
ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੀ 14 ਜੂਨ ਨੂੰ ਇਕ ਗ਼ੈਰਕਾਨੂੰਨੀ ਕਲੋਨੀ ਵਿਚ ਪੱਤਰਕਾਰ ਸੰਮੇਲਨ ਕਰਕੇ ਜਿਨ੍ਹਾਂ 8 ਅਫਸਰਾਂ ਨੂੰ ...
ਜਲੰਧਰ - ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੀ 14 ਜੂਨ ਨੂੰ ਇਕ ਗ਼ੈਰਕਾਨੂੰਨੀ ਕਲੋਨੀ ਵਿਚ ਪੱਤਰਕਾਰ ਸੰਮੇਲਨ ਕਰਕੇ ਜਿਨ੍ਹਾਂ 8 ਅਫਸਰਾਂ ਨੂੰ ਮੁਅਤਲ ਕੀਤਾ ਸੀ ਉਸ ਸਬੰਧੀ ਜਾਰੀ ਸੂਚੀ ਅਤੇ ਮੁਅੱਤਲੀ ਆਦੇਸ਼ਾਂ ਵਿਚ ਤਿੰਨ ਅਫਸਰਾਂ ਦੇ ਨਾਂ ਹੀ ਬਦਲ ਦਿੱਤੇ ਗਏ ਹਨ। ਇਸ ਕਾਰਨ ਸਿੱਧੂ ਅਤੇ ਸਰਕਾਰ ਵਿਚਾਲੇ ਆਪਸੀ ਤਾਲਮੇਲ ਦੀ ਘਾਟ ਜਾਂ ਸਥਾਨਕ ਵਿਧਾਇਕਾਂ ਦਾ ਜ਼ੋਰ ਚਲ ਜਾਣ ਦੀਆਂ ਚਰਚਾਵਾਂ ਨੂੰ ਹੋਰ ਬਲ ਮਿਲ ਰਿਹਾ ਹੈ ।
ਅੱਜ ਜਾਰੀ ਹੋਏ ਮੁਅੱਤਲੀ ਪੱਤਰਾਂ ਵਿਚ ਬਹੁਤ ਤਬਦੀਲੀ ਪਾਈ ਜਾ ਰਹੀ ਹੈ ਜਿਸ ਤਹਿਤ ਦੱਸਿਆ ਜਾ ਰਿਹਾ ਹੈ ਕਿ ਕੁਝ ਵਿਧਾਇਕਾਂ ਦੇ ਦਬਾਅ ਥੱਲੇ ਤਿੰਨ ਇੰਸਪੈਕਟਰਾਂ ਨੂੰ ਮੁਅਤਲ ਹੋਣੋ ਬਚਾ ਲਿਆ ਗਿਆ ਜਦ ਕਿ ਉਨ੍ਹਾਂ ਦੀ ਥਾਂ ਇਕ ਏਟੀਪੀ ਅਤੇ ਦੋ ਹੋਰ ਇੰਸਪੈਕਟਰਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਹੈ । ਸ਼ੁਕਰਵਾਰ ਨੂੰ ਸਥਾਨਕ ਸਰਕਾਰ ਵਿਭਾਗ ਵਲੋਂ ਜਾਰੀ ਮੁਅੱਤਲੀ ਪੱਤਰ ਅਨੁਸਾਰ ਐਸਟੀਪੀ ਮੋਨਿਕਾ ਆਨੰਦ, ਪਰਮਪਾਲ ਸਿੰਘ, ਐਮਟੀਪੀ ਮੇਹਰਬਾਨ ਸਿੰਘ, ਏਟੀਪੀ ਬਲਵਿੰਦਰ ਸਿੰਘ, ਏਟੀਪੀ ਨਰੇਸ਼ ਮਹਿਤਾ, ਏਟੀਪੀ ਬਾਂਕੇ ਬਿਹਾਰੀ, ਇੰਸਪੈਕਟਰ ਅਰੁਣ ਖੰਨਾ, ਇੰਸਪੈਕਟਰ ਵਰਿੰਦਰ ਕੌਰ ਅਤੇ ਏਡੀਐਫਓ ਕੇ.
ਐਲ ਕੱਕੜ ਨੂੰ ਮੁਅੱਤਲ ਕੀਤਾ ਗਿਆ ਹੈ। ਇਨ੍ਹਾਂ ਖਿਲਾਫ਼ ਇਲਜ਼ਾਮ ਹੈ ਕਿ ਸ਼ਹਿਰ ਵਿਚ ਗ਼ੈਰਕਾਨੂੰਨੀ ਕਾਲੋਨੀਆਂ ਦਾ ਨਿਰਮਾਣ ਹੋਣ ਦਿੱਤਾ ਗਿਆ । ਜਦ ਕਿ 14 ਜੂਨ ਨੂੰ ਸਿੱਧੂ ਨੇ ਪੱਤਰਕਾਰ ਸੰਮੇਲਨ ਦੌਰਾਨ ਜਿਨ੍ਹਾਂ ਦੀ ਮੁਅਤਲੀ ਦੇ ਆਦੇਸ਼ ਜਾਰੀ ਕੀਤੇ ਸਨ ਉਨ੍ਹਾਂ ਵਿਚ ਐਸਟੀਪੀ ਮੋਨਿਕਾ ਆਨੰਦ, ਪਰਮਪਾਲ ਸਿੰਘ, ਐਮਟੀਪੀ ਮੇਹਰਬਾਨ ਸਿੰਘ, ਏਟੀਪੀ ਬਲਵਿੰਦਰ ਸਿੰਘ, ਏਟੀਪੀ ਨਰੇਸ਼ ਮਹਿਤਾ ,
ਇੰਸਪੈਕਟਰ ਨੀਰਜ ਸ਼ਰਮਾ, ਇੰਸਪੈਕਟਰ ਅਜੀਤ ਸ਼ਰਮਾ ਅਤੇ ਇੰਸਪੈਕਟਰ ਪੂਜਾ ਮਾਨ ਦੇ ਨਾਂ ਸ਼ਾਮਿਲ ਸਨ। ਸਿੱਧੂ ਨੇ ਤਿੰਨ ਪੇਜ ਦਾ ਮੁਅੱਤਲੀ ਅਤੇ ਚਾਰਜਸ਼ੀਟ ਵਾਲੇ ਆਦੇਸ਼ ਮੀਡੀਆ ਨੂੰ ਮੁਹੱਈਆ ਕਰਵਾਏ ਸਨ। ਪਰ ਹੁਣ ਇਨ੍ਹਾਂ ਵਿਚੋਂ ਤਿੰਨ ਇੰਸਪੈਕਟਰਾਂ ਦੇ ਨਾਮ ਬਦਲ ਦਿੱਤੇ ਗਏ ਹਨ।