
ਪਿਛਲੇ ਕਈ ਦਹਾਕਿਆਂ ਤੋਂ ਲਟਕ ਰਹੀ ਰਿੰਗ ਰੋਡ ਫ਼ੇਜ ਇੱਕ ਨੂੰ ਪੂਰਾ ਕਰਨ ਲਈ ਬੀਡੀਏ ਵਲੋਂ ਧੋਬੀਆਧਾ ਬਸਤੀ ਨੇੜੇ ਬਣੇ ਕਥਿਤ ਨਜਾਇਜ਼ ਮਕਾਨਾਂ......
ਬਠਿੰਡਾ : ਪਿਛਲੇ ਕਈ ਦਹਾਕਿਆਂ ਤੋਂ ਲਟਕ ਰਹੀ ਰਿੰਗ ਰੋਡ ਫ਼ੇਜ ਇੱਕ ਨੂੰ ਪੂਰਾ ਕਰਨ ਲਈ ਬੀਡੀਏ ਵਲੋਂ ਧੋਬੀਆਧਾ ਬਸਤੀ ਨੇੜੇ ਬਣੇ ਕਥਿਤ ਨਜਾਇਜ਼ ਮਕਾਨਾਂ ਨੂੰ ਖ਼ਾਲੀ ਕਰਨ ਲਈ ਕੱਢੇ ਨੋਟਿਸਾਂ ਦਾ ਮਾਮਲਾ ਭਖ ਗਿਆ ਹੈ। ਇਸ ਖੇਤਰ ਤੋਂ ਅਕਾਲੀ ਕੋਂਸਲਰ ਹਰਜਿੰਦਰ ਸਿੰਘ ਛਿੰਦਾ ਨੇ ਇਸ ਵਿਰੁਧ ਝੰਡਾ ਚੁੱਕ ਲਿਆ ਹੈ। ਇਸਤੋਂ ਇਲਾਵਾ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਨੇ ਵੀ ਬੀਤੇ ਕੱਲ ਤੋਂ ਲੱਗੇ ਇਸ ਧਰਨੇ ਨੂੰ ਹਿਮਾਇਤ ਦਿੱਤੀ ਹੈ। ਉਨ੍ਹਾਂ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇੱਥੇ ਵਸੇ ਲੋਕਾਂ ਨੂੰ ਉਜਾੜਣ ਦੀ ਬਜਾਏ ਇਹ ਸੜਕ 100 ਫੁੱਟੀ ਕੱਢ ਲਈ ਜਾਵੇ।
ਸ਼੍ਰੀ ਸਿੰਗਲਾ ਨੇ ਕਾਂਗਰਸ ਸਰਕਾਰ ਉਪਰ ਗਰੀਬਾਂ ਨੂੰ ਉਜ਼ਾੜਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਸ ਜਗ੍ਹਾਂ ਉਪਰ ਬੈਠੇ ਲੋਕਾਂ ਨੂੰ ਉਜਾੜਣ ਦੀ ਬਜਾਏ ਰਿਹਾਇਸ ਦਾ ਕਿਧਰੇ ਹੋਰ ਪ੍ਰਬੰਧ ਕੀਤਾ ਜਾਵੇ। ਉਧਰ ਦਲਿਤ ਆਗੂ ਕਿਰਨਜੀਤ ਸਿੰਘ ਗਹਿਰੀ ਨੇ ਵੀ ਇੱਥੇ ਬੈਠੇ ਲੋਕਾਂ ਦੀ ਹਿਮਾਇਤ ਕਰਦਿਆਂ ਪ੍ਰਸ਼ਾਸਨ ਉਪਰ ਗਰੀਬ ਪ੍ਰਵਾਰਾਂ ਦੇ ਉਜਾੜੇ ਦਾ ਦੋਸ਼ ਲਗਾਇਆ। ਸਥਾਨਕ ਪ੍ਰੈਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਗਹਿਰੀ ਨੇ ਮੰਗ ਕੀਤੀ ਕਿ ਇੱਥੋ ਉਠਾਉਣ ਤੋਂ ਪਹਿਲਾਂ ਇੰਨ੍ਹਾਂ ਲੋਕਾਂ ਲਈ ਰਿਹਾਇਸ਼ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ।
ਉਨ੍ਹਾਂ ਦਸਿਆ ਕਿ ਧੋਬੀਆਣਾ ਬਸਤੀ ਤੋਂ ਇਲਾਵਾ ਸੰਗੂਆਣਾ ਬਸਤੀ, ਸਾਈ ਨਗਰ ਆਦਿ ਖੇਤਰਾਂ ਵਿਚ ਗਰੀਬਾਂ ਦੇ ਘਰ ਢਾਹੇ ਜਾ ਰਹੇ ਹਨ। ਗਹਿਰੀ ਨੇ ਮੰਗ ਕੀਤੀ ਕਿ ਬੇਸ਼ੱਕ ਨਵੀਆਂ ਉਸਾਰੀਆਂ ਉਪਰ ਰੋਕ ਲਗਾ ਦਿੱਤੀ ਜਾਵੇ ਪ੍ਰੰਤੂ ਪੁਰਾਣੀਆਂ ਉਸਾਰੀਆਂ ਨੂੰ ਨਾ ਢਾਹਿਆ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਪੁਰਾਣੀਆਂ ਉਸਾਰੀਆਂ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਤਾਂ ਲੋਕ ਜਨ ਸ਼ਕਤੀ ਪਾਰਟੀ ਵੱਡਾ ਸੰਘਰਸ਼ ਵਿੱਢੇਗੀ। ਜਿਕਰਯੋਗ ਹੈ ਕਿ ਬੀਡੀਏ ਵਲੋਂ ਨੋਟਿਸ ਕੱਢਣ ਤੋਂ ਬਾਅਦ ਧੋਬੀਆਣਾ ਬਸਤੀ ਦੇ ਲੋਕਾਂ ਵਲੋਂ ਗਲੀ ਨੰਬਰ 5 ਕੋਲ ਸੰਘਰਸ ਵਿੱਢਿਆ ਹੋਇਆ ਹੈ।