ, ਪਵਨ ਮਾਨੀ, ਬਲਰਾਜ ਪੱਕਾ, ਓ. ਐਸ.ਡੀ. ਜਗਤਾਰ ਢਿੱਲੋਂ, ਜਸਵੀਰ ਢਿੱਲੋ, ਮੀਡੀਆ ਸਲਾਹਕਾਰ ਹਰਜੋਤ ਸਿੰਘ ਸਿੱਧੂ, ਸਾਧੂ ਰਾਮ ਕੁਸਲਾ, ਪਿਰਥੀ ਪਾਲ ਸਿੰਘ ਜਲਾਲ, ਰਾਜੂ ਭੱਠੇਵਾਲਾ ਆਦਿ ਹਾਜ਼ਰ ਸਨ। ਦੂਜੇ ਪਾਸੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ ਸ਼ੀਤਲ ਜਿੰਦਲ ਨੇ ਦਸਿਆ ਕਿ ਸੈਂਪਲ ਲੈਬ ਵਿਚ ਭੇਜੇ ਗਏ।