
ਕਿਸਾਨਾਂ ਤੱਕ ਮਿਆਰੀ ਖਾਦਾਂ ਅਤੇ ਕੀਟਨਾਸ਼ਕਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਵਲੋਂ ਇਕ ਮੁਹਿੰਮ ਆਰੰਭੀ.......
ਸ੍ਰੀ ਮੁਕਤਸਰ ਸਾਹਿਬ : ਕਿਸਾਨਾਂ ਤੱਕ ਮਿਆਰੀ ਖਾਦਾਂ ਅਤੇ ਕੀਟਨਾਸ਼ਕਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਵਲੋਂ ਇਕ ਮੁਹਿੰਮ ਆਰੰਭੀ ਜਾ ਰਹੀ ਹੈ ਜਿਸ ਤਹਿਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੀ ਹਰ ਇਕ ਖਰੀਦਦਾਰੀ ਲਈ ਕਿਸਾਨ ਨੂੰ ਦੁਕਾਨਦਾਰ ਵਲੋਂ ਪੱਕਾ ਬਿੱਲ ਦਿਤਾ ਜਾਵੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਵਿਭਾਗ ਦੁਕਾਨਾਂ ਦੀ ਚੈਕਿੰਗ ਤਾਂ ਕਰੇਗਾ ਹੀ ਨਾਲ ਦੀ ਨਾਲ ਸ਼ਹਿਰੋਂ ਖਰੀਦਦਾਰੀ ਕਰ ਕੇ ਪਿੰਡ ਮੁੜ ਰਹੇ ਕਿਸਾਨਾਂ ਤੋਂ ਵੀ ਪੁੱਛ ਪੜਤਾਲ ਕਰੇਗਾ ਕਿ ਜੇਕਰ ਉਹ ਕੋਈ ਕੀਟਨਾਸ਼ਕ ਜਾਂ ਖਾਦ ਲੈ ਕੇ ਆ ਰਹੇ ਹਨ ਤਾਂ
ਉਨ੍ਹਾਂ ਨੂੰ ਦੁਕਾਨਦਾਰ ਨੇ ਬਿੱਲ ਦਿੱਤਾ ਹੈ ਜਾਂ ਨਹੀਂ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਰੀਦਦਾਰੀ ਸਮੇਂ ਪੱਕਾ ਬਿੱਲ ਜਰੂਰ ਲੈਣ ਕਿਉਂਕਿ ਪੱਕੇ ਬਿੱਲ ਨਾਲ ਖਰੀਦੀ ਗਈ ਖਾਦ ਜਾਂ ਦਵਾਈ ਦੀ ਸੁੱਧਤਾ ਯਕੀਨਨ ਚੰਗੀ ਹੋਵੇਗੀ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਦਸਿਆ ਕਿ ਜੋ ਵੀ ਦੁਕਾਨਦਾਰ ਕਿਸਾਨਾਂ ਨੂੰ ਪੱਕਾ ਬਿੱਲ ਨਹੀਂ ਦੇਵੇਗਾ ਉਸ ਵਿਰੁਧ ਖਾਦ ਕੰਟਰੋਲ ਹੁਕਮ 1985, ਇਨਸੈਕਟੀਸਾਈਡ ਐਕਟ 1968, ਸੀਡ ਕੰਟਰੋਲ ਆਰਡਰ 1983 ਅਤੇ ਜਰੂਰੀ ਵਸਤਾਂ ਸਬੰਧੀ ਕਾਨੂੰਨ 1955 ਤਹਿਤ ਵਿਭਾਗ ਵਲੋਂ ਸਖਤ ਕਰਵਾਈ ਕੀਤੀ ਜਾਵੇਗੀ। ਵਿਭਾਗ ਨੇ ਖੇਤੀ ਵਸਤਾਂ ਵੇਚਣ ਵਾਲਿਆਂ ਦੀ ਨਿਯਮਿਤ ਚੈਕਿੰਗ ਕਰਨ ਅਤੇ ਡੀਲਰਵਾਰ,
ਡਿਸਟ੍ਰੀਬਿਊਟਰ ਅਤੇ ਕੰਪਨੀ ਵਾਰ ਸੈਪਲਿੰਗ ਕੀਤੀ ਜਾਵੇ । ਸੈਪਲਿੰਗ ਦੇ ਮਹੀਨੇਵਾਰ ਟੀਚੇ ਪੂਰੇ ਕੀਤੇ ਜਾਣ ਬਾਚੇ ਜਾਂਚ ਟੀਮਾਂ ਨੂੰ ਹਦਾਇਤ ਕੀਤੀ ਹੈ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲਾਗੂ ਸਰਕਾਰੀ ਕਾਨੂੰਨਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉੁਣ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਵਲੋਂ ਸਿਫਾਰਸ਼ ਕੀਤੀਆਂ ਦਵਾਈਆਂ ਨਿਰਧਾਰਤ ਮਾਤਰਾ ਵਿਚ ਹੀ ਇਸਤੇਮਾਲ ਕਰਨ ਅਤੇ ਜੇਕਰ ਕੋਈ ਦੁਕਾਨਦਾਰ ਉਨ੍ਹਾਂ ਨੂੰ ਬੇਲੋੜੀਆਂ
ਦਵਾਈਆਂ ਖਰੀਦਣ ਲਈ ਮਜਬੂਰ ਕਰਦਾ ਹੈ ਤਾਂ ਤੁਰੰਤ ਇਸ ਦੀ ਸ਼ਿਕਾਇਤ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਜਾਂ ਬਲਾਕ ਦਫ਼ਤਰਾਂ ਵਿਚ ਕਰਨ।ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਵਿਚ ਦਾਣੇਦਾਰ ਜਹਿਰਾਂ ਨਾ ਵਰਤਨ ਦੀ ਸਲਾਹ ਵੀ ਦਿਤੀ ਹੈ। ਇਸ ਮੌਕੇ ਏ.ਡੀ.ਓ. ਕੁਲਦੀਪ ਸਿੰਘ ਜੌੜਾ, ਏਡੀਓ ਸਸੁਖਜਿੰਦਰ ਸਿੰਘ ਅਤੇ ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਕਰਨਜੀਤ ਸਿੰਘ ਵੀ ਹਾਜ਼ਰ ਸਨ।