
ਕਈ ਘਰਾਂ 'ਚ ਬਿਜਲੀ ਦੀ ਸਪਲਾਈ ਜ਼ਿਆਦਾ ਹੋਣ ਕਾਰਨ ਧਮਾਕੇ ਹੋ ਗਏ ਤੇ ਘਰਾਂ ਦਾ ਸਾਰਾ ਸਾਮਾਨ ਸੜ ਗਿਆ ਤੇ ਘਰਾਂ ਵਿਚ ਲੱਗੇ ਸਵਿੱਚ ਤਕ ਵੀ ਟੁੱਟ ਗਏ।
ਗੁਰਦਾਸਪੁਰ (ਹੇਮੰਤ ਨੰਦਾ): ਬੀਤੇ ਦਿਨ ਦੁਪਹਿਰ 12.15 ਵਜੇ ਦੇ ਕਰੀਬ ਗੁਰਦਾਸਪੁਰ ਸ਼ਹਿਰ ਸਰਕਾਰੀ ਕਾਲਜ ਦੇ ਨਾਲ ਲਗਦੀ ਕਲੋਨੀ ਗਰੇਟਰ ਕੈਲਾਸ਼ 'ਚੋਂ ਲੰਘਦੀ 132 ਕੇ. ਵੀ. ਬਿਜਲੀ ਲਾਈਨ ਦੇ ਕੇਬਲ ਨਾਲ ਜੁੜ ਜਾਣ ਕਾਰਨ ਜਿਥੇ ਕਈ ਘਰਾਂ 'ਚ ਵੱਡਾ ਨੁਕਸਾਨ ਹੋਇਆ ਹੈ, ਉਸ ਦੇ ਨਾਲ ਹੀ ਸਰਨੇ ਤੋਂ ਨਿਕਲਦੀ ਇਹ ਹਾਈਵੋਲਟੇਜ਼ ਲਾਈਨ ਦੀ ਸਪਲਾਈ ਖ਼ਰਾਬ ਹੋਣ ਕਾਰਨ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ ਅਤੇ ਬਟਾਲਾ ਬਿਜਲੀ ਘਰਾਂ ਅਧੀਨ 4 ਸ਼ਹਿਰਾਂ ਅਤੇ ਸੈਂਕੜੇ ਪਿੰਡਾਂ ਦੀ ਬਿਜਲੀ ਗੁੱਲ ਹੋ ਗਈ। ਇਸ ਕਾਰਨ ਕਈ ਘਰਾਂ 'ਚ ਟਿਊਬਵੈੱਲਾਂ ਅਤੇ ਬੱਲਬਾਂ ਤੋਂ ਇਲਾਵਾ ਹੋਰ ਕਈ ਯੰਤਰ ਸੜ ਗਏ। ਇਥੋਂ ਤਕ ਕਿ ਕਈ ਘਰਾਂ 'ਚ ਬਿਜਲੀ ਦੀ ਸਪਲਾਈ ਜ਼ਿਆਦਾ ਹੋਣ ਕਾਰਨ ਧਮਾਕੇ ਹੋ ਗਏ ਤੇ ਘਰਾਂ ਦਾ ਸਾਰਾ ਸਾਮਾਨ ਸੜ ਗਿਆ ਤੇ ਘਰਾਂ ਵਿਚ ਲੱਗੇ ਸਵਿੱਚ ਤਕ ਵੀ ਟੁੱਟ ਗਏ।
Electricity
ਇਸ ਸਬੰਧੀ ਜਾਣਕਾਰੀ ਇਲਾਕਾ ਵਾਸੀਆਂ ਨੇ ਦਸਿਆ ਕਿ ਉਨ੍ਹਾਂ ਦੇ ਘਰਾਂ 'ਚ ਏ. ਸੀ., ਐੱਲ. ਈ. ਡੀ., ਫ਼ਰਿੱਜ, ਪੱਖੇ, ਟਿਊਬਾਂ ਸਮੇਤ ਹੋਰ ਕਈ ਸਾਮਾਨ ਸੜ ਗਿਆ। ਉਨ੍ਹਾਂ ਦਸਿਆ ਕਿ ਅਚਾਨਕ ਆਈ ਬਿਜਲੀ ਨਾਲ ਜਦੋਂ ਧਮਾਕੇ ਹੋਣੇ ਸ਼ੁਰੂ ਹੋਏ ਤਾਂ ਘਰ 'ਚ ਧੂੰਆਂ ਫੈਲ ਗਿਆ, ਜਿਸ ਕਾਰਨ ਘਰ ਦੇ ਮੈਂਬਰ ਘਬਰਾ ਕੇ ਬਾਹਰ ਆ ਗਏ। ਕਈ ਘਰਾਂ ਵਿਚ ਕੱਪੜਿਆਂ ਨੂੰ ਅੱਗ ਲੱਗ ਗਈ, ਜਿਸ ਨੂੰ ਬੜੀ ਮੁਸ਼ਕਲ ਨਾਲ ਬੁਝਾਇਆ ਗਿਆ। ਇਸ ਘਟਨਾ ਦੇ ਬਾਅਦ ਪਾਵਰਕਾਮ ਦੇ ਅਧਿਕਾਰੀ ਤੁਰਤ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।
Switch Board
ਇਸ ਸਬੰਧੀ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ ਪਾਵਰਕਾਮ ਦੇ ਐਡੀਸ਼ਨਲ ਐਸ. ਡੀ. ਓ. ਜਤਿੰਦਰ ਸ਼ਰਮਾ ਨੇ ਕਿਹਾ ਕਿ ਇਸ ਕਾਲੋਨੀ 'ਚੋਂ ਬਿਜਲੀ ਦੀ 1 ਲੱਖ 32 ਹਜ਼ਾਰ ਵੋਲਟੇਜ਼ ਵਾਲੀ ਲਾਈਨ ਲੰਘਦੀ ਹੈ, ਜੋ ਸਰਨੇ ਤੋਂ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ ਅਤੇ ਬਟਾਲਾ ਆਦਿ ਸ਼ਹਿਰਾਂ ਨੂੰ ਬਿਜਲੀ ਸਪਲਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਹਾਈਵੋਲਟੇਜ਼ ਲਾਈਨ ਦੇ ਹੇਠਾਂ ਕੇਬਲ ਅਪਰੇਟਰ ਨੇ ਕੇਬਲ ਤਾਰ ਕੱਢੀ ਹੋਈ ਸੀ, ਜਿਸ ਵਿਚੋਂ ਸਿਰਫ਼ 12 ਵੋਲਟ ਦੇ ਕਰੀਬ ਸਪਲਾਈ ਲੰਘਦੀ ਹੈ ਪਰ ਇਨ੍ਹਾਂ ਦੋਹਾਂ ਲਾਈਨਾਂ ਵਿਚਕਾਰ ਗੈਪ ਘੱਟ ਹੋਣ ਕਾਰਨ ਅੱਜ ਕੇਬਲ ਤਾਰ ਇਨ੍ਹਾਂ ਤਾਰਾਂ ਨਾਲ ਜੁੜ ਗਈ, ਜਿਸ ਕਾਰਨ ਇਹ ਹੈਵੀ ਵੋਲਟੇਜ਼ ਕੇਬਲ ਤਾਰ ਰਾਹੀਂ ਹੁੰਦੀ ਹੋਈ ਘਰਾਂ ਵਿਚ ਪਹੁੰਚ ਗਈ ਅਤੇ ਜਿਹੜੇ ਘਰਾਂ 'ਚ ਸਿਰਫ਼ 220 ਵੋਲਟ ਸਪਲਾਈ ਜਾਂਦੀ ਹੈ, ਉਨ੍ਹਾਂ 'ਚ 1 ਲੱਖ 32 ਹਜ਼ਾਰ ਵੋਲਟੇਜ਼ ਪਹੁੰਚ ਜਾਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿਤਾ ਗਿਆ ਹੈ, ਜਿਨ੍ਹਾਂ ਵਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।